ਵਿਧਾਨ ਸਭਾ ਚੋਣਾਂ : ਰੁੱਤ ਦਲ ਬਦਲੂਆਂ ਦੀ ਆਈ

ਐਸ.ਏ.ਐਸ.ਨਗਰ, 13 ਜਨਵਰੀ (ਸ.ਬ.) ਵਿਧਾਨ ਸਭਾ ਚੋਣਾਂ ਸੰਬੰਧੀ ਵੱਖ-ਵੱਖ ਉਮੀਦਵਾਰਾਂ ਵੱਲੋਂ ਭਾਵੇਂ ਚੋਣ ਪ੍ਰਚਾਰ ਵਿੱਚ ਤੇਜੀ ਲਿਆ ਦਿੱਤੀ ਗਈ ਹੈ ਪਰੰਤੂ ਆਮ ਲੋਕਾਂ ਵੱਲੋਂ ਚੋਣ ਪ੍ਰਚਾਰ ਵਿੱਚ ਪੂਰੀ ਦਿਲਚਸਪੀ ਨਾ ਲਏ ਜਾਣ ਕਾਰਣ ਹੁਣ ਉਮੀਦਵਾਰਾਂ ਦਾ ਪੂਰਾ ਜੋਰ ਦੂਜੇ ਉਮੀਦਵਾਰਾਂ ਦੇ ਸਮਰਥਕਾਂ ਜਾਂ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਜੋੜ ਤੋੜ ਕਰਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਤੇ ਲੱਗ ਗਿਆ ਹੈ|
ਅਜਿਹਾ ਹੋਣ ਕਾਰਣ ਅਚਾਨਕ ਹੀ ਉਹਨਾਂ ਆਗੂਆਂ ਦਾ ਮੁੱਲ ਪੈ ਗਿਆ ਹੈ| ਜਿਹੜੇ ਹੁਣ ਤੱਕ ਖੁਦ ਨੂੰ ਆਪਣੀਆਂ ਪਾਰਟੀਆਂ ਵਿੱਚ ਅਣਗੌਲਿਆ ਮਹਿਸੂਸ ਕਰ ਰਹੇ ਸਨ ਜਾਂ ਫਿਰ ਕਿਸੇ ਕਾਰਣਵਸ਼ ਪਾਰਟੀ ਦੀ ਅਗਵਾਈ ਤੋਂ ਨਾਰਾਜ਼ ਚਲ ਰਹੇ ਹੁੰਦੇ ਹਨ| ਚੋਣਾਂ ਦੇ ਮੌਸਮ ਵਿੱਚ ਹਰ ਵਾਰ ਹੀ ਅਜਿਹੇ ਆਗੂਆਂ ਦਾ ਕੱਦ ਅਚਾਨਕ ਵੱਧ ਜਾਂਦਾ ਹੈ ਅਤੇ ਉਹ ਤੁਰੰਤ ਫੁਰਤ ਵਿੱਚ ਝੱਟ-ਪੱਟ ਦੂਜੇ ਪਾਸੇ ਵਿੱਚ ਜਾ ਕੇ ਫੋਟੋਆਂ ਖਿਚਵਾਉਣ ਲੱਗ ਜਾਂਦੇ ਹਨ| ਪਿਛਲੇ ਕੁੱਝ ਦਿਨਾਂ ਤੋਂ ਇਹ ਅਮਲ ਜੋਰਾਂ ਤੇ ਹੈ ਅਤੇ ਇਸ ਦੌਰਾਨ ਚੋਣਾਂ ਵਿੱਚ ਭਾਗ ਲੈਣ ਵਾਲੀਆਂ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਆਗੂ ਇਸੇ ਜੋੜ-ਤੋੜ ਵਿੱਚ ਉਲਝੇ ਦਿਖ ਰਹੇ ਹਨ| ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਕਈ ਵਿਧਾਇਕ ਅਤੇ ਵੱਖ-ਵੱਖ ਪਾਰਟੀਆਂ ਦੇ ਵੱਡੇ ਅਹੁਦੇਦਾਰ ਵੀ ਆਪਣੀਆਂ ਮੂਲ ਪਾਰਟੀਆਂ ਛੱਡ ਕੇ ਹੋਰਨਾਂ ਪਾਰਟੀਆਂ ਵਿੱਚ ਜਾ ਖੜ੍ਹੇ ਹੋਏ ਹਨ|
