ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੀ ਪਲੇਠੀ ਮੀਟਿੰਗ ਵਿੱਚ ਅਹਿਮ ਫੈਸਲੇ

ਚੰਡੀਗੜ੍ਹ, 27 ਦਸੰਬਰ (ਸ.ਬ.) ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੀ ਪਲੇਠੀ ਮੀਟਿੰਗ ਭਾਈ ਜੈਤਾ ਜੀ ਫਾਉਂਡੇਸ਼ਨ ਆਫ ਇੰਡੀਆ ਦੇ ਦਫਤਰ ਸੈਕਟਰ-28, ਚੰਡੀਗੜ੍ਹ ਵਿਖੇ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ, ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਨੇ ਭਾਗ ਲਿਆ|
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਨ.ਆਰ.ਆਈ. ਸ. ਕੁਲਮੀਤ ਸਿੰਘ ਨੇ ਪੰਜਾਬੀ ਪੁਸਤਕਾਂ ਅਤੇ ਖਾਸ ਕਰਕੇ ਪੰਜਾਬੀ ਬਾਲ ਪੁਸਤਕਾਂ ਦੇ ਮਿਆਰੀ ਰੂਪ ਬਾਰੇ ਗੱਲਬਾਤ ਕੀਤੀ| ਉਨ੍ਹਾਂ ਨੇ ਬਹੁਤ ਸਾਰੀਆਂ ਅੰਗ੍ਰੇਜ਼ੀ ਵਿੱਚ ਛਪੀਆਂ ਬਾਲ ਪੁਸਤਕਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਬੱਚੇ ਪੰਜਾਬੀ ਬਾਲ ਪੁਸਤਕਾਂ ਪੜ੍ਹਨ ਦੇ ਚਾਹਵਾਨ ਹਨ ਪਰ ਉਨ੍ਹਾਂ ਨੂੰ ਅੰਗ੍ਰੇਜ਼ੀ ਪੁਸਤਕਾਂ ਵਾਲਾ ਰੋਚਕ ਅਤੇ ਮਿਆਰੀ ਰੂਪ ਨਹੀਂ ਮਿਲਦਾ| ਇਸ ਲਈ ਉਨ੍ਹਾਂ ਨੇ ਹਾਜ਼ਰ ਸਾਹਿਤਕਾਰਾਂ ਨੂੰ ਵਧੇਰੇ ਰੌਚਕ ਅਤੇ ਉਚ ਪੱਧਰ ਦੀਆਂ ਪੰਜਾਬੀ ਪੁਸਤਕਾਂ ਲਿਖਣ ਲਈ ਉਤਸ਼ਾਹਿਤ ਕੀਤਾ|
ਮੀਟਿੰਗ ਵਿੱਚ ਫੈਸਲਾ ਹੋਇਆ ਕਿ ਭਾਈ ਫਾਊਂਡੇਸ਼ਨ ਦੇ ਸਹਿਯੋਗ ਨਾਲ ਹੁਣ ਤੱਕ ਦੀਆਂ ਪ੍ਰਕਾਸ਼ਿਤ ਪੰਜਾਬੀ ਬਾਲ ਪੁਸਤਕਾਂ ਦਾ ਮੁਕਾਬਲਾ ਕਰਵਾ ਕੇ ਇਨਾਮ ਲਈ ਚੁਣੀਆਂ ਜਾਣਗੀਆਂ ਤਾਂ ਕਿ ਪੰਜਾਬੀ ਨੂੰ ਵੱਧ ਤੋਂ ਵੱਧ ਹਰਮਨ ਪਿਆਰੀ ਬਣਾਉਣ ਦੇ ਨਾਲ-ਨਾਲ ਬਾਲ ਸਾਹਿਤਕਾਰਾਂ ਨੂੰ ਮਾਲੀ ਮਦਦ ਨਾਲ ਉਤਸ਼ਾਹਿਤ ਕੀਤਾ ਜਾਵੇ|
ਇਸ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਸਮੂਹ ਮੈਂਬਰਾਂ ਨੂੰ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਗਰੀਬ ਬੱਚਿਆਂ ਦੀ ਕੋਚਿੰਗ ਲਈ ਵੱਖ-ਵੱਖ ਪ੍ਰੋਗਰਾਮਾਂ ਦਾ ਵਿਵਰਣ ਦਿੱਤਾ ਗਿਆ ਅਤੇ ਉਨ੍ਹਾਂ ਨੇ ਸਭਾ ਦੇ ਸਭ ਮੈਂਬਰਾਂ ਨੂੰ ਗਰੀਬ ਬੱਚਿਆਂ ਦੀ ਮਦਦ ਲਈ ਪਿੰਡਾਂ ਵਿਚੋਂ ਬਹੁਤ ਹੀ ਗਰੀਬ ਅਤੇ ਲੋੜੀਂਦੇ ਬੱਚਿਆਂ ਨੂੰ ਲੱਭ ਕੇ ਫਾਊਂਡੇਸ਼ਨ ਵਲੋਂ ਆਈ.ਆਈ.ਟੀ., ਮੈਡੀਕਲ, ਇੰਜੀਨਅਰ ਅਤੇ ਦੂਜੇ ਮੁਕਾਬਲਿਆਂ ਲਈ ਕੋਚਿੰਗ ਲਈ ਦਾਖਲ ਕਰਵਾਉਣ ਲਈ ਕਿਹਾ|
ਫਾਊਂਡੇਸ਼ਨ ਦੇ ਪ੍ਰਬੰਧਕ ਸ੍ਰੀ ਬਲਦੇਵ ਰਾਜ ਢੰਗ ਨੇ ਦੱਸਿਆ ਕਿ ਇਸ ਸਾਲ ਦਸਵੀਂ ਵਿੱਚ ਪੜ੍ਹਦੇ ਗਰੀਬ ਪਰ ਹੁਸ਼ਿਆਰ ਬੱਚੇ 6 ਜਨਵਰੀ 2018 ਤੱਕ ਮੁਫਤ ਦਾਖਲੇ ਲਈ ਅਰਜ਼ੀਆਂ ਭੇਜ ਸਕਦੇ ਹਨ| ਸੰਸਥਾ ਦੇ ਚੇਅਰਮੈਨ ਸ. ਹਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਪੰਜਾਬੀ ਦੇ ਪ੍ਰਚਾਰ ਲਈ ਅਤੇ ਗਰੀਬ ਬੱਚਿਆਂ ਦੀ ਭਲਾਈ ਲਈ ਉਹ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨੂੰ ਪੂਰਾ-ਪੂਰਾ ਸਹਿਯੋਗ ਦੇਣਗੇ ਅਤੇ ਸੰਸਥਾ ਵਲੋਂ ਦਿੱਤੇ ਲਾਭਕਾਰੀ ਸੁਝਾਵਾਂ ਨੂੰ ਅਮਲੀ ਰੂਪ ਦੇਣ ਲਈ ਯਤਨ ਕਰਨਗੇ| ਉਨ੍ਹਾਂ ਨੇ ਪੰਜਾਬੀ ਪੁਸਤਕਾਂ ਇਕੱਤਰ ਕਰਨ ਲਈ ਵੀ ਸਾਹਿਤਕਾਰਾਂ ਨੂੰ ਅਪੀਲ ਕੀਤੀ|
ਇਸ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਮਹਿਤਪੁਰੀ, ਪ੍ਰੈਸ ਸਕੱਤਰ ਸ.ਅਮਰਜੀਤ ਸਿੰਘ ਬਠਲਾਣਾ, ਸੀਨੀਅਰ ਮੀਤ ਪ੍ਰਧਾਨ ਸ. ਦਰਸ਼ਨ ਸਿੰਘ ਸਿੱਧੂ, ਸ.ਜਗਤਾਰ ਸਿੰਘ ਜੋਗ, ਮੀਤ ਪ੍ਰਧਾਨ ਸ. ਭੁਪਿੰਦਰ ਭਾਗੋਮਾਜਰੀਆ, ਸ. ਤੇਜਾ ਸਿੰਘ ਥੂਹਾ, ਸੰਯੁਕਤ ਸਕੱਤਰ ਸ੍ਰੀ ਕ੍ਰਿਸ਼ਨ ਰਾਹੀਂ, ਪ੍ਰਚਾਰ ਸਕੱਤਰ ਸ. ਹਰਬੰਸ ਸਿੰਘ, ਸ. ਜੀਤ ਸਿੰਘ ਸੋਮਲ , ਸ. ਦਰਸ਼ਨ ਸਿੰਘ ਤੋਂ ਇਲਾਵਾ ਕਈ ਹੋਰ ਪੰਜਾਬੀ ਪ੍ਰੇਮੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *