ਵਿਨੀਪੈਗ ਵਿੱਚ ਟੈਕਸੀ ਤੇ ਚਲਾਈਆਂ ਗਈਆਂ ਗੋਲੀਆਂ, ਡਰਾਈਵਰ ਗੰਭੀਰ ਜ਼ਖਮੀ

ਵਿਨੀਪੈਗ, 6 ਫਰਵਰੀ (ਸ.ਬ.) ਵਿਨੀਪੈਗ ਵਿਖੇ ਇਕ ਟੈਕਸੀ ਤੇ ਤਾਬੜਤੋੜ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਪਰ ਵਾਲ-ਵਾਲ ਬਚ ਗਿਆ| ਉਸ ਦੇ ਮੋਢੇ ਤੇ ਇਕ ਗੋਲੀ ਲੱਗੀ| ਘਟਨਾ ਗੇਟਵੇਅ ਰੋਡ ਅਤੇ ਮੁਨਰੋਏ ਐਵੇਨਿਊ ਦੇ ਮੋੜ ਤੇ ਵਾਪਰੀ| ਟੈਕਸੀ ਡਰਾਈਵਰ ਮੁਤਾਬਕ ਕਾਰ ਵਿੱਚ ਬੈਠੇ ਇਕ ਵਿਅਕਤੀ ਨੇ ਉਸ ਦੇ ਵਾਹਨ ਤੇ ਗੋਲੀਆਂ ਚਲਾ ਦਿੱਤੀਆਂ| ਟੈਕਸੀ ਡਰਾਈਵਰ ਹੈਂਡਰਸਨ ਹਾਈਵੇਅ ਤੇ ਇਕ ਐਡਰੈਸ ਤੇ ਸਵਾਰੀਆਂ ਨੂੰ ਲੈਣ ਗਿਆ ਸੀ| ਉੱਥੇ ਇਕ ਔਰਤ ਤੇ ਦੋ ਵਿਅਕਤੀ ਗੇਟਵੇਅ ਤੇ ਸਥਿਤ ਸੁਪਰਸਟੋਰ ਜਾਣ ਲਈ ਉਸ ਦੀ ਟੈਕਸੀ ਵਿਚ ਸਵਾਰ ਹੋਏ| ਟੈਕਸੀ ਡਰਾਈਵਰ ਨੇ ਦੱਸਿਆ ਕਿ ਇਹ ਲੋਕ ਜਿਸ ਵਿਅਕਤੀ ਨੂੰ ਮਿਲਣ ਆਏ ਸੀ, ਉਹ ਉੱਥੇ ਮੌਜੂਦ ਨਹੀਂ ਸੀ| ਇਸ ਲਈ ਉਨ੍ਹਾਂ ਨੇ ਡਰਾਈਵਰ ਨੂੰ ਮੁਨਰੋਏ ਜਾਣ ਲਈ ਕਿਹਾ| ਇੱਥੋਂ ਇਕ ਕਾਰ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਟੈਕਸੀ ਤੇ ਗੋਲੀਆਂ ਚਲਾਈਆਂ| ਹਮਲਾਵਰ ਨੇ ਟੈਕਸੀ ਤੇ ਤਕਰੀਬਨ 6 ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ| ਟੈਕਸੀ ਵਿੱਚ ਸਵਾਰ ਦੋ ਵਿਅਕਤੀ ਅਤੇ ਔਰਤ ਵੀ ਉੱਥੋਂ ਭੱਜ ਗਏ| ਡਰਾਈਵਰ ਨੇ ਮੌਕੇ ਤੇ 911 ਨੂੰ ਕਾਲ ਕਰਕੇ ਮਦਦ ਮੰਗੀ| ਪੁਲੀਸ ਅਤੇ ਪੈਰਾਮਿਡਿਕ ਵਿਭਾਗ ਨੇ ਮੌਕੇ ਤੇ ਡਰਾਈਵਰ ਨੂੰ ਮਦਦ ਦਿੱਤੀ| ਪੁਲੀਸ ਨੇ ਘਟਨਾ ਦੀ ਜਾਂਚ ਲਈ ਗੇਟਵੇਅ ਰੋਡ ਅਤੇ ਮੁਨਰੋਏ ਐਵੇਨਿਊ ਤੱਕ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਲੋਕਾਂ ਨੂੰ ਇਸ ਰਸਤੇ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ|

Leave a Reply

Your email address will not be published. Required fields are marked *