ਵਿਧਾਨਸਭਾ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਕਿਸਾਨਾਂ ਨੇ ਵਾਈ ਪੀ ਐਸ ਚੌਂਕ ਤੇ ਲਾਇਆ ਧਰਨਾ

ਵਿਧਾਨਸਭਾ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਕਿਸਾਨਾਂ ਨੇ ਵਾਈ ਪੀ ਐਸ ਚੌਂਕ ਤੇ ਲਾਇਆ ਧਰਨਾ
ਕਿਸਾਨਾਂ ਵੱਲੋਂ ਸੜਕ ਤੇ ਧਰਨਾ ਲਗਾਏ ਜਾਣ ਕਾਰਨ ਵਾਈ ਪੀ ਐਸ ਚੌਂਕ ਤੇ ਆਵਾਜਾਈ ਠੱਪ
ਐਸ ਏ ਐਸ ਨਗਰ, 22 ਮਾਰਚ (ਸ.ਬ.) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਫੇਜ਼ 8 ਤੋਂ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਗਿਆ| ਇਸਤੋਂ ਪਹਿਲਾਂ ਅੱਜ ਸਥਾਨਕ ਫੇਜ਼ 8 ਵਿੱਚ ਸਥਿਤ ਗੁਰਦੁਆਰਾ ਅੰਬ ਸਾਹਿਬ ਦੇ ਸਾਮ੍ਹਣੇ ਇਕੱਠ ਕੀਤਾ ਅਤੇ ਦੁਪਹਿਰ ਡੇਢ ਵਜੇ ਦੇ ਕਰੀਬ ਇਕੱਠੇ ਹੋਏ ਕਿਸਾਨਾਂ ਨੇ ਚੰਡੀਗੜ੍ਹ ਵੱਲ ਮਾਰਚ ਕਰ ਦਿੱਤਾ| ਜਦੋਂ ਕਿਸਾਨਾਂ ਦਾ ਇਹ ਕਾਫਲਾ ਚੰਡੀਗੜ੍ਹ ਬਾਰਡਰ ਤੇ ਵਾਈ ਪੀ ਐਸ ਚੌਂਕ ਨੇੜੇ ਪਹੁੰਚਿਆ ਤਾਂ ਉੱਥੇ ਚੰਡੀਗੜ੍ਹ ਪੁਲੀਸ ਵਲੋਂ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖਿਲ ਹੋਣ ਤੋਂ ਰੋਕ ਦਿੱਤਾ ਗਿਆ| ਇਸ ਮੌਕੇ ਕਿਸਾਨਾਂ ਨੇ ਯੂਨੀਅਨ ਦੇ ਪ੍ਰਧਾਨ ਸ੍ਰ. ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਉੱਥੇ ਹੀ ਧਰਨਾ ਲਗਾ ਦਿੱਤਾ ਅਤੇ ਇਸ ਕਾਰਨ ਵਾਈ ਪੀ ਐਸ ਚੌਂਕ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ|
ਧਰਨੇ ਵਾਲੀ ਥਾਂ ਤੇ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਲੋਕਤਾਂਤਰਿਕ ਤਰੀਕੇ ਨਾਲ ਆਪਣਾ ਵਿਰੋਧ ਪ੍ਰਗਟਾਉਣਾ ਉਹਨਾਂ ਦਾ ਅਧਿਕਾਰ ਹੈ ਪਰੰਤੂ ਚੰਡੀਗੜ੍ਹ ਪੁਲੀਸ ਵਲੋਂ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਖਿਲ ਹੋਣ ਤੋਂ ਰੋਕਿਆ ਜਾ ਰਿਹਾ ਹੈ| ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਾਖਿਲ ਨਾ ਹੋਣ ਦਿੱਤਾ ਗਿਆ ਤਾਂ ਉਹ ਚੰਡੀਗੜ੍ਹ ਨੂੰ ਪੰਜਾਬ ਤੋਂ ਹੋਣ ਵਾਲੀ ਦੁੱਧ ਅਤੇ ਹੋਰ ਸਾਮਾਨ ਦੀ ਸਪਲਾਈ ਵੀ ਠੱਪ ਕਰਣਗੇ ਅਤੇ ਜਦੋਂ ਤਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਕਿਸਾਨ ਇਸੇ ਥਾਂ ਤੇ ਸ਼ਾਂਤਮਈ ਢੰਗ ਨਾਲ ਧਰਨਾ ਦੇਣਗੇ|
