ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਦੀ ਅਗਵਾਈ ਵਿਚ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਆਪ ਦੇ 9 ਵਿਧਾਇਕ ਅਤੇ ਹੋਰ ਆਗੂ ਪੁਲੀਸ ਵਲੋਂ ਗ੍ਰਿਫਤਾਰੀ ਤੋਂ ਬਾਅਦ ਰਿਹਾਅ


ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਦਲਿਤ ਵਜੀਫਾ ਸਕੀਮ ਵਿੱਚ ਹੋਏ ਕਥਿਤ ਘਪਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿਟ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਵਲੋਂ ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਲਈ ਕੂਚ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਵਲੋਂ ਆਈ ਵਜ਼ੀਫਾ ਸਕੀਤਾ ਤਹਿਤ ਕਰੋੜਾਂ ਰੁਪਏ ਦਾ ਘਪਲਾ ਕਰਕੇ ਦਲਿਤ ਬਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਦੀ ਵੀ ਮਿਲੀਭੁਗਤ ਹੈ, ਇਸੇ ਕਾਰਨ ਕੈਬਿਨਟ ਮੰਤਰੀ ਧਰਮਸੋਤ ਨੂੰ ਵਜ਼ੀਫਾ ਘੁਟਾਲੇ ਵਿਚ ਕਲੀਨ ਚਿੱਟ ਦਿਤੀ ਗਈ ਹੈ| ਉਹਨਾਂ ਮੰਗ ਕੀਤੀ ਕਿ ਕੈਬਿਨਟ ਮੰਤਰੀ ਸਾਧੂ ਸਿੰਘ ਧਰਮ ਸੋਤ ਨੂੰ ਬਰਖਾਸਤ ਕਰਕੇ ਇਸ ਘੁਟਾਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ|
ਮੁੱਖ ਮੰਤਰੀ ਦੇ ਫਾਰਮ ਵੱਲ ਕੂਚ ਕਰ ਰਹੇ ਇਹਨਾਂ ਸਾਰਿਆਂ ਨੂੰ ਪੁਲੀਸ ਵਲੋਂ ਰਾਹ ਵਿੱਚ ਹੀ ਰੋਕ ਲਿਆ ਗਿਆ| ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਉੱਥੇ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ ਗਈ| ਇਸ ਮੌਕੇ ਆਪ ਆਗੂਆਂ ਅਤੇ ਪੁਲੀਸ ਵਿਚਾਲੇ ਕਾਫੀ ਧੱਕਾ ਮੁੱਕੀ ਵੀ ਹੋਈ ਅਤੇ ਮਾਹੌਲ ਤਨਾਓ ਪੂਰਨ ਹੋ ਗਿਆ| ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਓ ਕਰ ਰਹੇ ਆਪ ਦੇ 9 ਵਿਧਾਇਕਾਂ ਨੂੰ ਪੁਲੀਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਖਰੜ ਲੈ ਗਈ ਜਿੱਥੇ ਕੁਝ ਸਮੇਂ ਬਾਅਦ ਪੁਲੀਸ ਵਲੋਂ ਇਹਨਾਂ ਸਾਰਿਆਂ ਨੂੰ ਰਿਹਾਅ ਕਰ ਦਿਤਾ ਗਿਆ|
ਰਿਹਾਅ ਹੋਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਤਾਨਾਸ਼ਾਹੀ ਦਾ ਰਾਜ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਹਿਟਲਰ ਦੀ ਆਤਮਾ ਪ੍ਰਵੇਸ ਕਰ ਗਈ ਹੈ| ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪ੍ਰਾਈਵੇਟ ਸੀਸਵਾਂ ਫਾਰਮ ਹਾਊਸ ਹੀ ਰਹਿੰਦੇ ਹਨ, ਇਸ ਕਾਰਨ ਆਮ ਆਦਮੀ ਪਾਰਟੀ ਵਲੋਂ ਅੱਜ ਇਸ ਫਾਰਮ ਹਾਉਸ ਦਾ ਘਿਰਾਓ ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਉਹ ਵਜ਼ੀਫਾ ਘੁਟਾਲੇ ਦੀ ਜਾਂਚ ਸਬੰਧੀ ਹਾਈਕੋਰਟ ਜਾਣਗੇ| ਉਹਨਾਂ ਮੰਗ ਕੀਤੀ ਕਿ ਕੈਬਿਨਟ ਮੰਤਰੀ ਧਰਮਸੋਤ ਨੂੰ ਬਰਖਾਸਤ ਕਰਕੇ ਸਾਰੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਇਹ ਜਾਂਚ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਵਿਚ ਹੋਵੇ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹੈ| ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਸਬੰਧੀ ਨਵੀਂ ਰੂਪ ਰੇਖਾ ਉਲੀਕੀ ਜਾਵੇਗੀ| ਉਹਨਾਂ ਕਿਹਾ ਕਿ ਖੇਤੀ ਬਿਲਾਂ ਸਬੰਧੀ ਤੁਰੰਤ ਸਰਬ ਪਾਰਟੀ ਮੀਟਿੰਗ ਸੱਦੀ ਜਾਣੀ ਚਾਹੀਦੀ ਹੈ ਅਤੇ ਖੇਤੀ ਬਿਲਾਂ ਸਬੰਧੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ|
ਆਪ ਆਗੂਆਂ ਨੂੰ ਰਿਹਾਅ ਕੀਤੇ ਜਾਣ ਉਪਰੰਤ ਖਰੜ ਦੇ ਐਸ ਡੀ ਐਮ ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਆਪ ਆਗੂਆਂ ਵਲੋਂ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਗਿਆ ਸੀ ਅਤੇ ਜਦੋਂ ਤਕ ਆਪ ਆਗੂ ਸ਼ਾਂਤ ਰਹੇ, ਊਹਨਾਂ ਨੂੰ ਪੁਲੀਸ ਵਲੋਂ ਕੁਝ ਨਹੀਂ ਕਿਹਾ ਗਿਆ, ਜਦੋਂ ਇਹਨਾਂ ਆਗੂਆਂ ਨੇ ਸਿਸਵਾਂ ਰੈਸਟ ਹਾਊਸ ਵਲ ਵਧਣਾ ਸ਼ੁਰੂ ਕੀਤਾ ਤਾਂ ਇਹਨਾਂ ਆਗੂਆਂ ਨੂੰ ਰੋਕ ਲਿਆ ਗਿਆ ਅਤੇ ਉਥੇ ਸ਼ਾਂਤੀ ਕਾਇਮ ਰਖਣ ਲਈ ਆਪ ਦੇ 9 ਵਿਧਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਹਨਾਂ ਨੂੰ ਕਿ ਬਾਅਦ ਵਿਚ ਰਿਹਾਅ ਕਰ ਦਿਤਾ ਗਿਆ| ਉਹਨਾਂ ਕਿਹਾ ਕਿ ਆਪ ਆਗੂਆਂ ਨੂੰ ਮੌਕੇ ਨੂੰ ਵੇਖਦੇ ਹੋਏ ਰਿਹਾਅ ਕੀਤਾ ਗਿਆ ਹੈ|

Leave a Reply

Your email address will not be published. Required fields are marked *