ਵਿਰੋਧੀਆਂ ਨੂੰ ਇਕੱਠੇ ਕਰਨ ਵਿੱਚ ਅਸਫਲ ਹੋਈ ਕਾਂਗਰਸ

ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਆਮਤੌਰ ਤੇ ਆਮ ਸਹਿਮਤੀ ਨਾਲ ਹੀ ਹੁੰਦੀ ਰਹੀ ਹੈ, ਪਰ ਇਸ ਵਾਰ ਇਸ ਅਹੁਦੇ ਲਈ ਸੱਤਾਪੱਖ ਅਤੇ ਵਿਰੋਧੀ ਧਿਰ ਦੇ ਵਿਚਾਲੇ ਜੋਰ – ਆਜ਼ਮਾਇਸ਼ ਹੋਈ| ਇਸ ਤੇ ਪੂਰੇ ਦੇਸ਼ ਦੀ ਨਜ਼ਰ ਸੀ ਕਿਉਂਕਿ ਰਾਜ ਸਭਾ ਦੇ ਰੋਚਕ ਸਮੀਕਰਣ ਨੂੰ ਦੇਖਦੇ ਦੋਵਾਂ ਵਿੱਚੋਂ ਕੋਈ ਵੀ ਪੱਖ ਆਪਣੇ ਪਾਸੇ ਝੁਕਾ ਸਕਦਾ ਸੀ| ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਬੇਸਬਰੀ ਸੀ ਕਿ ਸੱਤਾ ਪੱਖ ਦੇ ਵਿਰੋਧ ਵਿੱਚ ਜਿਸ ਵਿਰੋਧੀ ਏਕਤਾ ਜਾਂ ਮਹਾਗਠਜੋੜ ਦੀ ਚਰਚਾ ਚੱਲ ਰਹੀ ਹੈ, ਉਸਦੀ ਝਲਕ ਇਸ ਚੋਣ ਵਿੱਚ ਕਿਸ ਰੂਪ ਵਿੱਚ ਦਿਖੇਗੀ| ਕਿਸਨੇ ਕਿਹੜੇ ਨਵੇਂ ਸਾਥੀ ਬਣਾਏ, ਜਾਂ ਕਿਸਨੇ ਕਿੰਨੇ ਗਵਾਏ?
ਜੋ ਹੁਣ ਤੱਕ ਤਟਸਥ ਦਿਖਦੇ ਰਹੇ ਹਨ ਉਹ ਕਿਸ ਪਾਲੇ ਵਿੱਚ ਦਿਖੇਣਗੇ? ਗਿਣਤੀ ਹੋਈ ਤਾਂ ਉਪ ਸਭਾਪਤੀ ਦੀ ਚੋਣ ਵਿੱਚ ਵੀ ਉਹੀ ਸਮੀਕਰਣ ਦਿਖਿਆ ਜੋ ਲੋਕਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਦੇ ਸਮੇਂ ਦਿਖਿਆ ਸੀ| ਇਸ ਚੋਣ ਵਿੱਚ ਨਿਰਣਾਇਕ ਭੂਮਿਕਾ ਬੀਜੇਡੀ ਨੇ ਨਿਭਾਈ, ਜਿਸ ਨੇ ਐਨਡੀਏ ਦੇ ਉਮੀਦਵਾਰ ਹਰਿਵੰਸ਼ ਨਰਾਇਣ ਸਿੰਘ ਲਈ ਵੋਟ ਪਾ ਕੇ ਉਨ੍ਹਾਂ ਦੀ ਜਿੱਤ ਪੱਕੀ ਕਰ ਦਿੱਤੀ| ਟੀਆਰਐਸ ਵੀ ਸੱਤਾ ਪੱਖ ਦੇ ਨਾਲ ਰਹੀ| ਮਤਲਬ ਕਾਂਗਰਸ ਕੋਈ ਨਵਾਂ ਸਾਥੀ ਨਹੀਂ ਬਣਾ ਸਕੀ ਹੈ, ਹਾਲਾਂਕਿ ਆਮ ਆਦਮੀ ਪਾਰਟੀ ਨੂੰ ਉਹ ਆਪਣੇ ਪੱਖ ਵਿੱਚ ਲਿਆ ਸਕਦੀ ਸੀ| ‘ਆਪ’ ਨੇ ਕਿਹਾ ਵੀ ਸੀ ਕਿ ਜੇਕਰ ਰਾਹੁਲ ਗਾਂਧੀ ਖੁਦ ਅਨੁਰੋਧ ਕਰਦੇ ਤਾਂ ਉਹ ਯੂਪੀਏ ਉਮੀਦਵਾਰ ਦੇ ਪੱਖ ਵਿੱਚ ਮਤਦਾਨ ਕਰ ਸਕਦੀ ਸੀ|
