ਵਿਧਾਨਸਭਾ ਵਿੱਚ ਹੁੰਦੀ ਤਲਖ- ਕਲਾਮੀ ਅਤੇ ਮਰਿਆਦਾ ਦਾ ਮੁੱਦਾ

ਪੰਜਾਬ ਵਿਧਾਨਸਭਾ ਦਾ ਬਜਟ ਸੈਸ਼ਨ ਚਲ ਰਿਹਾ ਹੈ ਅਤੇ ਇਸ ਸੈਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਜਿੰਨੇ ਦਿਨ ਵੀ ਸਦਨ ਜੁੜਿਆ ਹੈ ਸੱਤਾਧਾਰੀਆਂ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦਰਮਿਆਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਤਲਖ-ਕਲਾਮੀ ਚਲਦੀ ਰਹੀ ਹੈ ਜਿਸ ਕਾਰਨ ਹਰ ਦਿਨ ਹੀ ਸਦਨ ਦੀ ਕਾਰਵਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਰਹੀ ਹੈ| ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿੱਚ ਹੋਣ ਵਾਲੀ ਇਹ ਤਲਖ-ਕਲਾਮੀ ਇਸ ਹੱਦ ਤਕ ਵੱਧ ਗਈ ਹੈ ਕਿ ਦੋਵੇਂ ਧਿਰਾਂ ਇੱਕ ਦੂਜੇ ਦੇ ਖਿਲਾਫ ਰੱਜ ਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਹੀਆਂ ਹਨ ਅਤੇ ਇੱਕ ਦੂਜੇ ਉੱਪਰ ਸਦਨ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦਾ ਇਲਜਾਮ ਵੀ ਲਗਾ ਰਹੀਆਂ ਹਨ|
ਇਸ ਦੌਰਾਨ ਜਿੱਥੇ ਸੱਤਾਧਾਰੀਆਂ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਬਾਕਾਇਦਾ ਹੱਥੋਪਾਈ ਤਕ ਦੀ ਨੌਬਤ ਬਣਦੀ ਦਿਖੀ ਹੈ ਉੱਥੇ ਵਿਧਾਨਸਭਾ ਦੇ ਸਪੀਕਰ ਨੂੰ ਵਿਧਾਇਕਾਂ ਵਿਚਾਲੇ ਵੱਧਦੇ ਟਕਰਾਅ ਅਤੇ ਸਦਨ ਵਿੱਚ ਵੱਧਦੇ ਹੰਗਾਮੇ ਤੇ ਕਾਬੂ ਕਰਨ ਲਈ ਸਦਨ ਦੀ ਕਾਰਵਾਈ ਨੂੰ ਵਾਰ ਵਾਰ ਮੁਲਤਵੀ ਕਰਨ ਲਈ ਵੀ ਮਜਬੂਰ ਹੋਣਾ ਪਿਆ ਹੈ| ਪਰੰਤੂ ਇਸਦੇ ਬਾਵਜੂਦ ਨਾ ਤਾਂ ਸੱਤਾ ਪੱਖ ਵਿਰੋਧੀ ਧਿਰ ਦੇ ਦਬਾਓ ਨੂੰ ਸਹਿਣ ਕਰਦਾ ਦਿਖਦਾ ਹੈ ਅਤੇ ਨਾ ਹੀ ਵਿਰੋਧੀ ਧਿਰ ਝੁਕਣ ਲਈ ਤਿਆਰ ਨਜਰ ਆ ਰਹੀ ਹੈ|
