ਵਿਰਾਸਤੀ ਸਟਰੀਟ ਦੀ ਇਸ਼ਤਿਹਾਰਬਾਜ਼ੀ ਦਾ ਠੇਕਾ ਨਿਯਮ ਛਿੱਕੇ ਟੰਗ ਕੇ ਕੌਡੀਆਂ ਦੇ ਭਾਅ ਤੇ ਕਿਉਂ ਦਿੱਤਾ

ਵਿਰਾਸਤੀ ਸਟਰੀਟ ਦੀ ਇਸ਼ਤਿਹਾਰਬਾਜ਼ੀ ਦਾ ਠੇਕਾ ਨਿਯਮ ਛਿੱਕੇ ਟੰਗ ਕੇ ਕੌਡੀਆਂ ਦੇ ਭਾਅ ਤੇ ਕਿਉਂ ਦਿੱਤਾ
ਜਾਖੜ ਨੇ ਅਕਾਲੀਆਂ ਤੋਂ ਮੰਗਿਆ ਸਪੱਸ਼ਟੀਕਰਨ
ਚੰਡੀਗੜ੍ਹ, 12 ਜੂਨ (ਸ.ਬ.) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਸਰਕਾਰ ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪਿਛਲੀ ਸਰਕਾਰ ਨੇ ਵਿਰਾਸਤੀ ਸਟਰੀਟ ਦੀ ਇਸ਼ਤਿਹਾਰਬਾਜ਼ੀ ਦਾ ਠੇਕਾ ਸਾਰੇ ਨਿਯਮ ਛਿੱਕੇ ਟੰਗ ਕੇ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨਿਗੂਣੀ ਰਾਸ਼ੀ ਤੇ ਜੈਪੁਰ ਅਧਾਰਿਤ ਏਜੰਸੀ ਨੂੰ ਅਲਾਟ ਕਰ ਦਿੱਤਾ ਜੋ ਸਿੱਧੇ ਤੌਰ ਤੇ ਵਿੱਤੀ ਜੁਰਮ ਦਾ ਮਾਮਲਾ ਬਣਦਾ ਹੈ ਜਿਸ ਦਾ ਮਕਸਦ ਕੁਝ ਵਿਅਕਤੀਆਂ ਦੀਆਂ ਜੇਬਾਂ ਭਰਨਾ ਸੀ|
ਪਿਛਲੀ ਅਕਾਲੀ ਸਰਕਾਰ ਵੱਲੋਂ ਕਾਹਲੀ ਵਿੱਚ ਟੈਂਡਰ ਜਾਰੀ ਕਰਕੇ ਵਿਰਾਸਤੀ ਸਟੀਰਟ ਦੀਆਂ ਥਾਵਾਂ ਨੂੰ ਠੇਕੇ ਤੇ ਦੇਣ ਦੇ ਢੰਗ ਤੇ ਸੁਆਲ ਉਠਾਉਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਕੁਝ ਲੋਕਾਂ ਦੇ ਸੌੜੇ ਵਿੱਤੀ ਹਿੱਤ ਪ੍ਰਫੁੱਲਤ ਕਰਨ ਨੂੰ ਧਿਆਨ ਵਿੱਚ ਰੱਖ ਕੇ ਸਮੁੱਚੀ ਡੀਲ ਘੜੀ ਗਈ ਜੋ ਬਾਦਲ ਸਰਕਾਰ ਵਿੱਚ ਕੁਝ ਉਚ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੇ ਵੱਡੇ ਘਪਲੇ ਵੱਲ ਇਸ਼ਾਰਾ ਕਰਦੀ ਹੈ|
