ਵਿਧਾਨਸਭਾ ਚੋਣਾਂ: ਕਿਸ ਪਾਰਟੀ ਦੇ ਸਿਰ ਤੇ ਸਜੇਗਾ ਤਾਜ? ਵੱਖ-ਵੱਖ ਪਾਰਟੀਆਂ ਦੇ ਦਾਅਵਿਆਂ ਵਿੱਚ ਉਲਝੀ ਤਾਣੀ, ਵੋਟਰ ਦੀ ਚੁੱਪੀ ਨੇ ਸਿਆਸੀ ਆਗੂਆਂ ਦੇ ਸਾਹ ਸੂਤੇ

ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 30 ਜਨਵਰੀ

ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਭਾਵੇਂ ਭਾਵੇਂ ਵੱਖ ਵੱਖ ਧਿਰਾਂ ਵਲੋਂ ਆਪਣੀ ਦਾਅਵੇਦਾਰੀ ਜਤਾਈ ਜਾ ਰਹੀ ਹੈ ਪਰੰਤੂ ਹੁਣ ਤਕ ਸੂਬੇ ਦੇ ਰਾਜਨੀਤਿਕ ਹਾਲਾਤ ਕਿਸੇ ਇਕ ਪਾਰਟੀ ਦੀ ਸਰਕਾਰ ਬਣਨ ਜਾਂ ਨਾ ਬਣਨ ਸੰਬੰਧੀ ਕੋਈ ਇਸ਼ਾਰਾ ਨਹੀਂ ਦੇ ਰਹੇ ਅਤੇ ਸੂਬੇ ਦੀ ਸਿਆਸਤ ਪੰਜਾਬ ਦੀ ਸੱਤਾਧਾਰੀ ਧਿਰ ਅਕਾਲੀ ਭਾਜਪਾ ਗਠਜੋੜ ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਸੱਤਾ ਦੀ ਇੱਕ ਹੋਰ ਦਾਅਵੇਦਾਰ ਆਮ ਆਦਮੀ ਪਾਰਟੀ ਦੇ ਤਿਕੌਣੇ ਮੁਕਾਬਲੇ ਵਿੱਚ ਉਲਝ ਕੇ ਰਹਿ ਗਈ ਹੈ| ਇਹਨਾਂ ਤਿੰਨਾਂ ਹੀ ਧਿਰਾਂ ਵਲੋਂ ਸੂਬੇ ਵਿੱਚ ਆਪਣੀ ਆਪਣੀ ਸਰਕਾਰ ਕਾਇਮ ਹੋਣ ਦੇ ਦਾਅਵਿਆਂ ਦੇ ਵਿਚਕਾਰ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਮਘਾ ਦਿੱਤਾ ਗਿਆ ਹੈ ਪਰੰਤੂ ਸੂਬੇ ਦੇ ਵੋਟਰ ਦੇ ਮਨ ਦੀ ਥਾਹ ਕਿਸੇ ਨੂੰ ਵੀ ਨਹੀਂ ਲੱਗ ਪਾ ਰਹੀ ਹੈ ਅਤੇ ਇਸ ਸੰਬੰਧੀ ਪੂਰੀ ਤਰ੍ਹਾਂ ਭੰਬਲਭੂਸੇ ਵਾਲੀ ਹਾਲਤ ਹੀ ਬਣੀ ਹੋਈ ਹੈ|
ਪੰਜਾਬ ਦੀ ਸੱਤਾਧਾਰੀ ਧਿਰ               ਭਾਵੇਂ ਅਕਾਲੀ ਭਾਜਪਾ ਗਠਜੋੜ ਨੂੰ ਇਸ ਵਾਰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਦੀ ਕਾਰਗੁਜਾਰੀ ਖਿਲਾਫ ਆਮ ਲੋਕਾਂ ਦਾ ਗੁੱਸਾ ਵੀ ਸਾਫ ਝਲਕਦਾ ਹੈ ਪਰ ਇਸ ਦੇ ਬਾਵਜੂਦ ਅਕਾਲੀ ਭਾਜਪਾ ਗਠਜੋੜ ਵਲੋਂ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਗਠਜੋੜ ਦਾ ਦਾਅਵਾ ਹੈ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਦਾ ਫਾਇਦਾ ਗਠਜੋੜ ਦੇ ਉਮੀਦਵਾਰਾਂ ਨੂੰ ਮਿਲੇਗਾ ਅਤੇ ਜਨਤਾ ਇੱਕ ਵਾਰ ਫਿਰ ਗਠਜੋੜ ਨੂੰ ਸੱਤਾ ਸੰਭਾਲੇਗੀ|
ਦੂਜੇ ਪਾਸੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਧੂੰਆ ਧਾਰ ਤਰੀਕੇ ਨਾਲ ਚਲਾਈ ਜਾ ਰਹੀ ਚੋਣ ਮੁਹਿੰਮ ਵੀ ਪੂਰਾ ਪ੍ਰਭਾਵ ਛੱਡ ਰਹੀ ਹੈ| ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਕਾਜ ਦੋਰਾਨ ਪੰਜਾਬ ਵਿੱਚ ਵਧੀ ਨਸ਼ਿਆਂ ਦੀ ਸੱਮਸਿਆ,           ਰੇਤਾ ਬਜਰੀ ਮਾਫੀਆਂ, ਗੁੰਡਾਗਰਦੀ,  ਬੇਰੁਜਗਾਰੀ, ਮਾੜੀ ਕਾਨੂੰਨ ਵਿਵਸਥਾ ਅਤੇ ਸੂਬੇ ਦੀ ਜਨਤਾ ਤੇ ਲਾਏ ਅਥਾਹ ਟੈਕਸਾ ਦਾ ਜਵਾਬ ਦੇਣ ਲਈ ਮਨ ਬਣਾ ਚੁੱਕੀ ਹੈ ਅਤੇ ਇਸ ਵਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ| ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਪਾਰਟੀ ਵੱਲੋਂ ਅਗਲੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਰੂਪ ਵਿੱਚ ਵੀ ਐਲਾਨਿਆ ਜਾ ਚੁੱਕਿਆਂ ਹੈ ਅਤੇ ਸਾਬਕਾ ਕ੍ਰਿਕੇਟਰ ਸ੍ਰ. ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਦੀ ਆਪਣਾ ਅਸਰ ਛੱਡ ਰਹੀਆਂ ਹਨ ਜਿਸ ਨਾਲ ਕਾਂਗਰਸ ਪਾਰਟੀ ਦੀ ਸਥਿਤੀ ਮਜਬੂਤ ਨਜ਼ਰ ਆ ਰਹੀ ਹੈ|
ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਆਪਣੀ ਸਿਆਸੀ ਪਕੜ ਮਜਬੂਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਥਿਤੀ ਵੀ ਕਾਫੀ ਮਜਬੂਤ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਭਾਵੇਂ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਦਾ ਨਾਮ ਸਾਮ੍ਹਣੇ ਨਹੀਂ ਲਿਆਂਦਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਜਿਸ ਤਰੀਕੇ ਨਾਲ ਲੋਕਾਂ ਦਾ ਰੁੱਖ ਨਜ਼ਰ ਆ ਰਿਹਾ ਹੈ ਉਹ ਰਵਾਇਤੀ ਪਾਰਟੀਆਂ ਲਈ ਖਤਰੇ ਦੀ ਘੰਟੀ ਵਾਂਗ ਹੈ| ਪੰਜਾਬ ਵਿੱਚ ਆਮ ਚਰਚਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੀਆਂ ਸਰਾਕਾਰਾਂ ਦੀ ਮਾੜੀ ਕਾਰਗੁਜਾਰੀ ਤੋਂ ਤੰਗ ਪੰਜਾਬ ਦੀ ਜਨਤਾ ਇਸ ਵਾਰ ਆਮ ਆਦਮੀ ਪਾਰਟੀ ਨੂੰ ਇਕ ਬਦਲ ਵੱਜੋਂ ਲੈ ਰਹੇ ਹਨ ਅਤੇ ਆਮ-ਆਦਮੀ ਪਾਰਟੀ ਦੇ ਆਗੂ ਇਹ ਦਾਅਵੇ ਕਰ ਰਹੇ ਹਨ ਕਿ ਇਸ ਵਾਰ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣਨੀ ਤੈਅ ਹੈ|
ਜੇਕਰ ਰੈਲੀਆਂ ਵਿੱਚ ਹੋਣ ਵਾਲੇ ਇੱਕਠਾਂ ਵੱਲ ਵੇਖੀਏ ਜਿਥੇ ਮਾਝੇ ਅਤੇ ਦੁਆਬੇ ਵਿੱਚ ਕਾਂਗਰਸ ਪਾਰਟੀ ਦੀਆਂ ਰੈਲੀਆਂ ਵਿੱਚ ਸਭ ਤੋਂ ਵੱਧ ਭੀੜ ਜੁਟਦੀ ਨਜ਼ਰ ਆ ਰਹੀ ਹੈ ਉੱਥੇ ਮਾਲਵੇ ਵਿੱਚ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਹੋਣ ਵਾਲਾ ਇੱਕਠ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਰਿਹਾ ਹੈ| ਅਕਾਲੀ ਭਾਜਪਾ ਗਠਜੋੜ ਨੂੰ ਸਿਆਸੀ ਰੈਲੀਆਂ ਦੇ ਮਾਮਲੇ ਵਿੱਚ ਇਸ ਵਾਰ ਕਾਫੀ ਨਿਰਾਸ਼ਾ ਝੱਲਣੀ ਪੈ ਰਹੀ ਹੈ ਅਤੇ ਬੀਤੇ ਦਿਨੀਂ ਜਲੰਧਰ ਵਿੱਚ ਹੋਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਰੈਲੀ ਵੀ ਗਿਣਤੀ ਪੱਖੋਂ ਫਿੱਕੀ ਸਾਬਿਤ ਹੋਈ ਸੀ|
ਇਹਨਾਂ ਤਮਾਮ ਦਾਅਵਿਆਂ ਦੇ ਦੌਰਾਨ ਆਮ ਵੋਟਰਾਂ (ਜਿਹੜੇ ਕਿਸੇ ਵੀ ਪਾਰਟੀ ਵਿਸ਼ੇਸ਼ ਦੇ ਸਮਰਥਕ ਨਹੀਂ ਹਨ) ਵੱਲੋਂ ਧਾਰੀ ਗਈ ਚੁੱਪੀ ਸਿਆਸੀ ਮਾਹਿਰਾਂ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੀ ਹੈ ਅਤੇ ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਕਿ ਪੰਜਾਬ ਵਿੱਚ ਅਗਲੀ ਵਾਰ ਕਿਹੜੀ ਪਾਰਟੀ ਸੱਤਾ ਵਿੱਚ ਆ ਰਹੀ ਹੈ| ਸਿਆਸੀ ਮਾਹਿਰ ਇੰਨਾ ਜ਼ਰੂਰ ਕਹਿੰਦੇ ਹਨ ਕਿ ਵੋਟਰਾਂ ਦੇ ਇਹ ਚੁੱਪ ਇਹ ਜਾਹਿਰ ਕਰਦੀ ਹੈ ਕਿ ਵੋਟਰ ਨੇ ਆਪਣਾ ਮਨ ਬਣਾ ਲਿਆ ਹੈ ਅਤੇ ਉਸ ਵੱਲੋਂ ਆਪਣਾ ਫੈਸਲਾ ਵੋਟਾਂ ਵਾਲੇ ਦਿਨ ਹੀ ਜਾਹਿਰ ਕੀਤਾ ਜਾਣਾ ਹੈ ਅਤੇ ਦੇਖਣਾ ਇਹ ਹੈ ਕਿ ਪੰਜਾਬ ਦੇ ਵੋਟਰ ਹੁਣ ਕਿਸ ਪਾਰਟੀ ਦੇ ਸਿਰ ਤੇ ਤਾਜ਼ ਰੱਖਦੇ ਹਨ|

Leave a Reply

Your email address will not be published. Required fields are marked *