ਇਸ ਮੌਕੇ ਸ੍ਰ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਭੱਜ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਵੀ ਕਿਸਾਨਾਂ ਨਾਲ ਕੀਤੇ ਵਾਇਦੇ ਪੂਰੇ ਕਰਨ ਦੀ ਥਾਂ ਟਾਲਮਟੋਲ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਕਿਸਾਨਾਂ ਦਾ ਕਰਜਾ ਮਾਫ ਹੋਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦਾ ਕਰਜਾ ਮਾਫ ਕਰਨ ਲਈ ਜਿਹੜੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ| ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦਾ ਸਾਰਾ ਕਰਜਾ ਤੁਰੰਤ ਮਾਫ ਕੀਤਾ ਜਾਵੇ ਅਤੇ ਕਿਸਾਨਾਂ ਦੇ ਬਾਕੀ ਮਸਲੇ ਹਲ ਕੀਤੇ ਜਾਣ| ਇਸ ਮੌਕੇ ਕਿਸਾਨਾਂ ਨੇ ਸਰਕਾਰ ਦੇ ਵਿਰੁੱਧ ਨਾਰ੍ਹੇਬਾਜੀ ਵੀ ਕੀਤੀ|
ਕਿਸਾਨਾਂ ਵਲੋਂ ਚੌਂਕ ਤੇ ਧਰਨਾ ਲਗਾ ਦਿੱਤੇ ਜਾਣ ਕਾਰਨ ਇਸ ਚੌਂਕ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਪੁਲੀਸ ਵਲੋਂ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਅੰਬਾ ਵਾਲਾ ਚੌਂਕ ਹੀ ਬਦਲਵੇਂ ਰੂਟ ਵੱਲ ਮੋੜਿਆ ਜਾਂਦਾ ਰਿਹਾ| ਇਸ ਦੌਰਾਨ ਚੰਡੀਗੜ੍ਹ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਚੰਡੀਗੜ੍ਹ ਪੁਲੀਸ ਵਲੋਂ ਸੈਕਟਰ 52 ਦੀਆਂ ਲਾਈਟਾਂ ਤੋਂ ਬਦਲਵੇਂ ਰਸਤਿਆਂ ਵੱਲ ਮੋੜਿਆ ਜਾਂਦਾ ਰਿਹਾ|
ਖਬਰ ਲਿਖੇ ਜਾਣ ਤਕ ਕਿਸਾਨਾਂ ਦਾ ਧਰਨਾ ਜਾਰੀ ਸੀ| ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸ੍ਰ. ਸੰਦੀਪ ਸਿੰਘ ਬਰਾੜ ਵਲੋਂ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਕਿਸਾਨਾਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕਰਦਿਆਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਸੋਮਵਾਰ ਨੂੰ ਕਿਸਾਨਾਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਕਰਵਾਉਣ ਲਈ ਸਮਾਂ ਦਿਵਾਇਆ ਜਾਵੇਗਾ| ਇਸ ਮੌਕੇ ਕਿਸਾਨ ਆਗੂਆਂ ਨੇ ਸ੍ਰੀ ਬਰਾੜ ਨੂੰ ਆਪਣਾ ਮੰਗ ਪੱਤਰ ਦਿੰਦਿਆਂ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਤਕ ਧਰਨਾ ਖਤਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ| ਇਸ ਦੌਰਾਨ ਮੁਹਾਲੀ ਪੁਲੀਸ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਮਨਾਉਣ ਲਈ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ|

Leave a Reply

Your email address will not be published. Required fields are marked *