ਲੱਗਦਾ ਹੈ, ਕਾਂਗਰਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂ ਫਿਰ ਵੱਖ-ਵੱਖ ਦਲਾਂ ਨਾਲ ਸੰਵਾਦ ਨੂੰ ਲੈ ਕੇ ਅਜੇ ਵੀ ਉਹ ਸਹਿਜ ਨਹੀਂ ਹੋ ਪਾਈ ਹੈ| ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਕਾਂਗਰਸ ਜੇਕਰ ਸ਼ੁਰੂ ਤੋਂ ਤਤਪਰ ਰਹਿੰਦੀ ਤਾਂ ਨਤੀਜੇ ਕੁੱਝ ਹੋਰ ਹੋ ਸਕਦੇ ਸਨ| ਬਹਿਰਹਾਲ, ਕਾਂਗਰਸ ਦੀ ਤੁਲਨਾ ਵਿੱਚ ਭਾਜਪਾ ਆਪਣੇ ਕੁਨਬੇ ਨੂੰ ਮਜਬੂਤ ਰੱਖਣ ਅਤੇ ਉਸਦਾ ਵਿਸਥਾਰ ਕਰਨ ਵਿੱਚ ਕਾਮਯਾਬ ਦਿੱਖ ਰਹੀ ਹੈ| ਉਸ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਅਗਲੀਆਂ ਆਮ ਚੋਣਾਂ ਵਿੱਚ ਐਨਡੀਏ ਢਾਂਚੇ ਨੂੰ ਸਾਹਮਣੇ ਰੱਖ ਕੇ ਹੀ ਉਤਰਨਾ ਠੀਕ ਰਹੇਗਾ| ਇਸ ਸੋਚ ਦੇ ਤਹਿਤ ਉਸ ਨੇ ਜੇਡੀਊ ਦੇ ਉਮੀਦਵਾਰ ਨੂੰ ਤਵੱਜੋਂ ਦਿੱਤੀ ਅਤੇ ਨੀਤੀਸ਼ ਕੁਮਾਰ ਨੂੰ ਅੱਗੇ ਕਰਕੇ ਬੀਜੇਡੀ ਦਾ ਸਮਰਥਨ ਯਕੀਨੀ ਕੀਤਾ|
ਉਸਦੇ ਲਈ ਰਾਹਤ ਦੀ ਗੱਲ ਹੈ ਕਿ ਸ਼ਿਵਸੈਨਾ ਨੇ ਇਸ ਮਾਮਲੇ ਵਿੱਚ ਵੱਖ ਰਸਤਾ ਨਹੀਂ ਅਪਨਾਇਆ| ਇਸ ਚੋਣ ਦਾ ਇੱਕ ਸੰਕੇਤ ਇਹ ਹੈ ਕਿ ਕੁੱਝ ਖੇਤਰੀ ਦਲ ਕਾਂਗਰਸ ਦੀ ਛਤਰੀ ਵਿੱਚ ਆਉਣ ਨੂੰ ਕਦੇ ਵੀ ਤਿਆਰ ਨਹੀਂ ਹਨ| ਬੀਜੇਡੀ ਅਤੇ ਟੀਆਰਐਸ ਵਰਗੀਆਂ ਪਾਰਟੀਆਂ ਲੋਕ ਸਭਾ ਚੋਣਾਂ ਵਿੱਚ ਜਾਂ ਤਾਂ ਭਾਜਪਾ ਦੇ ਨਜਦੀਕ ਰਹਿਣਗੀਆਂ ਜਾਂ ਤੀਜਾ ਰਸਤਾ ਅਪਨਾਉਣਗੀਆਂ| ਭਾਜਪਾ ਦੇ ਤੇਜ ਫੈਲਾਉ ਦੇ ਬਾਵਜੂਦ ਉਹ ਅੱਜ ਵੀ ਆਪਣੀ ਉਸੇ ਰਾਏ ਤੇ ਕਾਇਮ ਹੈ ਕਿ ਕਾਂਗਰਸ ਦੇ ਨਾਲ ਜਾਣ ਨਾਲ ਫਾਇਦੇ ਦੀ ਕੋਈ ਗਾਰੰਟੀ ਨਹੀਂ ਹੈ, ਜਦੋਂ ਕਿ ਨੁਕਸਾਨ ਨਿਸ਼ਚਿਤ ਹੈ| ਅਜਿਹੇ ਵਿੱਚ ਕਾਂਗਰਸ ਦੀ ਮੌਜੂਦਗੀ ਵਾਲਾ ਚੋਣ ਤੋਂ ਪਹਿਲਾਂ ਵਿਰੋਧੀ ਮਹਾਗਠਬੰਧਨ ਆਸਾਨ ਨਹੀਂ ਲੱਗਦਾ| ਬਹਿਰਹਾਲ, ਇੱਕ ਤੇਜ਼ ਬੁੱਧੀਜੀਵੀ ਅਤੇ ਸਮਰਪਤ ਪੱਤਰਕਾਰ ਦਾ ਰਾਜ ਸਭਾ ਦਾ ਉਪ ਸਭਾਪਤੀ ਬਨਣਾ ਖੁਦ ਵਿੱਚ ਇੱਕ ਜਿਕਰਯੋਗ ਘਟਨਾ ਹੈ| ਆਸ ਕਰੀਏ ਕਿ ਇਸ ਨਾਲ ਸੰਸਦ ਦੇ ਉੱਪਰੀ ਸਦਨ ਦੀਆਂ ਬਹਿਸਾਂ ਦਾ ਪੱਧਰ ਹੋਰ ਚੰਗਾ ਹੋਵੇਗਾ|
ਅਨਿਲ ਕੁਮਾਰ

Leave a Reply

Your email address will not be published. Required fields are marked *