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਧੀਨ ਸਿਰੇ ਚੜ੍ਹੇ ਇਸ ਸਮਝੌਤੇ ਲਈ ਸਪੱਸ਼ਟੀਕਰਨ ਦੇਣ ਦੀ ਮੰਗ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ,”ਬਹੁ-ਕਰੋੜੀ ਜਾਇਦਾਦ ਨੂੰ ਪੰਜ ਲੱਖ ਰੁਪਏ ਸਾਲਾਨਾ ਦੇ ਹਿਸਾਬ ਨਾਲ ਠੇਕੇ ‘ਤੇ ਕਿਉਂ ਦਿੱਤਾ ਗਿਆ?” ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਆਉਂਦੀ ਸੰਗਤ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਨ੍ਹਾਂ ਥਾਵਾਂ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਲਾਭ ਪਹੁੰਚ ਸਕਦਾ ਸੀ ਪਰ ਇਨ੍ਹਾਂ ਨੂੰ ਕੌਡੀਆਂ ਦੇ ਭਾਅ ਠੇਕੇ ‘ਤੇ ਦੇ ਦਿੱਤਾ ਗਿਆ|
ਸ੍ਰੀ ਜਾਖੜ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਅਨੁਸਾਰ ਸਿਰਫ ਦੋ ਏਜੰਸੀਆਂ ਜੋ ਇਤਫਾਕਨ ਜੈਪੁਰ ਅਧਾਰਿਤ ਸਨ, ਨੇ ਵਿਸ਼ਾਲ ਸਕਰੀਨਾਂ ਲਈ ਟੈਂਡਰਾਂ ਦੇ ਆਧਾਰ ਤੇ ਅਪਲਾਈ ਕੀਤਾ ਜਿਨ੍ਹਾਂ ਦੇ ਹਵਾਲਿਆਂ ਵਿੱਚ ਮਾਮੂਲੀ ਅੰਤਰ ਸੀ ਜੋ ਸਪੱਸ਼ਟ ਤੌਰ ਤੇ ਆਪਸੀ ਗੰਢਤੁਪ ਨੂੰ ਦਰਸਾਉਂਦਾ ਹੈ|
ਸ੍ਰੀ ਜਾਖੜ ਨੇ ਕਿਹਾ ਕਿ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਅਜਿਹੇ ਅਹਿਮ ਟੈਂਡਰ ਵਿੱਚ ਹੋਰ ਏਜੰਸੀਆਂ ਵੱਲੋਂ ਦਿਲਚਸਪੀ ਨਹੀਂ ਦਿਖਾਈ ਗਈ ਜਦਕਿ ਇਨ੍ਹਾਂ ਨੂੰ ਜਾਣਬੁੱਝ ਕੇ ਟੈਂਡਰ ਪ੍ਰਕ੍ਰਿਆ ਤੋਂ ਗੁੱਝੇ ਢੰਗ ਨਾਲ ਬਾਹਰ ਰੱਖਣ ਤੋਂ ਇਲਾਵਾ ਅਰਜ਼ੀ ਦੇਣ ਲਈ ਬਹੁਤ ਘੱਟ ਸਮਾਂ ਦਿੱਤਾ  ਗਿਆ|
ਸ੍ਰੀ ਜਾਖੜ ਨੇ ਸਵਾਲ ਕੀਤਾ ਕਿ,”ਜੇਕਰ ਪਹਿਲਾ ਟੈਂਡਰ ਢੁਕਵਾਂ ਹੁੰਗਾਰਾ ਹਾਸਲ ਕਰਨ ਵਿੱਚ ਨਾਕਾਮ ਰਿਹਾ ਤਾਂ ਅਜਿਹੀਆਂ ਪ੍ਰਮੁੱਖ ਥਾਵਾਂ ਨੂੰ ਤੁੱਛ ਰਾਸ਼ੀ ‘ਤੇ ਅਲਾਟ ਕਰਨ ਦੀ ਬਜਾਏ ਟੈਂਡਰ ਦੁਬਾਰਾ ਕਿਉਂ ਨਹੀਂ ਜਾਰੀ ਕੀਤੇ ਗਏ?” ਉਨ੍ਹਾਂ ਕਿਹਾ ਕਿ ਸਮੁੱਚੀ ਡੀਲ ਵਿੱਚੋਂ ਵਿੱਤੀ ਉਲੰਘਣਾ ਦੀ ਬੋਅ ਮਾਰਦੀ ਹੈ ਅਤੇ ਮੁੱਖ ਮੰਤਰੀ ਦੇ ਹੁਕਮਾਂ ਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਵਿਰਾਸਤੀ ਸਟਰੀਟ ਤੇ ਸਥਾਪਤ ਐਲ.ਈ.ਡੀ. ਸਕਰੀਨਾਂ ਤੇ ਸ਼ਰਾਬ ਦੀ ਇਸ਼ਤਿਹਾਰਬਾਜ਼ੀ ਦੇ ਪ੍ਰਸਾਰਨ ਦੀ ਕੀਤੀ ਜਾ ਰਹੀ ਜਾਂਚ ਵਿੱਚ ਇਸ ਦਾ ਪਰਦਾਫਾਸ਼ ਹੋਵੇਗਾ|
