ਵਿਸ਼ਵ ਰੇਡੀਓ ਦਿਵਸ ਮੌਕੇ ਆਰ ਜੇ ਗੀਤ ਨੇ ਕੀਤੀ ਰੇਡੀਓ ਦੀ ਮਹੱਤਤਾ ਤੇ ਗੱਲਬਾਤ
ਐਸ.ਏ.ਐਸ.ਨਗਰ, 13 ਫਰਵਰੀ (ਸ.ਬ.) ਰੇਡੀਓ ਦੀ ਮਹੱਤਤਾ ਤੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਰਾਜਪੁਰਾ ਵਲੋਂ ਵਿਸ਼ਵ ਰੇਡੀਓ ਦਿਵਸ ਤੇ ਇਕ ਵੈਬਿਨਾਰ ਦਾ ਆਯੋਜਨ ਕੀਤਾ ਜਿਸ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਵਲੋਂ ਕੀਤੀ ਗਈ। ਇਸ ਮੌਕੇ ਬਿਗ ਐਫ ਐਮ ਅਤੇ ਆਲ ਇੰਡੀਆ ਰੇਡੀਓ ਤੋਂ ਪ੍ਰਸਿੱਧ ਆਰ ਜੇ ਗੀਤ ਨੇ ਆਰੀਅਨਜ਼ ਦੇ ਕਾਨੂੰਨ, ਇੰਜੀਨੀਅਰਿੰਗ, ਪ੍ਰਬੰਧਨ, ਨਰਸਿੰਗ, ਫਾਰਮੇਸੀ, ਬੀਐਡ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਸੰਕਟ ਦੇ ਸਮੇਂ ਚੱਲ ਰਹੇ ਕੋਵਿਡ ਮਹਾਂਮਾਰੀ ਸਮੇਤ ਵਿਸ਼ਵ ਦੇ ਦੂਰ ਦੁਰਾਡੇ ਕੋਨੇ ਵਿੱਚ ਲੋਕਾਂ ਨੂੰ ਜਾਣਕਾਰੀ ਫੈਲਾਉਣ ਵਿੱਚ ਰੇਡੀਓ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਰੇਡੀਓ ਅਣਗਿਣਤ ਆਨਲਾਈਨ ਪਲੇਟਫਾਰਮਸ ਅਤੇ ਵਟਸਐਪ ਦੇ ਸਮੇਂ ਵਿੱਚ ਵੀ ਸੰਚਾਰ ਦਾ ਸਭ ਤੋਂ ਲਚਕੀਲਾ ਅਤੇ ਦੂਰਗਾਮੀ ਮਾਧਿਅਮ ਰਿਹਾ ਹੈ।
ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ 13 ਫਰਵਰੀ ਦਾ ਦਿਨ ਇਕ ਮਹੱਤਵਪੂਰਣ ਮਾਧਿਅਮ ਨੂੰ ਸਮਰਪਿਤ ਹੈ ਜੋ ਟੈਲੀਵਿਜ਼ਨ ਸੈਟਾਂ ਅਤੇ ਕੰਪਿਊਟਰਾਂ ਦੇ ਆਉਣ ਤੋਂ ਪਹਿਲਾਂ ਹੀ ਸਾਡੀ ਜ਼ਿੰਦਗੀ ਵਿੱਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਰੇਡੀਓ ਦਿਵਸ ਨੂੰ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣ ਵਾਲੇ ਮੀਡੀਆ ਵਜੋਂ ਮਨਾਇਆ ਜਾਂਦਾ ਹੈ।