ਸਿਆਸੀ ਪਾਰਟੀਆਂ ਨੂੰ ਲੱਗਦਾ ਹੈ ਕਿ ਪਾਲਾ ਬਦਲ ਕੇ ਉਹਨਾਂ ਵਿੱਚ ਸ਼ਾਮਿਲ ਹੋਣ ਵਾਲੇ ਇਹ ਆਗੂ (ਆਪਣੇ ਖੇਤਰ ਵਿਸ਼ੇਸ਼ ਵਿੱਚ) ਚੋਣਾਂ ਦੇ ਸਮੀਕਰਣ ਪੂਰੀ ਤਰ੍ਹਾਂ ਬਦਲ ਦੇਣਗੇ ਅਤੇ ਕਈ ਵਾਰ ਅਜਿਹਾ ਹੁੰਦਾ ਵੀ ਹੈ ਕਿ ਕਿਸੇ ਖਾਸ ਆਗੂ ਦੇ ਪਾਲਾ ਬਦਲਣ ਨਾਲ ਉਸਦੇ ਸਮਰਥਕਾਂ ਦੀਆਂ ਵੋਟਾਂ ਵੀ ਉਸਦੇ ਨਾਲ ਹੀ ਨਵੀਂ ਪਾਰਟੀ ਵੱਲ ਤਬਦੀਲ ਹੋ ਜਾਂਦੀਆਂ ਹਨ ਪਰੰਤੂ ਜਿਆਦਾਤਰ ਮਾਮਲਿਆਂ ਵਿੱਚ ਤਾਂ ਜਿਹੜੇ ਕਥਿਤ ਆਗੂ ਪਾਲਾ ਬਦਲ ਕੇ ਸ਼ਾਨ ਨਾਲ ਫੋਟੋਆਂ ਖਿਚਵਾ ਰਹੇ ਹੁੰਦੇ ਹਨ ਉਹਨਾਂ ਦੇ ਕਿਸੇ ਪਾਰਟੀ ਵਿੱਚ ਜਾਣ ਜਾ ਨਾ ਜਾਣ ਦਾ ਕੋਈ ਫਰਕ ਨਹੀਂ ਪੈਂਦਾ ਪਰੰਤੂ ਇਸਦੇ ਬਾਵਜੂਦ ਵਿਰੋਧੀ ਉਮੀਦਵਾਰ ਤੇ ਦਬਾਉ ਬਣਾਉਣ ਲਈ ਇਹ ਸਿਲਸਿਲਾ ਜਾਰੀ ਰੱਖਿਆ ਜਾਂਦਾ ਹੈ|
ਸਾਡੇ ਹਲਕੇ ਵਿੱਚ ਵੀ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਇਆ ਰਾਮ ਗਇਆ ਰਾਮ ਦੀ ਇਹ ਖੇਡ ਚਲਾਈ ਜਾ ਰਹੀ ਹੈ| ਇਸ ਦੌਰਾਨ ਰੋਜਾਨਾ ਹੀ ਦੋਵਾਂ ਉਮੀਦਵਾਰਾਂ ਵੱਲੋਂ ਦੂਜੀਆਂ ਪਾਰਟੀ ਦੇ ਕਥਿਤ ਅਹੁਦੇਦਾਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾ ਰਹੇ ਹਨ| ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਇਹਨਾਂ ਉਮੀਦਵਾਰਾਂ ਵੱਲੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਪਾਲੇ ਵਿੱਚ ਸ਼ਾਮਿਲ ਕਰਨ ਦੀ ਹੋੜ ਉਹਨਾਂ ਲਈ ਕਿੰਨੀ ਕੁ ਫਾਇਦੇਮੰਦ ਸਾਬਿਤ ਹੁੰਦੀ ਹੈ|

Leave a Reply

Your email address will not be published. Required fields are marked *