ਵਿਰੋਧੀ ਧਿਰ ਦੇ ਕਮਜ਼ੋਰ ਹੋਣ ਦਾ ਫਾਇਦਾ ਉਠਾ ਰਹੀਆਂ ਸਰਕਾਰਾਂ


ਭਾਰਤ ਇਕ ਲੋਕਤਾਂਤਰਿਕ ਦੇਸ਼ ਹੈ| ਇੱਥੇ ਲੋਕਾਂ ਦੀਆਂ ਵੋਟਾਂ ਦੇ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਹਨ ਅਤੇ ਵਿਰੋਧੀ ਧਿਰ ਵੀ ਬਣਦੀ ਹੈ| ਸਰਕਾਰ ਦਾ ਕੰਮ ਜਨਤਾ ਲਈ ਭਲਾਈ ਸਕੀਮਾਂ ਬਣਾ ਕੇ ਅਤੇ ਪਾਰਟੀ ਦੀਆਂ ਨੀਤੀਆਂ ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਹੁੰਦਾ ਹੈ ਜਦਕਿ ਵਿਰੋਧੀ ਧਿਰ ਦਾ ਕੰਮ ਸਰਕਾਰ ਦੇ ਚੰਗੇ ਕੰਮਾਂ ਵਿੱਚ ਸਾਥ            ਦੇਣਾ ਅਤੇ ਜਨਤਾ ਦੇ ਲਈ ਸਰਕਾਰ ਨੂੰ ਕੁਝ ਗਲਤ ਕਦਮ ਚੁੱਕਣ ਤੋਂ ਰੋਕਣਾ ਹੁੰਦਾ ਹੈ| ਇਸ ਵੇਲੇ ਭਾਰਤ ਦੇ ਵਿਚ ਸਰਕਾਰ ਅਤੇ ਵਿਰੋਧੀ ਧਿਰ ਆਪਣੇ ਆਪਣੇ ਕੰਮਾਂ ਨੂੰ ਭੁੱਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਨੂੰ ਲੈ ਕੇ ਆਪਣੇ ਰਸਤੇ ਤੋਂ ਭਟਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ| ਇਸ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਇਹ ਕਿਉਂ ਅਤੇ ਕਿਹੜੇ ਕਾਰਨਾਂ ਕਰਕੇ ਹੋ ਰਿਹਾ ਹੈ| 
ਲਗਾਤਾਰ ਦੂਸਰੀ ਵਾਰ ਸੱਤਾ ਵਿਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਬਣੀ| ਆਪਣੇ ਲਗਭਗ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ             ਕੇਂਦਰ ਸਰਕਾਰ ਆਪਣੇ ਵਾਅਦਿਆਂ ਤੋਂ ਉਲਟ ਲੋਕਾਂ ਨੂੰ ਸਬਜਬਾਗ ਦਿਖਾ ਕੇ ਕੁਝ ਇਹੋ ਜਿਹੇ ਫੈਸਲੇ ਕੀਤੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਜਨਤਾ ਨੂੰ ਵਿਸ਼ਵਾਸ਼ ਦੁਆਇਆ ਸੀ ਕਿ ਇਨ੍ਹਾਂ ਫੈਸਲਿਆਂ ਦਾ ਜਨਤਾ ਨੂੰ ਫਾਇਦਾ ਮਿਲੇਗਾ ਪਰੰਤੂ ਹੋਇਆ ਕੁਝ ਵੀ ਨਹੀਂ ਬਲਕਿ ਜਨਤਾ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਹੀ ਹੋਇਆ| ਇਨ੍ਹਾਂ ਫੈਸਲਿਆਂ ਵਿਚ ਪਹਿਲਾ ਫੈਸਲਾ ਨੋਟਬੰਦੀ ਦਾ ਕਿਹਾ ਜਾ ਸਕਦਾ ਹੈ| ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਕੋ ਦਮ ਹੀ ਨੋਟਬੰਦੀ ਦਾ ਫੈਸਲਾ ਸੁਣਾ ਕੇ ਜਨਤਾ ਨੂੰ ਇਹ ਸੁਪਨਾ ਦਿਖਾਇਆ ਗਿਆ ਕਿ ਇਸ ਫੈਸਲੇ ਦਾ ਜਨਤਾ ਨੂੰ ਲਾਭ ਮਿਲੇਗਾ ਅਤੇ ਨਕਲੀ ਨੋਟਾਂ ਦੇ ਕਾਰੋਬਾਰ ਤੇ ਕਿਤੇ ਨਾ ਕਿਤੇ ਅਸਰ ਪਵੇਗਾ, ਜਨਤਾ ਨੂੰ ਕੀ ਮਿਲਿਆ ਕੁਝ ਨਹੀਂ| ਨਕਲੀ ਨੋਟ ਮਾਰਕੀਟ ਵਿਚੋਂ ਕੀ ਬੰਦ ਹੋਣੇ ਸਨ ਉਸ ਤੋਂ ਬਾਅਦ ਤਾਂ ਬੈਕਾਂ ਦੇ ਏ.ਟੀ.ਐਮਜ ਵਿਚੋਂ ਵੀ ਨਕਲੀ ਨੋਟ ਨਿਕਲਣੇ ਸ਼ੁਰੂ ਹੋ ਗਏ, ਜਿਥੇ ਪਹਿਲਾਂ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਨਕਲੀ ਨੋਟ ਫੜੇ ਜਾਂਦੇ ਸਨ ਹੁਣ ਉਹ ਗਿਣਤੀ ਵੱਧ ਕੇ ਲੱਖਾਂ ਦੇ ਹੋਣੀ ਸ਼ੁਰੂ ਹੋ ਗਈ| ਜਿਸਦੀ ਇਕ ਉਦਾਹਰਣ ਲਗਭਗ 2 ਮਹੀਨੇ ਪਹਿਲਾਂ ਹੁਸ਼ਿਆਰਪੁਰ ਦੇ ਵਿਚ ਫੜਿਆ ਗਿਆ ਇਕ ਨਕਲੀ ਨੋਟਾਂ ਦਾ ਗਿਰੋਹ ਸੀ, ਜਿਸਨੇ ਲੱਖਾਂ ਦੀ ਗਿਣਤੀ ਵਿਚ ਨੋਟ ਮਾਰਕਿਟ ਵਿਚ ਚਲਾ ਦਿੱਤੇ ਸਨ ਅਤੇ ਲਖਾਂ ਰੁਪਏ ਦੀ ਨਕਲੀ ਕਰੰਸੀ ਉਨਾਂ ਦੇ ਕੋਲੋਂ ਬਰਾਮਦ ਵੀ ਹੋਈ| ਇਸ ਦੌਰਾਨ ਕਈ ਲੋਕਾਂ ਵਲੋਂ ਲਏ ਗਏ ਫਾਹੇ ਵੀ ਕਿਤੇ ਨਾ ਕਿਤੇ ਨੋਟਬੰਦੀ ਦੇ ਫੈਸਲੇ ਨੂੰ ਗਲਤ ਠਹਿਰਾਉਣ ਲਈ ਕਾਫੀ ਸਨ| ਦੂਸਰਾ ਫੈਸਲਾ ਕੇਂਦਰ ਸਰਕਾਰ ਦਾ ਜੀ.ਐਸ.ਟੀ. ਨੂੰ ਲੈ ਕੇ ਸੀ, ਜਨਤਾ ਨੂੰ ਕਿਹਾ ਕਿ ਆਪ ਨੂੰ ਮਿਲਣ ਵਾਲੀਆਂ ਵਸ਼ਤੂਆਂ ਤੇ ਇਕ ਵਾਰ ਹੀ ਟੈਕਸ ਲਗੇਗਾ ਜਿਸ ਨਾਲ ਚੀਜ਼ਾ ਦੀਆਂ ਕੀਮਤਾਂ ਵਿਚ ਕਮੀ ਆਵੇਗੀ, ਪਰੰਤੂ ਕੀਮਤਾਂ ਵਿਚ ਕਮੀ ਆਉਣ ਦੀ ਬਜਾਏ ਇਸ ਵੇਲੇ ਮਹਿੰਗਾਈ ਆਪਣੇ ਸਿਖਰ ਨੂੰ ਛੂਹ ਰਹੀ ਹੈ| ਤੀਸਰਾ ਫੈਸਲਾ ਜੋ ਕਿ ਕਿਸਾਨਾਂ ਦੇ ਬਿਲ, ਜਿਸਦਾ ਸਖਤ ਵਿਰੋਧ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਟਸ ਤੋਂ ਮਸ ਨਾ ਹੁੰਦੇ ਹੋਏ ਆਪਣੇ ਫੈਸਲੇ ਤੇ ਅੜੀ ਹੋਈ ਹੈ ਕਿ ਜੋ ਅਸੀਂ ਫੈਸਲਾ ਕੀਤਾ ਉਹ ਬਿਲਕੁੱਲ ਸਹੀ ਹੈ| ਵੱਖ-ਵੱਖ ਰਾਜਾਂ ਦੇ ਵਿਚ ਮਿਲੀ ਜਿੱਤ ਦੇ ਬਾਅਦ ਤਾਂ ਕੇਂਦਰ ਸਰਕਾਰ ਬਿਲਕੁੱਲ ਹੀ ਧੱਕੇਸ਼ਾਹੀ ਤੇ ਉੱਤਰ ਆਈ ਕਿ ਫੈਸਲੇ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗਾਂ ਵੀ ਬੇਸਿੱਟਾਂ ਰਹੀਆਂ ਅਤੇ ਸਰਕਾਰ ਆਪਣੇ ਫੈਸਲੇ ਤੇ ਪੂਰੀ ਤਰ੍ਹਾਂ ਨਾਲ ਕਾਇਮ ਹੈ| ਸਰਕਾਰ ਤਾਂ ਇਸ ਵੇਲੇ ਇਨ੍ਹਾਂ ਧੱਕੇਸ਼ਾਹੀ ਤੇ ਉਤਾਰੂ ਹੋਈ ਪਈ ਹੈ ਕਿ ਉਹ ਇਸ ਮਾਮਲੇ ਨੂੰ ਰਾਜਨੀਤਿਕ ਦੱਸਣ ਤੋਂ ਵੀ ਗੁਰੇਜ਼ ਨਹੀਂ ਕਰ ਰਹੀ| 
ਇਸ ਤੋਂ ਬਾਅਦ ਗੱਲ ਕੀਤੀ ਜਾਵੇ ਮਹਿੰਗਾਈ ਦੀ ਤਾਂ ਮਹਿੰਗਾਈ ਇਸ ਵੇਲੇ ਕਾਫੀ ਤੇਜ਼ੀ ਨਾਲ ਅੱਗੇ ਤੋਂ ਅੱਗੇ ਵੱਧ ਰਹੀ ਹੈ| ਆਏ ਦਿਨ ਚੀਜਾਂ ਦੀਆਂ ਕੀਮਤਾਂ ਇਸ ਤਰ੍ਹਾਂ ਨਾਲ ਵੱਧ ਰਹੀ ਹੈ ਜਿਸ ਤਰ੍ਹਾਂ 100 ਮੀਟਰ ਦੀ ਫਰਾਟਾ ਦੌੜ ਲੱਗੀ ਹੋਈ ਹੋਵੇ ਅਤੇ ਮਹਿੰਗਾਈ ਬਹੁਤ ਹੀ ਤੇਜ਼ੀ ਨਾਲ ਸਭ ਤੋਂ ਪਿਛੇ ਛੱਡਦੀ ਹੋਈ ਪਹਿਲੇ ਸਥਾਨ ਤੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ| ਸਰਕਾਰ ਦੀਆਂ ਨੀਤੀਆਂ ਤਾਂ ਕਿਤੇ ਲਾਗੇ ਵੀ ਲਗਦੀਆਂ ਨਹੀਂ ਦਿਖਾਈ ਦੇ ਰਹੀਆਂ| ਸਰਕਾਰ ਮਹਿੰਗਾਈ ਤੇ ਕੰਟਰੋਲ ਕਰਨਾ ਤਾਂ ਦੂਰ ਦੀ ਗੱਲ ਮਹਿੰਗਾਈ ਤੇ ਗੱਲ ਕਰਨ ਤੋਂ ਵੀ ਗੁਰੇਜ ਕਰਦੀ ਹੋਈ ਦਿਖਾਈ ਦੇ ਰਹੀ ਹੈ| ਉਨ੍ਹਾਂ ਦੇ ਮੰਤਰੀ ਅਤੇ ਭਾਜਪਾ ਦੇ ਵਰਕਰ ਇਸ ਗੱਲ ਨੂੰ ਮੰਨਣ ਨੂੰ ਹੀ ਤਿਆਰ ਨਹੀਂ ਮਹਿੰਗਾਈ ਹੈ| ਉਹ ਤਾਂ ਇਹ ਕਹਿ ਰਹੇ ਹਨ ਕਿ ਕੁਝ ਪਾਉਣ ਲਈ ਕੁਝ ਖੋਹਣਾ ਪੈਂਦਾ ਹੈ ਪਰੰਤੂ ਇਥੇ ਇਹ ਸਮਝ ਨਹੀਂ ਆ ਰਹੀ ਜਨਤਾ ਨੂੰ ਮਹਿੰਗਾਈ ਨਾਲ ਮਿਲ ਕੀ ਰਿਹਾ ਹੈ ਉਹ ਤਾਂ ਆਪਣਾ ਸਭ ਕੁਝ ਗੁਆਉਂਦੀ ਹੋਈ ਦਿਖਾਈ ਦੇ ਰਹੀ ਹੈ| ਪੈਟੋਰੀਲਅਮ ਪਦਾਰਥਾਂ ਦੀ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਕੱਚੇ ਤੇਲ ਦੀਆਂ ਕੀਮਤਾਂ ਘੱਟਣ ਤੇ ਵੀ ਪੈਟਰੋਲੀਅਮ ਪਦਾਰਥਾਂ ਦੀ ਕੀਮਤਾਂ ਨੂੰ ਲੈ ਕੇ ਸਰਕਾਰ ਕੋਈ ਕਦਮ ਚੁੱਕਣ ਲਈ ਤਿਆਰ ਨਹੀਂ ਹੈ| 
ਸਰਕਾਰ ਦੀ ਧੱਕੇਸ਼ਾਹੀ ਅਤੇ ਗਲਤ ਫੈਸਲਿਆਂ ਤੇ ਮੁੜ ਨਾ ਵਿਚਾਰ ਕਰਨ ਦੇ ਪਿੱਛੇ ਇਕ ਸਭ ਤੋਂ ਵੱਡਾ ਤੇ ਅਹਿਮ ਕਾਰਨ ਕਾਂਗਰਸ, ਆਪ, ਬਸਪਾ ਅਤੇ ਹੋਰ ਵਿਰੋਧੀ ਧਿਰ ਦੀ ਆਪਣੀ ਆਪਣੀ ਡਫਲੀ ਅਤੇ ਆਪਣਾ ਆਪਣਾ ਰਾਗ ਮੰਨਿਆ ਜਾ ਸਕਦਾ ਹੈ, ਕਿਉਂਕਿ ਜਦੋਂ ਸਰਕਾਰ ਕੋਈ ਗਲਤ ਫੈਸਲਾ ਜਾਂ ਲੋਕ ਵਿਰੋਧੀ ਫੈਸਲਾ ਲੈਦੀਂ ਹੈ ਤਾਂ ਉਸ ਵੇਲੇ ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਕਿ ਉਸਦਾ ਵਿਰੋਧ ਕਰੇ| ਪਰੰਤੂ ਵਿਰੋਧੀ ਧਿਰ ਵਿਰੋਧ ਕਰਨ ਵਿਚ ਕਿਤੇ ਨਾ ਕਿਤੇ ਨਾਕਾਮਯਾਬ ਸਾਬਤ ਹੋਈ ਹੈ| ਨੋਟਬੰਦੀ, ਜੀ.ਐਸ.ਟੀ., ਮਹਿੰਗਾਈ, ਕਿਸਾਨਾਂ ਦੇ ਵਿਰੋਧੀ ਬਿਲਾਂ ਨੂੰ ਲੈ ਕੇ ਆਪਣੇ ਆਪਣੇ ਤਰੀਕੇ ਨਾਲ ਵਿਰੋਧ ਕੀਤਾ ਅਤੇ ਕੁਝ ਸਮੇਂ ਬਾਅਦ ਚੁੱਪ ਕਰ ਗਏ| ਆਪਣੀ ਆਪਣੀ ਪਾਰਟੀ ਨੂੰ ਰਾਜਨੀਤਿਕ ਤੌਰ ਤੇ ਮਜ਼ਬੂਤ ਕਰਨ ਲਈ ਹੋਰ ਕਦਮਾਂ ਦੇ ਵੱਲ ਧਿਆਨ ਦਿੱਤਾ ਗਿਆ ਨਾ ਕਿ ਲੋਕਾਂ ਦੇ ਨਾਲ ਖੜੇ ਹੋਣ ਵੱਲ ਕੋਈ ਕੰਮ ਕੀਤਾ ਗਿਆ, ਹਾਲਾਂਕਿ ਜੇਕਰ ਵਿਰੋਧੀ ਧਿਰ ਇਕਜੁੱਟ ਹੋ ਕੇ ਫੈਸਲਿਆਂ ਦੇ ਖਿਲਾਫ ਖੜੀ ਹੁੰਦੀ ਤਾਂ ਸਰਕਾਰ ਕਿਤੇ ਨਾ ਕਿਤੇ ਉਨਖ਼ਾਂ ਫੈਸਲਿਆਂ ਤੇ ਵਿਚਾਰ ਕਰਨ ਲਈ ਮਜ਼ਬੂਰ ਹੁੰਦੀ| ਸਰਕਾਰ ਕਿਉਂ ਫੈਸਲਿਆਂ ਦੇ ਬਾਰੇ ਵਿਚਾਰ ਕਰੇ ਉਸਨੂੰ ਪਤਾ ਹੈ ਕਿ ਵਿਰੋਧੀ ਧਿਰ ਇਸ ਵੇਲੇ ਬਹੁਤ ਹੀ ਕਮਜ਼ੋਰ ਹੈ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਕਿਤੇ ਨਾ ਕਿਤੇ ਜੂਝ ਰਹੀ ਹੈ ਇਸ ਗੱਲ ਤਾਂ ਸਰਕਾਰ ਨਜ਼ਾਇਜ਼ ਫਾਇਦਾ ਚੁੱਕ ਰਹੀ ਹੈ| ਹੁਣ ਵੀ ਜੇਕਰ ਵਿਰੋਧੀ ਇਕਜੁੱਟ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿਚ ਸਰਕਾਰ ਧੱਕੇਸ਼ਾਹੀ ਅਤੇ ਆਪਣੀ ਮਨਮਰਜ਼ੀ ਕਰਦੀ ਰਹੇਗੀ, ਜਿਸਦਾ ਨੁਕਸਾਨ ਵਿਰੋਧੀ ਧਿਰ ਨੂੰ ਤਾਂ ਕੀ ਹੋਣਾ ਪਰੰਤੂ ਜਨਤਾ ਨੂੰ ਜਰੂਰ ਹੁੰਦਾ ਰਹੇਗਾ| ਇਸ ਵੇਲੇ ਸਮੇਂ ਵੀ ਇਹੋ ਮੰਗ ਹੈ ਕਿ ਵਿਰੋਧੀ ਧਿਰ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਇਕੱਠੇ ਹੋ ਕੇ ਇਹੋ ਜਿਹੀ ਰਣਨੀਤੀ ਤਿਆਰ ਕਰੇ ਜਿਸ ਨਾਲ ਸਰਕਾਰ ਸੋਚਣ ਲਈ ਮਜ਼ਬੂਰ ਹੋ ਜਾਵੇ|
ਮਨਪ੍ਰੀਤ ਸਿੰਘ ਮੰਨਾ
ਮੋ. 09417717095

Leave a Reply

Your email address will not be published. Required fields are marked *