ਇਹਨਾਂ ਦੋਵਾਂ ਧਿਰਾਂ ਵਲੋਂ ਇੱਕ ਦੂਜੇ ਦੇ ਖਿਲਾਫ ਕੀਤੀਆਂ ਜਾਣ ਵਾਲੀਆਂ ਇਹਨਾਂ ਕਾਰਵਾਈਆਂ ਕਾਰਨ ਸਦਨ ਦਾ ਮਾਹੌਲ ਜਰੂਰ ਖਰਾਬ ਹੋ ਰਿਹਾ ਹੈ| ਵਿਧਾਨਸਭਾ ਵਿੱਚ ਇਸ ਤਰੀਕੇ ਨਾਲ ਸੱਤਾਧਾਰੀਆਂ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ  ਲਗਾਤਾਰ ਵੱਧਦੀ ਇਹ ਤਲਖਕਲਾਮੀ ਅਤੇ ਉਹਨਾਂ ਵਲੋਂ ਇੱਕ ਦੂਜੇ ਦੇ ਖਿਲਾਫ ਕੀਤੀਆਂ ਜਾਂਦੀਆਂ ਨਿੱਜੀ ਦੂਸ਼ਣਬਾਜੀ ਵਾਲੀਆਂ ਟਿਪਣੀਆਂ ਕਾਰਨ ਵਿਧਾਨਸਭਾ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਸੱਤਾਧਾਰੀਆਂ ਅਤੇ ਵਿਰੋਧੀ ਧਿਰ ਦੇ ਇਸ ਟਕਰਾਅ ਦੇ ਦੌਰਾਨ ਵਿਰੋਧੀ ਧਿਰ ਵਲੋਂ ਸੱਤਾਧਾਰੀ ਧਿਰ ਤੇ ਮਨਮਰਜੀਆਂ ਕਰਨ ਦੇ ਇਲਜਾਮ ਤਾਂ ਲਗਾਏ ਹੀ ਜਾ ਰਹੇ ਹਨ, ਉਹਨਾਂ ਵਲੋਂ ਵਿਧਾਨਸਭਾ ਦੇ ਸਪੀਕਰ ਵਲੋਂ ਨਿਭਾਈ ਜਾ ਰਹੀ ਭੂਮਿਕਾ ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ| ਹਾਲਾਂਕਿ ਅਜਿਹਾ ਪਿਛਲੇ ਕਾਫੀ ਸਮੇਂ ਤੋਂ ਹੁੰਦਾ ਆ ਰਿਹਾ ਹੈ ਕਿ ਜਦੋਂ ਵੀ ਸਪੀਕਰ ਵਲੋਂ ਸਦਨ ਵਿੱਚ ਹੰਗਾਮਾ ਗਰਨ ਵਾਲੀ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਵਿਰੋਧੀ ਧਿਰ ਵਲੋਂ ਸਪੀਕਰ ਨੂੰ ਵੀ ਲਪੇਟੇ ਵਿੱਚ ਲੈ ਲਿਆ ਜਾਂਦਾ ਹੈ ਅਤੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਅਜਿਹਾ ਹੀ ਹੁੰਦਾ ਆਇਆ ਹੈ|
ਵਿਧਾਨਸਭਾ ਵਿੱਚ ਸਾਡੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਇੱਕ ਦੂਜੇ ਦੇ ਖਿਲਾਫ ਕੀਤੀ ਜਾਣ ਵਾਲੀ ਇਹ ਦੂਸ਼ਨਬਾਜੀ ਅਤੇ ਹਲਕੇ ਪੱਧਰ ਦੀਆਂ ਤੋਹਮਤਾਂ ਲਗਾਉਣ ਦੀ ਇਸ ਕਾਰਵਾਈ ਨਾਲ ਵਿਧਾਨਸਭਾ ਦੀ ਮਰਿਆਦਾ ਨੂੰ ਤਾਂ ਠੇਸ ਵੱਜਦੀ ਹੀ ਹੈ ਇਹ ਕਾਰਵਾਈ ਸੂਬੇ ਦੀ ਜਨਤਾ ਦੇ ਹਿਤਾਂ ਨੂੰ ਵੀ ਢਾਹ ਲਗਾਉਂਦੀ ਹੈ| ਸਾਡੇ ਇਹ ਚੁਣੇ ਹੋਏ ਵਿਧਾਇਕ ਇੱਕ ਦੂਜੇ ਦੇ ਖਿਲਾਫ ਜਿੰਨੀ ਵੀ ਇਲਜਾਮਬਾਜੀ ਕਰਨ ਪੰਤੂ ਅਸਲੀਅਤ ਇਹੀ ਹੈ ਕਿ ਇਹਨਾਂ ਵਲੋਂ ਵਿਧਾਨਸਭਾ ਨੂੰ ਆਪਣੀ ਸਿਆਸੀ ਲੜਾਈ ਦਾ ਮੈਦਾਨ ਬਣਾ ਕੇ ਜਨਤਾ ਦੇ ਹਿੱਤਾਂ ਨਾਲ ਹੀ ਖਿਲਵਾੜ ਕੀਤਾ ਜਾ ਰਿਹਾ ਹੈ|
ਸਿਧਾਂਤਕ ਤੌਰ ਤੇ ਦੇਖਿਆ ਜਾਵੇ ਤਾਂ ਵਿਧਾਨਸਭਾ ਦੀ ਇਸ ਮੌਜੂਦਾ ਹਾਲਤ ਲਈ ਸੱਤਾਧਾਰੀ ਧਿਰ ਨੂੰ ਹੀ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਸਦਨ ਨੂੰ ਠੀਕ ਤਰੀਕੇ ਨਾਲ ਚਲਦਾ ਰੱਖਣ ਅਤੇ ਜਨਹਿਤ ਵਿੱਚ ਸਦਨ ਦੀ ਕਾਰਵਾਈ ਨੂੰ ਯਕੀਨੀ ਬਣਾਉਣਾ ਸੱਤਾਧਾਰੀ ਧਿਰ ਦੀ ਦੀ ਜਿੰਮੇਵਾਰੀ ਹੁੰਦੀ ਹੈ| ਵਿਰੋਧੀ ਧਿਰ ਨੇ ਤਾਂ ਸਰਕਾਰ ਦਾ ਵਿਰੋਧ ਕਰਨਾ ਹੀ ਹੁੰਦਾ ਹੈ ਪਰੰਤੂ ਜੇਕਰ ਸਰਕਾਰੀ ਧਿਰ ਵਲੋਂ ਵੀ ਨਾਂਹਪੱਖੀ ਨਜਰੀਆ ਅਖਤਿਆਰ ਕਰਦਿਆਂ ਟਕਰਾਅ ਨੂੰ ਬੜ੍ਹਾਵਾ ਦਿੱਤਾ ਜਾਵੇਗਾ ਜਾਂ ਫਿਰ ਵਿਰੋਧੀ ਧਿਰ ਨੂੰ ਉਕਸਾਇਆ ਜਾਵੇਗਾ ਤਾਂ ਫਿਰ ਹਾਲਾਤ ਨੂੰ ਕਾਬੂ ਵਿੱਚ ਕਿਵੇਂ ਰੱਖਿਆ ਜਾ ਸਕਦਾ ਹੈ| ਜਿੱਥੋਂ ਤਕ ਸਦਨ ਦੀ ਮਰਿਆਦਾ ਦਾ ਸਵਾਲ ਹੈ ਤਾਂ ਸੱਤਾਧਾਰੀ ਅਤੇ ਵਿਰੋਧੀ ਧਿਰ ਮੌਜੂਦਾ ਰਵਈਏ ਨਾਲ ਅਜਿਹਾ ਬਿਲਕੁਲ ਵੀ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਸਦਨ ਦੀ ਮਰਿਆਦਾ ਦੀ ਕੋਈ ਫਿਕਰ ਹੈ ਬਲਕਿ ਇਹ ਦੋਵੇਂ ਧਿਰਾਂ ਮਰਿਆਦਾ ਦੇ ਨਾਮ ਤੇ ਇੱਥ ਦੂਜੇ ਨੂੰ ਜਿੰਮੇਵਾਰ ਠਹਿਰਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਦਿਖ ਰਹੀਆਂ ਹਨ|

Leave a Reply

Your email address will not be published. Required fields are marked *