ਵਿਸ਼ਵ ਕੈਂਸਰ ਦਿਵਸ ਸੰਬੰਧੀ ਫੋਰਟਿਸ ਅਤੇ ਆਰੀਅਨਜ਼ ਵਲੋਂ ਕੈਂਸਰ ਜਾਗਰੂਕਤਾ ਤੱਥ ਅਤੇ ਰੋਕਥਾਮ ਤੇ ਵੈਬੀਨਾਰ ਆਯੋਜਿਤ
ਐਸ ਏ ਐਸ ਨਗਰਬ, 4 ਫਰਵਰੀ (ਸ.ਬ.) ਵਿਸ਼ਵ ਕੈਂਸਰ ਦਿਵਸ ਦੇ ਸੰਬੰਧ ਵਿੱਚ ਕੈਂਸਰ ਦੀ ਰੋਕਥਾਮ ਦੇ ਉਪਾਵਾਂ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਆਰੀਅਨਜ਼ ਇੰਸਟੀਚਿਉਟ ਆਫ਼ ਨਰਸਿੰਗ, ਰਾਜਪੁਰਾ ਵਿਖੇ ਫੋਰਟਿਸ ਹਸਪਤਾਲ, ਮੁਹਾਲੀ ਦੇ ਸਹਿਯੋਗ ਨਾਲ ‘ਆਈ ਐਮ ਐਂਡ ਆਈ ਵਿਲ’ ਵਿਸ਼ੇ ਤਹਿਤ ਵੈਬੀਨਾਰ ਕਰਵਾਇਆ ਗਿਆ।
ਇਸ ਮੌਕੇ ਡਾ: ਨਵਲ ਬਾਂਸਲ, ਬ੍ਰੈਸਟ, ਥਾਈਰੋਇਡ ਅਤੇ ਐਂਡੋਕ੍ਰਾਈਨ ਕੈਂਸਰ ਸਰਜਨ, ਫੋਰਟਿਸ ਹਸਪਤਾਲ ਨੇ ਜੀ ਐਨ ਐਮ, ਏ ਐਨ ਐਮ, ਬੀ ਫਾਰਮੇਸੀ ਅਤੇ ਡੀ ਫਾਰਮੇਸੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵੈਬੀਨਾਰ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨਡਾ. ਅੰਸ਼ੂ ਕਟਾਰੀਆ ਨੇ ਕੀਤੀ।
ਡਾ: ਬਾਂਸਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਂਸਰ ਇੱਕ ਬਿਮਾਰੀ ਹੈ ਜਿਸ ਵਿੱਚ ਸੈਲ ਨਿਯੰਤਰਣ ਤੋਂ ਬਿਨਾਂ ਵੰਡਦੇ ਹਨ ਅਤੇ ਟਿਸ਼ੂਆਂ ਉੱਤੇ ਹਮਲਾ ਕਰ ਸਕਦੇ ਹਨ। ਕੈਂਸਰ ਸੈਲ ਖੂਨ ਅਤੇ ਲਿੰਫ ਪ੍ਰਣਾਲੀਆਂ ਦੁਆਰਾ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਸਕਦੇ ਹਨ ਅਤੇ 100 ਤੋਂ ਵੱਧ ਕਿਸਮਾਂ ਦੇ ਕੈਂਸਰ ਪਾਏ ਜਾਂਦੇ ਹਨ।
ਉਹਨਾਂ ਕੈਂਸਰ ਦੀ ਰੋਕਥਾਮ ਦੇ ਉਪਾਵਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਨਾ ਸਿਰਫ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਥਾਇਰਾਇਡ ਆਦਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਹਾਇਤਾ ਕਰਦੀ ਹੈ ਬਲਕਿ ਕੈਂਸਰ ਤੋਂ ਵੀ ਬਚਾਉਣ ਵਾਲੀ ਸਾਬਤ ਹੁੰਦੀ ਹੈ।