ਵਿਧਾਨਸਭਾ ਚੋਣਾਂ : ਫੈਸਲਾਕੁੰਨ ਸਾਬਿਤ ਹੋ ਸਕਦੀਆਂ ਹਨ ਰਾਮਗੜ੍ਹੀਆ ਬਿਰਾਦਰੀ ਦੀਆਂ ਵੋਟਾਂ ਰਾਮਗੜ੍ਹੀਆ ਸਭਾ ਦੀ ਭਲਕੇ ਹੋਣ ਵਾਲੀ ਕਾਰਜਕਾਰਨੀ ਕਮੇਟੀ ਦੀ ਮਿਟੰਗ ਵਿੱਚ ਹੋ ਸਕਦਾ ਹੈ ਫੈਸਲਾ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 9 ਜਨਵਰੀ

ਆਉਣ ਵਾਲੀ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਜੋਰਾਂ ਤੇ ਹਨ ਅਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਵੋਟਰਾਂ ਨਾਲ ਸੰਪਰਕ ਬਣਾਉਣ ਲਈ ਕਾਰਵਾਈਆਂ ਤੇਜ ਕਰ ਦਿੱਤੀਆਂ ਗਈਆਂ ਹਨ|  ਜੇਕਰ ਐਸ ਏ ਐਸ ਨਗਰ ਵਿਧਾਨਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਵਿੱਚ ਐਸ ਏ ਐਸ ਨਗਰ ਸ਼ਹਿਰ ਤੋਂ ਇਲਾਵਾ ਮੁਹਾਲੀ ਤਹਿਸੀਲ ਦੇ ਸਾਰੇ ਪਿੰਡ ਸ਼ਾਮਿਲ ਹਨ| ਚੋਣ ਕਮਿਸ਼ਨ ਵਲੋਂ ਬੀਤੀ 5 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਗਈ ਵੋਟਰ ਸੂਚੀ ਅਨੁਸਾਰ ਹਲਕੇ ਵਿੱਚ ਕੁਲ ਵੋਟਰਾਂ ਦੀ ਗਿਣਤੀ 206133 ਹੈ| ਇਸ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 108312 ਹੈ ਜਦੋਂਕਿ 97817 ਮਹਿਲਾ ਵੋਟਰ ਹਨ| ਹਲਕੇ ਵਿੱਚ ਵੋਟਾਂ ਪਾਉਣ ਲਈ ਕੁਲ 225 ਪੋਲਿੰਗ ਬੂਥ ਬਣਾਏ ਗਏ ਹਨ|
ਸਾਡੇ ਹਲਕੇ ਵਿੱਚ ਰਾਮਗੜ੍ਹੀਆ ਭਾਈਚਾਰੇ ਦੀਆਂ ਵੋਟਾਂ ਦੀ ਗਿਣਤੀ ਕਾਫੀ ਹੈ ਅਤੇ ਰਾਮਗੜ੍ਹੀਆ ਭਾਈਚਾਰੇ ਦਾ ਆਪਸੀ ਤਾਮੇਲ ਵੀ ਹੋਰਨਾਂ ਭਾਈਚਾਰਿਆਂ ਦੇ ਮੁਕਾਬਲੇ ਕੁੱਝ ਜਿਆਦਾ ਹੈ| ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਰਾਮਗੜ੍ਹੀਆਂ ਬਿਰਾਦਰੀ ਦੀਆਂ ਵੋਟਾਂ ਦਾ ਅੰਕੜਾ 40 ਹਜਾਰ ਤੋਂ ਵੀ ਵੱਧ ਹੈ| ਹਾਲਾਂਕਿ ਹੋਰਨਾਂ ਭਾਈਚਾਰਿਆਂ ਵਾਂਗ ਰਾਮਗੜ੍ਹੀਆ ਭਾਈਚਾਰੇ ਵਿੱਚ ਵੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਕਟੱੜ ਸਮਰਥਕ ਮੌਜੂਦ ਹਨ ਪਰੰਤੂ ਇਸਦੇ ਬਾਵਜੂਦ ਇਸ ਭਾਈਚਾਰੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਜਿਹੜੇ ਕਿਸੇ ਵੀ ਪਾਰਟੀ ਵਿਸ਼ੇਸ਼ ਦਾ ਸਮਰਥਨ ਨਹੀਂ ਕਰਦੇ ਅਤੇ ਉਹਨਾਂ ਦੀਆਂ ਵੋਟਾਂ ਭਾਈਚਾਰੇ ਦੀ ਆਪਸੀ ਸਲਾਹ ਨਾਲ ਵੀ ਭੁਗਤਦੀਆਂ ਹਨ|
