ਵਿਧਾਨ ਸਭਾ ਚੋਣਾਂ : ਵੋਟਰਾਂ ਸਿਰ ਵੱਡੀ ਜਿੰਮੇਵਾਰੀ

ਪੰਜਾਬ ਵਿਧਾਨ ਸਭਾ ਚੋਣਾਂ ਸਿਰ ਉਪਰ ਆ ਗਈਆਂ ਹਨ ਅਤੇ ਸਾਰੀਆਂ ਹੀ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਤੇਜ ਕਰਦਿਆਂ ਵੱਖ-ਵੱਖ ਹਲਕਿਆਂ ਤੋਂ ਆਪੋ-ਆਪਣੇ ਜਿਆਦਾਤਰ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ| ਹਾਲਾਂਕਿ ਕੁਝ ਪਾਰਟੀਆਂ ਵਲੋਂ ਵੱਖ ਵੱਖ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹੁਣੇ ਬਾਕੀ ਹੈ ਪਰੰਤੂ ਜਿਆਦਾਤਰ ਉਮੀਦਵਾਰਾਂ ਦਾ ਐਲਾਨ ਹੋਣ ਕਾਰਨ ਚੋਣ ਸਰਗਰਮੀਆਂ ਕਾਫੀ ਜੋਰ ਫੜ ਗਈਆਂ ਹਨ| ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਰਸਮੀ ਤੌਰ ਤੇ ਆਪਣਾ ਚੋਣ ਪ੍ਰਚਾਰ ਆੰਰਭ ਕਰਦਿਆਂ ਵੱਖ-ਵੱਖ ਥਾਵਾਂ ਉਪਰ ਆਪਣੇ ਪੋਸਟਰ, ਬੈਨਰ ਅਤੇ ਬੋਰਡ ਲਗਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ|
ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਪੰਜਾਬ ਦੇ ਵੋਟਰਾਂ ਦੇ ਸਿਰ ਤੇ ਵੀ ਵੱਡੀ ਜਿੰਮੇਵਾਰੀ ਆ ਪਈ ਹੈ ਅਤੇ ਹੁਣ ਪੰਜਾਬ ਦੇ ਸੂਝਵਾਨ ਵੋਟਰਾਂ ਵਲੋਂ ਹੀ ਇਹ ਫੈਸਲਾ ਕੀਤਾ ਜਾਣਾ ਹੈ ਕਿ ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ| ਲੋਕਤਤਰ ਵਿੱਚ ਵੋਟਰਾਂ ਨੂੰ ਇਹ ਤਾਕਤ ਹਾਸਿਲ ਹੈ ਕਿ ਉਹ ਆਪਣੀਆਂ ਵੋਟਾਂ ਰਾਹੀਂ ਕਿਸੇ ਨੂੰ ਵੀ ਅਰਸ ਜਾਂ ਫਰਸ਼ ਤੇ ਪਹੁੰਚਾ ਸਕਦੇ ਹਨ ਅਤੇ ਇਸ ਤਾਕਤ ਦੇ ਪ੍ਰਗਟਾਵੇ ਦਾ ਮੌਕਾ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਆਰੰਭ ਦਿੱਤੀਆਂ ਗਈਆਂ ਹਨ| ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਦੀਆਂ ਆਸਾਂ ਅਨੁਸਾਰ ਕਾਰਵਾਈ ਕਰਨ ਦੇ ਵਾਇਦੇ ਅਤੇ ਦਾਅਵੇ ਕਰਕੇ ਵੋਟਰਾਂ ਨੂੰ ਲੁਭਾਉਣ ਅਤੇ ਆਪਣੇ ਨਾਲ ਜੋੜਨ ਦੇ ਕੰਮ ਵਿੱਚ ਰੁਝੀਆਂ ਹੋਈਆਂ ਹਨ|
ਸਾਡੀ ਲੋਕਤਾਂਤਰਿਕ ਵਿਵਸਥਾ ਦੀ ਇਹ ਖੂਬੀ ਹੈ ਕਿ ਆਮ ਜਨਤਾ ਦੀਆਂ ਵੋਟਾਂ ਹਾਸਿਲ ਕਰਕੇ ਸੱਤਾ ਦਾ ਸੁਖ ਭੋਗਣ ਵਾਲੇ ਰਾਜਨੇਤਾਵਾਂ ਨੂੰ ਹਰ ਪੰਜ ਸਾਲ ਬਾਅਦ ਵੋਟਰਾਂ ਦਾ ਭਰੋਸਾ ਹਾਸਿਲ ਕਰਨਾ ਪੈਂਦਾ ਹੈ ਅਤੇ ਵੋਟਰ ਸਰਕਾਰ ਦੀ ਕਾਰਗੁਜਾਰੀ ਦੇ ਆਧਾਰ ਤੇ ਨਵੀਂ ਸਰਕਾਰ ਦੀ ਚੋਣ ਕਰਦੇ  ਹਨ| ਇਹ ਗੱਲ ਹੋਰ ਹੈ ਕਿ ਚੋਣਾਂ ਦੌਰਾਨ ਵੋਟਰਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਇਦੇ ਕਰਨ ਵਾਲੇ ਸਾਡੇ ਰਾਜਨੇਤਾ ਅਤੇ ਉਹਨਾਂ ਦੀਆਂ ਪਾਰਟੀਆਂ ਚੋਣਾਂ ਦਾ ਅਮਲ ਖਤਮ ਹੁੰਦੇ ਸਾਰ ਰਜਵਾੜਿਆਂ ਦੀ ਭੂਮਿਕਾ ਵਿੱਚ ਆ ਜਾਂਦੀਆਂ ਹਨ| ਹੁਣ ਪੰਜ ਸਾਲਾਂ ਬਾਅਦ ਇੱਕ ਵਾਰ ਫਿਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਇਹਨਾਂ ਪੰਜ ਸਾਲਾਂ ਵਿੱਚ ਸੂਬੇ ਵਿੱਚ ਨਵੇਂ  ਵੋਟਰਾਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ| ਸਾਡੇ ਦੇਸ਼ ਵਿੱਚ ਅਠਾਰਾਂ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹਰੇਕ ਇਨਸਾਨ ਨੂੰ ਵੋਟ ਦਾ ਹੱਕ ਹਾਸਿਲ ਹੈ ਅਤੇ ਚੋਣ ਕਮਿਸ਼ਨ ਵਲੋਂ ਅਠਾਰਾਂ ਸਾਲ ਦੀ ਉਮਰ ਪੂਰੀ ਕਰ ਚੁਕੇ ਨੌਜਵਾਨਾਂ ਨੂੰ ਆਪਣੀਆਂ ਵੋਟਾਂ ਬਣਾਉਣ ਲਈ ਪ੍ਰੇਰਿਆ ਵੀ ਜਾ ਰਿਹਾ ਹੈ|
ਚੋਣਾਂ ਵਿੱਚ ਇਹਨਾਂ ਨੌਜਵਾਨ ਵੋਟਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਹ ਗੱਲ ਰਾਜਸੀ ਪਾਰਟੀਆਂ ਵੀ ਸਮਝਦੀਆਂ ਹਨ| ਇਹੀ ਕਾਰਨ ਹੈ ਕਿ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਇਹਨਾਂ ਰਾਜਸੀ ਪਾਰਟੀਆਂ ਨੇ ਆਪੋ-ਆਪਣੇ ਯੂਥ ਵਿੰਗ ਵੀ ਬਣਾਏ ਹੋਏ ਹਨ| ਇਸਦੇ ਨਾਲ ਹੀ ਪਾਰਟੀਆਂ ਨੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਅਨੇਕਾਂ ਹੀ ਨੌਜਵਾਨ ਭਲਾਈ ਸਕੀਮਾਂ ਚਲਾਈਆਂ ਹੋਈਆਂ ਹਨ| ਇਹ ਗੱਲ ਵੀ ਸਚ ਹੈ ਕਿ ਨੌਜਵਾਨਾਂ ਵਿੱਚ ਚੋਣਾਂ ਸਬੰਧੀ ਕਾਫੀ ਜੋਸ਼ ਵੀ ਹੁੰਦਾ ਹੈ ਅਤੇ ਉਹ ਚੋਣਾਂ ਵਿੱਚ ਉਤਸ਼ਾਹ ਨਾਲ ਹਿੱਸਾ ਵੀ ਲੈਂਦੇ ਹਨ|
ਜੇਕਰ ਪੰਜਾਬ ਦੇ ਵੋਟਰਾਂ ਦੀ ਗੱਲ ਕਰੀਏ ਤਾਂ ਸੂਬੇ ਦੇ ਵੱਡੀ ਗਿਣਤੀ ਵੋਟਰ ਅਕਸਰ ਉਸੇ ਪਾਰਟੀ ਨੂੰ ਵੋਟਾਂ ਪਾਉਂਦੇ ਹਨ ਜਿਸ ਨਾਲ ਉਹ ਜੁੜੇ ਹੁੰਦੇ ਹਨ| ਦੂਜੀ ਪਾਰਟੀ ਦਾ ਉਮੀਦਵਾਰ ਇਮਾਨਦਾਰ ਅਤੇ ਚੰਗੇ ਕਿਰਦਾਰ ਦਾ ਹੋਵੇ ਤਾਂ ਵੀ ਲੋਕ ਉਮੀਦਵਾਰ ਦੀ ਥਾਂ ਪਾਰਟੀ ਨੂੰ ਵੇਖ ਕੇ ਹੀ ਵੋਟਾਂ ਪਾ ਦਿੰਦੇ ਹਨ| ਕੁੱਝ ਵੋਟਰ ਆਪਣੀਆਂ ਧਾਰਮਿਕ ਭਾਵਨਾਵਾਂ ਦੇ ਅਨੁਸਾਰ ਹੀ ਵੋਟ ਦਿੰਦੇ ਹਨ ਅਤੇ ਇਸ ਕਾਰਨ ਲਗਭਗ ਸਾਰੀਆਂ ਹੀ ਰਾਜਸੀ ਪਾਰਟੀਆਂ ਧਰਮ ਅਤੇ ਜਾਤੀ ਦੇ ਅਨੁਸਾਰ ਵੋਟਾਂ ਹਾਸਿਲ ਕਰਨ ਦੀ ਖੇਡ ਵੀ ਖੇਡਦੀਆਂ ਹਨ| ਇਸੇ ਤਰ੍ਹਾਂ ਵੋਟਰਾਂ ਨੂੰ ਭਰਮਾਉਣ ਲਈ ਸਿਆਸੀ ਪਾਰਟੀਆਂ ਨਸ਼ੇ ਅਤੇ ਹੋਰ ਲਾਲਚ ਵੀ ਦਿੰਦੀਆਂ ਹਨ|
ਸੂਬੇ ਦੇ ਵੋਟਰਾਂ ਨੂੰ ਹਰ ਪੰਜ ਸਾਲ ਬਾਅਦ ਆਪਣੀ ਸਰਕਾਰ ਦੀ ਚੋਣ ਕਰਨ ਵਾਲਾ ਇਹ ਮੌਕਾ ਆਪਣੇ ਨਾਲ ਇੱਕ ਵੱਡੀ ਜਿੰਮੇਵਾਰੀ ਵੀ ਲਿਆਉਂਦਾ ਹੈ, ਇਸ ਲਈ ਵੋਟਰਾਂ ਨੂੰ ਖੁਦ ਸੋਚ ਪਰਖ ਕੇ ਆਪਣੀ ਵੋਟ ਦੀ ਵਰਤੋ ਕਰਨੀ ਚਾਹੀਦੀ ਹੈ| ਪੰਜਾਬੀਆਂ ਵਲੋਂ ਆਪਣੀ ਵੋਟ ਦੀ ਕੀਤੀ ਗਈ ਸਹੀ ਵਰਤੋ ਹੀ ਪੰਜਾਬ ਵਿੱਚ ਲੋਕਪੱਖੀ ਸਰਕਾਰ ਦੀ ਚੋਣ ਕਰ ਸਕਦੀ ਹੈ| ਵੋਟਰਾਂ ਨੂੰ ਆਪਣੀ ਇਹ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਵੋਟਾਂ ਦੌਰਾਨ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਆਪਣੀ ਸਰਕਾਰ ਬਣਾਉਣੀ ਚਾਹੀਦੀ ਹੈ|

Leave a Reply

Your email address will not be published. Required fields are marked *