ਪੰਜਾਬ ਕਾਂਗਰਸ ਦੇ ਮੁਖੀ ਨੇ ਮੁੱਖ ਮੰਤਰੀ ਨੂੰ ਜਾਂਚ ਦਾ ਘੇਰਾ ਵਧਾਉਣ ਦੀ ਅਪੀਲ ਕੀਤੀ ਤਾਂ ਕਿ ਇਸ ਸਮਝੌਤੇ ਲਈ ਥਾਵਾਂ ਅਲਾਟ ਕਰਨ ਵਾਲੀਆਂ ਅਥਾਰਟੀਆਂ ਵੱਲੋਂ ਅਪਣਾਈ ਪ੍ਰਕ੍ਰਿਆ ਸਮੇਤ ਹਰੇਕ ਪੱਖ ਦੀ ਤਹਿ ਤੱਕ ਪਹੁੰਚਿਆ ਜਾ ਸਕੇ| ਉਨ੍ਹਾਂ ਕਿਹਾ ਕਿ ਜਾਂਚ ਵਿੱਚ ਇਸ ਪੱਖ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਕੀ ਉਚ-ਦਰਜੇ ਦੇ ਠੇਕੇ ਲਈ ਨਿਰਧਾਰਤ ਮਾਪਦੰਡ ਮੁਤਾਬਕ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ?
ਸ੍ਰੀ ਜਾਖੜ ਨੇ ਮੰਗ ਕੀਤੀ ਕਿ ਇਹ ਵੀ ਪਤਾ ਲਾਇਆ ਜਾਵੇ ਕਿ ਪਿਛਲੀ ਅਕਾਲੀ ਸਰਕਾਰ ਨੇ ਸਕਰੀਨਾਂ ਤੇ ਪ੍ਰਸਾਰਿਤ ਕੀਤੀ ਜਾਣ ਵਾਲੇ ਵਿਸ਼ਾ-ਵਸਤੂ ਤੇ ਨਜ਼ਰਸਾਨੀ ਲਈ ਕਿਹੜੇ ਮਾਪਦੰਡ ਤੈਅ ਕੀਤੇ ਗਏ ਸਨ| ਉਨ੍ਹਾਂ ਕਿਹਾ,”ਕੀ ਪ੍ਰਸਾਰਿਤ ਕੀਤੀ ਜਾਣ ਵਾਲੀ ਸਮੱਗਰੀ ਤੇ ਕੰਟਰੋਲ ਕਰਨ ਖਾਸ ਕਰਕੇ ਅਜਿਹੀ ਥਾਵਾਂ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਕੋਈ ਪੈਮਾਨਾ ਤੈਅ ਕੀਤਾ ਗਿਆ ਸੀ ਕਿ ਨਹੀਂ?” ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਵਿੱਖ ਵਿੱਚ ਨਾ-ਪੱਖੀ ਵਿਸ਼ਾ-ਵਸਤੂ ਦੇ ਪ੍ਰਸਾਰਿਤ ਨਾ ਹੋਣ ਦੇਣ ਲਈ ਸਖ਼ਤ ਪ੍ਰਸ਼ਾਸਨਿਕ ਕਦਮ ਚੁੱਕਣ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ|

Leave a Reply

Your email address will not be published. Required fields are marked *