ਸਥਾਨਕ ਫੇਜ਼ 3 ਬੀ 1 ਵਿੱਚ ਸਥਿਤ ਰਾਮਗੜ੍ਹੀਆ ਸਭਾ ਇੱਕ ਅਜਿਹੀ ਸੰਸਥਾ ਹੈ ਜਿਹੜੀ ਮੁੱਖ ਤੌਰ ਤੇ ਸ਼ਹਿਰ ਦੇ ਰਾਮਗੜ੍ਹੀਆ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਹੈ| ਇਹ ਸੰਸਥਾ ਭਾਵੇਂ ਗੈਰ ਰਾਜਨੀਤਿਕ ਹੈ ਅਤੇ ਇਸ ਵਲੋਂ ਨਿਰੋਲ ਧਾਰਮਿਕ ਜਾਂ ਆਪਣੇ ਭਾਈਚਾਰੇ ਦੀ ਭਲਾਈ ਨਾਲ ਜੁੜੀਆਂ ਸਰਗਰਮੀਆਂ ਹੀ ਕੀਤੀਆਂ ਜਾਂਦੀਆਂ ਹਨ ਪਰੰਤੂ ਚੋਣਾਂ ਦੇ ਨਾਲ ਹੀ ਇਸ ਉੱਪਰ ਵੀ ਰਾਜਨੀਤਿਕ ਰੰਗ ਚੜ੍ਹਣ ਲੱਗ ਜਾਂਦਾ ਹੈ| ਵਿਧਾਨਸਭਾ ਚੋਣਾਂ ਹੋਣ ਜਾਂ ਫਿਰ ਨਗਰ ਨਿਗਮ (ਪਹਿਲਾਂ ਕੌਂਸਲ) ਚੋਣਾਂ, ਰਾਮਗੜ੍ਹੀਆ ਸਭਾ ਵਲੋਂ ਵੱਖ ਵੱਖ ਚੋਣਾਂ ਮੌਕੇ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਬਾਕਾਇਦਾ ਮਤਾ ਪਾਸ ਕਰਕੇ ਉਹਨਾਂਨੂੰਸਮਰਥਨ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਵਾਰ ਹੋਣ ਵਾਲੀਆਂ ਵਿਧਾਨਸਭਾ ਚੋਣਾ ਤੋਂ ਪਹਿਲਾਂ ਰਾਮਗੜ੍ਹੀਆ ਸਭਾ ਵਲੋਂ ਇਸ ਸੰਬੰਧੀ ਕੋਈ ਫੈਸਲਾ ਕਰਕੇ ਇਸ ਸੰਬੰਧੀ ਐਲਾਨ ਕੀਤਾ ਜਾਵੇ|
ਜੇਕਰ ਪਿਛਲੀ ਗੱਲ ਕਰੀਏ ਤਾਂ 2002 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਮੌਕੇ ਰਾਮਗੜ੍ਹੀਆ ਸਭਾ ਵਲੋਂ ਖੁੱਲ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬੀਰਦਵਿੰਦਰ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਗਿਆ ਸੀ ਅਤੇ ਸ੍ਰ. ਬੀਰ ਦਵਿੰਦਰ ਸਿੰਘ ਨੂੰ ਜਿੱਤ ਵੀ ਹਾਸਿਲ ਹੋਈ ਸੀ| ਸਾਲ 2007 ਵਿੱਚ ਵੀ ਸਭਾ ਵਲੋਂ ਮੌਜੂਦਾ ਵਿਧਾਇਕ ਅਤੇ ਉਸ ਵੇਲੇ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੁ ਨੂੰ ਸਮਰਥਨ ਦਿੱਤਾ ਗਿਆ ਸੀ ਅਤੇ ਸ੍ਰ. ਸਿੱਧੂ ਵੀ ਚੋਣ ਜਿੱਤੇ ਸਨ| ਪਿਛਲੀ ਵਾਰ (2012 ਵਿੱਚ) ਹੋਈਆਂ ਵਿਧਾਨਸਭਾ ਚੋਣਾਂ ਮੌਕੇ ਰਾਮਗੜ੍ਹੀਆ ਸਭਾ ਵਲੋਂ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਦੇਣ ਤੋਂ ਟਾਲਾ ਵੱਟ ਲਿਆ ਗਿਆ ਸੀ ਅਤੇ ਬਿਰਾਦਰੀ ਨੂੰ ਆਪਣੇ ਪੱਧਰ ਤੇ ਫੈਸਲਾ ਲੈਣ ਦੀ ਅਪੀਲ ਕਰ ਦਿੱਤੀ ਗਈ ਸੀ| ਹਾਲਾਂਕਿ ਬਾਅਦ ਵਿੱਚ ਆਖਿਰੀ ਮੌਕੇ ਤੇ ਸਭਾ ਵਲੋਂ ਅਕਾਲੀ ਦਲ ਦੇ ਉਮੀਦਵਾਰ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੂੰ ਸਮਰਥਨ ਦੇਣ ਦੀ ਗੱਲ ਵੀ ਹੋਈ ਸੀ ਪਰੰਤੂ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਾ ਹੋਣ ਨਾਲ ਭਾJਚਾਰੇ ਦੀਆਂ ਵੋਟਾਂ ਵੰਡੀਆ ਗਈਆਂ ਸਨ ਅਤੇ ਅਕਾਲੀ ਉਮੀਦਵਾਰ ਨੂੰ ਇਸਦਾ ਫਾਇਦਾ ਨਹੀਂ ਮਿਲਿਆ ਸੀ| ਪਿਛਲੀ ਵਾਰ ਵੀ ਸ੍ਰ. ਬਲਬੀਰ ਸਿੰਘ ਸਿੱਧੂ ਇੱਥੋਂ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਸਨ|
ਜੇਕਰ ਮੌਜੂਦ ਹਾਲਾਤ ਦੀ ਗੱਲ ਕਰੀਏ ਤਾਂ ਇਸ ਵਾਰ ਰਾਮਗੜ੍ਹੀਆ ਸਭਾ ਦੀ ਪ੍ਰਬੰਧਕੀ ਅਤੇ ਕਾਰਜਕਾਰਨੀ ਕਮੇਟੀ ਵਿੱਚ ਅਕਾਲੀ ਸਮਰਥਕ ਆਗੂਆਂ ਦੀ ਗਿਣਤੀ ਜਿਆਦਾ ਹੈ ਅਤੇ ਅਕਾਲੀ ਦਲ ਦੇ ਸਮਰਥਕ ਇਹ ਮੰਨ ਕੇ ਚਲ ਰਹੇ ਹਨ ਕਿ ਰਾਮਗੜ੍ਹੀਆ ਸਭਾ ਵਲੋਂ ਉਹਨਾਂ ਦੇ ਉਮੀਦਵਾਰ ਨੂੰ ਸਮਰਥਨ ਮਿਲ ਸਕਦਾ ਹੈ| ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸਮਰਥਕਾਂ ਦਾ ਤਰਕ ਹੈ ਕਿ ਸਭਾ ਵਲੋਂ ਵਿਧਾਇਕ ਸ੍ਰ. ਬਲਬੀਰ ਸਿੰਘ ਦੇ ਕਾਰਜਕਾਲ ਦੌਰਾਨ ਕੀਤੀ ਕਾਰਗੁਜਾਰੀ ਦੇ ਆਧਾਰ ਤੇ ਆਪਣਾ ਸਮਰਥਨ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ| ਇਸ ਵਾਰ ਆਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਹੈ ਜਿਸ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਰਵਾਇਤੀ ਰਾਜਨੀਤੀ ਦਾ ਬਦਲ ਬਣ ਕੇ ਆਈ ਹੈ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਇਹ ਮੰਨ ਕੇ ਚਲ ਰਹੇ ਹਨ ਕਿ ਰਾਮਗੜ੍ਹੀਆ ਭਾਈਚਾਰੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਸਭਾਂ ਵਲੋਂ ਉਹਨਾਂ ਦੇ ਉਮੀਦਵਾਰ ਦੀ ਹਿਮਾਇਤ ਦਾ ਫੈਸਲਾ ਕੀਤਾ ਜਾ ਸਕਦਾ ਹੈ|
