ਵਿਸ਼ਵ ਦੀ ਮਹਾਂਸ਼ਕਤੀ ਬਨਣ ਦੀ ਰੂਸ ਚਾਹਤ

ਰੂਸ ਦੀ ਜਨਤਾ ਨੇ ਵਲਾਦੀਮੀਰ ਪੁਤਿਨ ਨੂੰ ਚੌਥੀ ਵਾਰ ਦੇਸ਼ ਦੀ ਸੱਤਾ ਸੰਭਾਲਣ ਲਈ ਭਾਰੀ ਜਨਾਦੇਸ਼ ਦੇ ਕੇ ਇਹ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਦੀ ਅਗਵਾਈ ਨੂੰ ਲੈ ਕੇ ਉਸਦੇ ਦਿਲੋਂ- ਦਿਮਾਗ ਵਿੱਚ ਕਿਤੇ ਕੋਈ ਸੰਸ਼ਾ ਨਹੀਂ ਹੈ| ਪੁਤਿਨ ਨੇ ਰਾਸ਼ਟਰਪਤੀ ਚੋਣਾਂ ਅਜਿਹੇ ਸਮੇਂ ਵਿੱਚ ਜਿੱਤੀਆਂ ਹਨ, ਜਦੋਂ ਅੰਤਰਰਾਸ਼ਟਰੀ ਪੱਧਰ ਉਤੇ ਅਮਰੀਕਾ ਸਮੇਤ ਪੱਛਮੀ ਮੁਲਕਾਂ ਦੇ ਨਾਲ ਉਨ੍ਹਾਂ ਦੀ ਇੱਕ ਤਰ੍ਹਾਂ ਨਾਲ ਸਪਸ਼ਟ ਅਤੇ ਜਬਰਦਸਤ ਟਕਰਾਓ ਦੀ ਹਾਲਤ ਚੱਲ ਰਹੀ ਹੈ| ਪਰੰਤੂ ਉਨ੍ਹਾਂ ਦੇ ਰੁਖ਼ ਨਾਲ ਸਾਫ਼ ਹੈ ਕਿ ਉਹ ਕਿਸੇ ਵੀ ਤਾਕਤ ਦੇ ਸਾਹਮਣੇ ਝੁਕੇ ਨਹੀਂ ਹਨ, ਨਾ ਕੋਈ ਅਜਿਹਾ ਸਮਝੌਤਾ ਕੀਤਾ ਹੈ ਜੋ ਦੁਨੀਆ ਵਿੱਚ ਰੂਸ ਦੇ ਕਮਜੋਰ ਪੈਣ ਦਾ ਸੰਕੇਤ ਦਿੰਦਾ ਹੋਵੇ| ਇਸ ਨਾਲ ਪੁਤਿਨ ਦੀ ਛਵੀ ਇੱਕ ਸਖਤ ਅਤੇ ਦ੍ਰਿੜ ਨਿਸ਼ਚੇ ਵਾਲੇ ਸੰਸਾਰਿਕ ਨੇਤਾ ਦੀ ਬਣੀ ਹੈ| ਪੁਤਿਨ ਨੇ ਰੂਸੀ ਜਨਤਾ ਦੇ ਮਨ ਵਿੱਚ ਭਰੋਸੇ ਦਾ ਇੱਕ ਸਥਿਰ ਭਾਵ ਪੈਦਾ ਕੀਤਾ ਹੈ| ਜਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਪੁਤਿਨ ਨੂੰ ਇਸ ਵਾਰ 76 ਫੀਸਦੀ ਤੋਂ ਵੀ ਜ਼ਿਆਦਾ ਵੋਟ ਮਿਲੇ, ਜਦੋਂਕਿ 2012 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ 63 ਫੀਸਦ ਵੋਟ ਮਿਲੇ ਸਨ| ਸੰਨ 2000 ਵਿੱਚ ਜਦੋਂ ਪੁਤਿਨ ਪਹਿਲੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ ਸਨ ਉਦੋਂ ਉਨ੍ਹਾਂ ਨੂੰ 53 ਫੀਸਦੀ ਵੋਟ ਮਿਲੇ ਸਨ|
ਜਾਹਿਰ ਹੈ, ਰੂਸ ਵਿੱਚ ਪੁਤਿਨ ਦੀ ਲੋਕਪ੍ਰਿਅਤਾ ਵਿੱਚ ਲਗਾਤਾਰ ਵਾਧਾ ਹੀ ਹੋਇਆ ਹੈ| ਸੋਵੀਅਤ ਸੰਘ ਦੇ ਵਿਖੰਡਨ ਤੋਂ ਬਾਅਦ ਲੰਬੇ ਸਮੇਂ ਤੱਕ ਰੂਸ ਵਿੱਚ ਜੋ ਉਥੱਲ – ਪੁਥਲ ਦੀ ਹਾਲਤ ਰਹੀ, ਉਸ ਤੋਂ ਰੂਸ ਨੂੰ ਬਾਹਰ ਕੱਢਣ ਵਿੱਚ ਪੁਤਿਨ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ| ਇਸ ਵਿੱਚ ਪੁਤਿਨ ਨੇ ਨਾ ਸਿਰਫ ਘਰੇਲੂ ਮੋਰਚਿਆਂ, ਬਲਕਿ ਸੰਸਾਰਿਕ ਪੱਧਰ ਉਤੇ ਵੀ ਆਪਣੀ ਧਾਕ ਕਾਇਮ ਕੀਤੀ ਹੈ| ਇਸ ਲਈ ਉਹ ਰੂਸੀ ਜਨਤਾ ਲਈ ਇੱਕ ਵਾਰ ਫਿਰ ਨਾਇਕ ਬਣੇ ਹਨ|
ਇਸ ਵਿੱਚ ਕੋਈ ਸ਼ਕ ਨਹੀਂ ਕਿ ਰਾਸ਼ਟਰਪਤੀ ਦੇ ਤੌਰ ਤੇ ਚੌਥਾ ਕਾਰਜਕਾਲ ਪੁਤਿਨ ਲਈ ਵੱਡੀਆਂ ਚੁਣੌਤੀਆਂ ਨਾਲ ਭਰਿਆ ਹੈ| ਇਸ ਸਮੇਂ ਸੀਰੀਆ ਅਮਰੀਕਾ ਅਤੇ ਰੂਸ ਦੇ ਵਿਚਾਲੇ ਮੁਕਾਬਲੇ ਦਾ ਕੇਂਦਰ ਬਣ ਗਿਆ ਹੈ| ਸੀਰੀਆ ਨੂੰ ਲੈ ਕੇ ਕੋਈ ਵੀ ਪੱਖ ਝੁਕਣ ਨੂੰ ਤਿਆਰ ਨਹੀਂ ਹੈ| ਪੂਰੀ ਦੁਨੀਆ ਮੰਨ ਚੁੱਕੀ ਹੈ ਕਿ ਸੋਵੀਅਤ ਸੰਘ ਖਤਮ ਹੋਣ ਤੋਂ ਬਾਅਦ ਰੂਸ ਮਹਾਂਸ਼ਕਤੀ ਨਹੀਂ ਰਹਿ ਗਿਆ| ਅਮਰੀਕਾ ਨੂੰ ਲੱਗ ਰਿਹਾ ਹੈ ਕਿ ਜੇਕਰ ਸੀਰੀਆ ਮਾਮਲੇ ਵਿੱਚ ਉਹ ਰੂਸ ਦੇ ਸਾਹਮਣੇ ਕਮਜੋਰ ਪਿਆ ਤਾਂ ਸਾਰੀ ਦੁਨੀਆ ਦੀ ਨਜ਼ਰ ਵਿੱਚ ਰੂਸ ਫਿਰ ਤੋਂ ਮਹਾਂਸ਼ਕਤੀ ਦਾ ਦਰਜਾ ਹਾਸਲ ਕਰ ਸਕਦਾ ਹੈ|
ਫਿਲਹਾਲ ਸੀਰੀਆ ਵਿੱਚ ਜੋ ਹਾਲਤ ਹੈ ਅਤੇ ਟਕਰਾਓ ਦੇ ਜਿਸ ਤਰ੍ਹਾਂ ਮੋਰਚੇ ਖੁੱਲੇ ਹੋਏ ਹਨ, ਉਸਦੇ ਲਿਹਾਜ਼ ਨਾਲ ਵੇਖੀਏ ਤਾਂ ਪੁਤਿਨ ਦੇ ਚੌਥੇ ਕਾਰਜਕਾਲ ਦਾ ਸ਼ੁਰੂਆਤੀ ਦੌਰ ਕਾਫ਼ੀ ਮਹੱਤਵਪੂਰਣ ਹੋਵੇਗਾ|
ਹਾਲ ਵਿੱਚ ਬ੍ਰਿਟੇਨ ਵਿੱਚ ਸਾਬਕਾ ਰੂਸੀ ਜਾਸੂਸ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਰੂਸ ਅਤੇ ਬ੍ਰਿਟੇਨ ਦੇ ਵਿਚਾਲੇ ਜਿਸ ਤਰ੍ਹਾਂ ਦਾ ਟਕਰਾਓ ਪੈਦਾ ਹੋ ਗਿਆ ਹੈ, ਉਹ ਸ਼ੀਤਯੁੱਧ ਦੇ ਇੱਕ ਹੋਰ ਦੌਰ ਦੇ ਖਦਸ਼ੇ ਨੂੰ ਜਨਮ ਦਿੰਦਾ ਹੈ| ਬ੍ਰਿਟੇਨ ਅਤੇ ਰੂਸ ਦੋਵਾਂ ਨੇ ਇੱਕ-ਦੂਜੇ ਦੇ ਰਾਜਨਾਇਕਾਂ ਨੂੰ ਬਾਹਰ ਕੱਢ ਦਿੱਤਾ ਹੈ| ਇਸ ਮੁੱਦੇ ਤੇ ਯੂਰਪੀ ਸੰਘ ਦੇ ਕਈ ਦੇਸ਼ ਅਤੇ ਅਮਰੀਕਾ ਬ੍ਰਿਟੇਨ ਦੇ ਨਾਲ ਹੈ| ਅਜਿਹੇ ਵਿੱਚ ਰੂਸ ਨੂੰ ਇਸ ਦਵੰਧ ਤੋਂ ਕੱਢਣਾ ਪੁਤਿਨ ਲਈ ਇੱਕ ਵੱਡੀ ਕੂਟਨੀਤਿਕ ਚੁਣੌਤੀ ਹੈ|
ਪੁਤਿਨ ਅਜਿਹੇ ਸਮੇਂ ਵਿੱਚ ਚੌਥੀ ਵਾਰ ਰਾਸ਼ਟਰਪਤੀ ਚੁਣੇ ਗਏ ਹਨ ਜਦੋਂ ਗੁਆਂਢੀ ਦੇਸ਼ ਚੀਨ ਵਿੱਚ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਜੀਵਨ ਭਰ ਲਈ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਰਸਤਾ ਸਾਫ ਕਰ ਦਿੱਤਾ ਗਿਆ ਹੈ| ਵੈਸੇ ਰੂਸ ਅਤੇ ਚੀਨ ਦੇ ਵਿਚਾਲੇ ਵੱਧਦੀ ਨਜਦੀਕੀ ਨਾਲ ਸਭ ਤੋਂ ਜ਼ਿਆਦਾ ਚਿੰਤਤ ਅਮਰੀਕਾ ਹੀ ਹੈ| ਇਸ ਤੋਂ ਇਲਾਵਾ, ਪਾਕਿਸਤਾਨ ਨਾਲ ਵੀ ਰਿਸ਼ਤੇ ਬਣਾ ਕੇ ਪੁਤਿਨ ਨੇ ਸੰਕੇਤ ਦਿੱਤਾ ਹੈ ਕਿ ਜ਼ਰੂਰਤ ਪੈਣ ਤੇ ਏਸ਼ੀਆਈ ਖੇਤਰ ਵਿੱਚ ਚੀਨ- ਪਾਕਿਸਤਾਨ ਅਤੇ ਰੂਸ ਦਾ ਗਠਜੋੜ ਬਣ ਸਕਦਾ ਹੈ| ਫਿਲਹਾਲ ਭਾਰਤ ਅਤੇ ਰੂਸ ਦੇ ਰਿਸ਼ਤੇ ਤਾਂ ਮਜਬੂਤ ਹਨ| ਪਰੰਤੂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਿਵੇਂ ਹਨ, ਇਸ ਤੋਂ ਰੂਸ ਅਨਜਾਨ ਨਹੀਂ ਹੈ| ਭਾਰਤ ਦੇ ਵਿਰੋਧ ਦੇ ਬਾਵਜੂਦ ਪਿਛਲੇ ਸਾਲ ਰੂਸ ਨੇ ਪਾਕਿਸਤਾਨ ਦੇ ਨਾਲ ਫੌਜੀ ਅਭਿਆਸ ਕੀਤਾ| ਅਜਿਹੇ ਵਿੱਚ ਪੁਤਿਨ ਏਸ਼ੀਆ ਵਿੱਚ ਖੇਤਰੀ ਸੰਤੁਲਨ ਬਣਾ ਕੇ ਰੱਖਦੇ ਹੋਏ ਰੂਸ ਨੂੰ ਫਿਰ ਤੋਂ ਮਹਾਂਸ਼ਕਤੀ ਦੇ ਰੂਪ ਵਿੱਚ ਕਿਵੇਂ ਸਥਾਪਤ ਕਰ ਪਾਉਂਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ|
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *