ਵਿਰੋਧੀ ਧਿਰ ਵਿੱਚ ਇੱਕਜੁਟਤਾ

ਵਿਰੋਧੀ ਦਲਾਂ ਨੇ ਤੇਲੰਗਾਨਾ ਵਿੱਚ ਅਚਾਨਕ ਸਾਹਮਣੇ ਆ ਖੜੀ ਹੋਈ ਚੋਣਾਂ ਦੀ ਚੁਣੌਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਤੇਜੀ ਨਾਲ ਉਥੇ ਮਹਾਗਠਜੋੜ ਦਾ ਐਲਾਨ ਕੀਤਾ, ਉਹ ਇਸ ਗੱਲ ਦਾ ਸੰਕੇਤ ਹੈ ਕਿ ਵਿਰੋਧੀ ਧਿਰ ਦੀ ਸੁਸਤੀ ਦੂਰ ਹੋ ਰਹੀ ਹੈ| ਹੋਰ ਤਾਂ ਹੋਰ ਆਪਣੇ ਜਨਮਕਾਲ ਤੋਂ ਹੀ ਕਾਂਗਰਸ ਦੀ ਵਿਰੋਧੀ ਰਹੀ ਤੇਲੁਗੂਦੇਸ਼ਮ ਨੇ ਵੀ ਉਸਦੇ ਨਾਲ ਜਾਣ ਦਾ ਫੈਸਲਾ ਕੀਤਾ ਹੈ!
ਅਜੇ ਤੱਕ ਦੇਸ਼ ਵਿੱਚ ਸਭ ਦਾ ਧਿਆਨ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਰਗੇ ਰਾਜਾਂ ਉਤੇ ਹੀ ਲੱਗਿਆ ਸੀ, ਜਿੱਥੇ ਅਗਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਵਿਧਾਨਸਭਾ ਚੋਣਾਂ ਹੋਣੀਆਂ ਹਨ| ਪਰੰਤੂ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਵ (ਕੇਸੀਆਰ) ਨੇ ਵਿਧਾਨਸਭਾ ਭੰਗ ਕਰਨ ਦੀ ਘੋਸ਼ਣਾ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ| ਕਾਨੂੰਨਨ, ਵਿਧਾਨਸਭਾ ਭੰਗ ਹੋਣ ਦੇ ਛੇ ਮਹੀਨੇ ਦੇ ਅੰਦਰ ਚੋਣਾਂ ਹੋਣੀਆਂ ਜਰੂਰੀ ਹਨ, ਤਾਂ ਚਾਰ ਰਾਜਾਂ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਇੱਕ ਹੋਰ ਰਾਜ ਦਾ ਵਾਧਾ ਹੋ ਗਿਆ| ਵਿਰੋਧੀ ਦਲ ਅਜਿਹਾ ਕੋਈ ਸੰਕੇਤ ਨਹੀਂ ਦੇਣਾ ਚਾਹੁੰਦੇ ਸਨ ਕਿ ਕੇਸੀਆਰ ਨੇ ਆਪਣੇ ਦਾਅ ਨਾਲ ਉਨ੍ਹਾਂ ਨੂੰ ਪਸਤ ਕਰ ਦਿੱਤਾ ਹੈ|
ਇਹੀ ਵਜ੍ਹਾ ਹੈ ਕਿ ਕੁੱਝ ਜ਼ਿਆਦਾ ਹੀ ਤੇਜੀ ਦਿਖਾਉਂਦੇ ਹੋਏ ਇੱਥੇ ਕਾਂਗਰਸ,ਤੇਲੁਗੂ ਦੇਸ਼ਮ ਅਤੇ ਸੀਪੀਆਈ ਦੇ ਸਥਾਨਕ ਨੇਤਾਵਾਂ ਨੇ ਆਪਸੀ ਗੱਲਬਾਤ ਵਿੱਚ ਤੈਅ ਕਰ ਲਿਆ ਕਿ ਸੀਟਾਂ ਦੀ ਵੰਡ ਹੁੰਦੀ ਰਹੇਗੀ ਪਰੰਤੂ ਗੱਠਜੋੜ ਦੀ ਘੋਸ਼ਣਾ ਤੁਰੰਤ ਕਰ ਦਿੱਤੀ ਜਾਵੇ| ਵਿਧਾਨਸਭਾ ਚੋਣਾਂ ਵਿੱਚ ਸੀਟਾਂ ਵੰਡਣਾ ਕਦੇ ਆਸਾਨ ਨਹੀਂ ਹੁੰਦਾ ਪਰੰਤੂ ਸਾਰੀਆਂ ਪਾਰਟੀਆਂ ਦੀ ਸਰਵਉੱਚ ਅਗਵਾਈ ਗਠਜੋੜ ਦਾ ਫੈਸਲਾ ਲੈ ਚੁੱਕੀ ਹੈ ਤਾਂ ਇਹ ਲਗਪਗ ਤੈਅ ਹੈ ਕਿ ਉਹ ਇਕੱਠੇ ਹੀ ਚੋਣ ਲੜਣਗੇ| ਤੇਲੰਗਾਨਾ ਵਿੱਚ ਵਿਰੋਧੀ ਧਿਰ ਦੀ ਇਸ ਇੱਕ ਜੁੱਟਤਾ ਦੇ ਬਾਕੀ ਦੇਸ਼ਾਂ ਲਈ ਵੀ ਕੁੱਝ ਮਾਇਨੇ ਹਨ| ਖਾਸ ਕਰਕੇ ਤੇਲੁਗੂਦੇਸ਼ਮ ਪਾਰਟੀ ਅਤੇ ਕਾਂਗਰਸ ਦੇ ਨਾਲ ਆਉਣ ਦੇ, ਜਿਨ੍ਹਾਂ ਦੀ ਟੱਕਰ ਗੁਆਂਢੀ ਰਾਜ ਆਂਧ੍ਰ ਪ੍ਰਦੇਸ਼ ਵਿੱਚ ਹੋਣੀ ਹੀ ਹੈ| ਦੂਰ-ਦੂਰ ਤੱਕ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਦੋਵੇਂ ਪਾਰਟੀਆਂ ਤੇਲੰਗਾਨਾ ਚੋਣਾਂ ਤੋਂ ਪਹਿਲਾਂ ਇਕੱਠੀਆਂ ਆਉਣਗੀਆਂ| ਪਰੰਤੂ ਰਾਜਨੀਤੀ ਵਿੱਚ ਅਸਧਾਰਨ ਚੁਣੌਤੀਆਂ ਨਾਲ ਨਿਪਟਨ ਦੇ ਅਸਧਾਰਣ ਤਰੀਕੇ ਅਕਸਰ ਅਪਨਾਏ ਜਾਂਦੇ ਹਨ| ਇਸ ਤੋਂ ਪਹਿਲਾਂ ਯੂਪੀ ਵਿੱਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਇਕੱਠੇ ਆਉਂਦੇ ਅਸੀਂ ਵੇਖ ਚੁੱਕੇ ਹਾਂ| ਹੌਲੀ-ਹੌਲੀ ਇਹ ਸਾਫ ਹੁੰਦਾ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਦੀ ਚੁਣੌਤੀ ਨੂੰ ਵਿਰੋਧੀ ਧਿਰ ਵੀ ਕਿਸੇ ਆਮ ਚੋਣ ਮੁਕਾਬਲੇ ਤੋਂ ਜ਼ਿਆਦਾ ਗੰਭੀਰਤਾ ਨਾਲ ਲੈ ਰਿਹਾ ਹੈ| ਹਾਲਾਂਕਿ ਆਮ ਚੋਣਾਂ ਅਜੇ ਦੂਰ ਹਨ ਅਤੇ ਉਦੋਂ ਤੱਕ ਰਾਜਨੀਤੀ ਵਿੱਚ ਬਹੁਤ ਸਾਰੇ ਖੇਡ- ਤਮਾਸ਼ੇ ਦੇਖਣ ਨੂੰ ਮਿਲ ਸਕਦੇ ਹਨ|
ਰਵੀ ਸ਼ੰਕਰ

Leave a Reply

Your email address will not be published. Required fields are marked *