ਮਾਣਯੋਗ ਸੁਪਰੀਮ ਕੋਰਟ ਵਲੋਂ ਭਾਵੇਂ ਕੁੱਝ ਦਿਨ ਪਹਿਲਾਂ ਦਿੱਤੇ ਇੱਕ ਫੈਸਲੇ ਵਿੱਚ ਚੋਣ ਲੜਣ ਵਾਲੇ ਉਮੀਦਵਾਰਾਂ ਤੇ ਜਾਤੀ, ਧਰਮ, ਫਿਰਕੇ ਅਤੇ ਭਾਸ਼ਾ ਦੇ ਆਧਾਰ ਤੇ ਵੋਟਾਂ ਮੰਗਣ ਦੀ ਕਾਰਵਾਈ ਤੇ ਰੋਕ ਲਗਾਈ ਜਾ ਚੁੱਕੀ ਹੈ ਪਰੰਤੂ ਇਸਦੇ ਬਾਵਜੂਦ ਉਮੀਦਵਾਰਾਂ ਦੀ ਸਿਆਸੀ ਜੋੜ ਤੋੜ ਹੁਣੇ ਵੀ ਇਹਨਾਂ ਤੇ ਹੀ ਆਧਾਰਿਤ ਹੁੰਦਾ ਹੈ| ਅਜਿਹੇ ਵਿੱਚ ਰਾਮਗੜ੍ਹੀਆ ਸਭਾ ਦਾ ਸਮਰਥਨ ਹਲਕੇ ਵਿੱਚੋਂ ਚੋਣ ਲੜਣ ਵਾਲੇ ਉਮੀਦਵਾਰਾਂ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਸਾਰੇ ਹੀ ਉਮੀਦਵਾਰਾਂ ਵਲੋਂ ਅੰਦਰਖਾਤੇ ਰਾਮਗੜ੍ਹੀਆ ਸਭਾ ਦਾ ਸਮਰਥਨ ਹਾਸਿਲ ਕਰਨ ਲਈ ਆਪਣਾ ਪੂਰਾ ਜੋਰ ਲਗਾਇਆ ਜਾ ਰਿਹਾ ਹੈ|
ਇਸ ਸੰਬੰਧੀ ਸੰਪਰਕ ਕਰਨ ਤੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ ਨੇ ਕਿਹਾ ਕਿ ਰਾਮਗੜ੍ਹੀਆ ਸਭਾ ਇੱਕ ਨਿਰੋਲ ਗੈਰ ਰਾਜਨੀਤਿਕ ਸੰਸਥਾ ਹੈ| ਉਹਨਾਂ ਮੰਨਿਆ ਕਿ ਰਾਮਗੜ੍ਹੀਆ ਸਭਾ ਵੱਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਨੁੰ ਆਪਣਾ ਸਮਰਥਨ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਵਾਰ ਵੀ ਅਜਿਹਾ ਹੋ ਸਕਦਾ ਹੈ| ਉਹਨਾਂ ਦੱਸਿਆ ਕਿ ਇਸ ਸੰਬੰਧੀ ਵਿਚਾਰ ਕਰਨ ਲਈ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਵਿੱਚ ਮੌਜੂਦਾ ਰਾਜਨੀਤਿਕ ਹਾਲਾਤ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਗੁਣ ਦੋਸ਼ਾਂ ਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ| ਉਹਨਾਂ ਇਹ ਵੀ ਕਿਹਾ ਕਿ ਜਰੂਰੀ ਨਹੀਂ ਹੈ ਕਿ ਸਭਾ ਵਲੋਂ ਕਿਸੇ ਉਮੀਦਵਾਰ                 ਵਿਸ਼ੇਸ਼ ਦਾ ਸਮਰਥਨ ਕੀਤਾ ਹੀ ਜਾਵੇ ਬਲਕਿ ਮੀਟਿੰਗ ਵਿੱਚ ਸਰਵਸੰਮਤੀ ਨਾਲ ਜੋ ਰਾਏ ਉਭਰ ਕੇ ਆਵੇਗੀ ਉਸ ਤੇ ਅਮਲ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *