ਵਿਸ਼ਵ ਸ਼ਾਂਤੀ ਲਈ ਸਾਂਝੇ ਯਤਨ ਕੀਤੇ ਜਾਣੇ ਜਰੂਰੀ

ਸਾਡੀ ਦੁਨੀਆਂ ਇਸ ਸਮੇਂ ਬਾਰੂਦ ਦੇ ਢੇਰ ਉੱਪਰ ਬੈਠੀ ਹੋਈ ਹੈ| ਇੱਕ ਪਾਸੇ ਸੀਰੀਆ ਗ੍ਰਹਿ ਯੁੱਧ ਦੀ ਲਪੇਟ ਵਿੱਚ ਫਸਿਆ ਹੋਇਆ ਹੈ ਅਤੇ ਹੁਣ ਅਮਰੀਕਾ ਤੇ ਉਸਦੇ ਸਾਥੀ ਦੇਸ਼ਾਂ ਵਲੋਂ ਸੀਰੀਆ ਉਪਰ ਕੀਤੇ ਗਏ ਹਮਲਿਆਂ ਨੇ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ| ਇਸ ਤੋਂ ਇਲਾਵਾ ਗਾਜਾ ਪੱਟੀ, ਇਰਾਕ, ਅਫਗਾਨਿਸਤਾਨ ਸਮੇਤ ਕੁੱਝ ਹੋਰ ਮੁਲਕਾਂ ਵਿੱਚ ਵੀ ਵੱਡੇ ਪੱਧਰ ਤੇ ਤਨਾਓ ਬਣਿਆ ਹੋਇਆ ਹੈ| ਭਾਵੇਂ ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਨੇ ਇਰਾਕ ਅਤੇ ਅਫਗਾਨਿਸਤਾਨ ਵਿੱਚ ਕੁਝ ਸਮਾਂ ਪਹਿਲਾਂ ਸਰਕਾਰਾਂ ਦਾ ਤਖਤਾ ਪਲਟ ਦਿੱਤਾ ਸੀ ਅਤੇ ਆਪਣੀਆਂ ਕਠਪੁਤਲੀ ਸਰਕਾਰਾਂ ਨੂੰ ਕਾਇਮ ਕਰ ਲਿਆ ਸੀ ਪਰ ਇਸਦੇ ਬਾਵਜੂਦ ਇਹਨਾਂ ਦੇਸ਼ਾਂ ਵਿੱਚ ਬਹੁਤ ਵੱਡੇ ਪੱਧਰ ਉਪਰ ਹਿੰਸਾ ਜਾਰੀ ਹੈ|
ਪਿਛਲੇ ਦਿਨੀਂ ਸੀਰੀਆ ਉਪਰ ਅਮਰੀਕਾ ਵਲੋਂ ਕੀਤੇ ਗਏ ਹਮਲੇ ਦਾ ਰੂਸ ਵਲੋਂ ਸਖਤ ਵਿਰੋਧ ਕੀਤਾ ਗਿਆ ਹੈ ਅਤੇ ਇਸ ਦਾ ਮੋੜਵਾਂ ਜਵਾਬ ਦੇਣ ਦੀ ਧਮਕੀ ਵੀ ਦਿੱਤੀ ਗਈ ਹੈ| ਇਸਦਾ ਪ੍ਰਮੁਖ ਕਾਰਨ ਇਹ ਹੈ ਕਿ ਰੂਸੀ ਫੌਜ ਸੀਰੀਆ ਸਰਕਾਰ ਦੀ ਸਹਾਇਤਾ ਲਈ ਤੈਨਾਤ ਹੈ ਅਤੇ ਸੀਰੀਆ ਵਿੱਚ ਰੂਸ ਦੇ ਅਹਿਮ ਫੌਜੀ ਠਿਕਾਣੇ ਵੀ ਹਨ ਜੋ ਕਿ ਅਮਰੀਕਾ ਦੀਆਂ ਅੱਖਾਂ ਵਿੱਚ ਰੜਕਦੇ ਹਨ| ਇਹੀ ਕਾਰਨ ਹੈ ਕਿ ਸੀਰੀਆ ਵਿੱਚ ਗ੍ਰਹਿ ਯੁੱਧ ਦਾ ਬਹਾਨਾ ਬਣਾ ਕੇ ਅਮਰੀਕਾ ਵਲੋਂ ਸੀਰੀਆ ਉਪਰ ਜੋ ਹਮਲੇ ਕੀਤੇ ਜਾ ਰਹੇ ਹਨ ਉਹਨਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਸੀਰੀਆ ਵਿੱਚ ਮੌਜੂਦ ਰੂਸੀ ਫੌਜੀ ਠਿਕਾਣੇ ਹਨ| ਇਸ ਗੱਲ ਨੂੰ ਰੂਸ ਵੀ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਉਸਨੇ ਅਮਰੀਕਾ ਨੂੰ ਮੋੜਵਾਂ ਜਵਾਬ ਦੇਣ ਦੀ ਧਮਕੀ ਦਿੱਤੀ ਹੈ| ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੁਨੀਆਂ ਵਿੱਚ ਇੱਕ ਵਾਰ ਫਿਰ ਵਿਸ਼ਵ ਯੁੱਧ ਹੋਣ ਜਾ ਰਿਹਾ ਹੋਵੇ|
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਤੀਰਾ ਅਜਿਹਾ ਹੈ ਜਿਵੇਂ ਉਹ ਪੂਰੀ ਦੁਨੀਆ ਦਾ ਬਾਦਸ਼ਾਹ ਹੋਵੇ| ਉਸ ਵਲੋਂ ਕਦੇ ਆਪਣੀ ਮਰਜੀ ਨਾਲ ਕਿਸੇ ਦੇਸ਼ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਅਤੇ ਕਦੇ ਕਿਸੇ ਦੇਸ਼ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਆਉਣ ਉਪਰ ਪਾਬੰਦੀ ਲਗਾ ਦਿੱਤੀ ਜਾਂਦੀ ਹੈ| ਹੁਣ ਅਮਰੀਕਾ ਵਲੋਂ ਸੀਰੀਆ ਉਪਰ ਕੀਤੇ ਗਏ ਹਮਲੇ ਨੇ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ| ਦੁਨੀਆਂ ਵਿੱਚ ਦੋ ਵਿਸ਼ਵ ਯੁੱਧ ਝੱਲ ਚੁੱਕੀ ਹੈ ਅਤੇ ਇਹਨਾਂ ਦੋਵਾਂ ਵਿਸ਼ਵਯੁੱਧਾਂ ਨੇ ਦੁਨੀਆ ਵਿੱਚ ਜਾਨ ਮਾਲ ਦਾ ਭਾਰੀ ਨੁਕਸਾਨ ਕੀਤਾ ਹੈ| ਹੁਣ ਇੱਕ ਵਾਰ ਫਿਰ ਇਹ ਕਿਹਾ ਜਾਣਾ ਲੱਗ ਗਿਆ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਦੁਨੀਆਂ ਵਿੱਚ ਤੀਜਾ ਵਿਸ਼ਵ ਯੁੱਧ ਵੀ ਛੇਤੀ ਹੀ ਆਰੰਭ ਹੋ ਜਾਵੇਗਾ| ਜੇਕਰ ਵਿਸ਼ਵ ਯੁੱਧ ਹੋਇਆ ਤਾਂ ਇਸ ਨਾਲ ਜਿਹੜੀ ਤਬਾਹੀ ਹੋਵੇਗੀ ਉਸਨਾਲ ਪੂਰੀ ਮਨੁੱਖੀ ਜਾਤੀ ਲਈ ਹੀ ਖਤਰਾ ਪੈਦਾ ਹੋ ਸਕਦਾ ਹੈ|
ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਸਮੇਂ ਤਨਾਓ ਬਹੁਤ ਜਿਆਦਾ ਹੈ| ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾਂ ਦੋ ਵੰਡੀਆਂ ਜੰਗਾਂ ਅਤੇ ਤੀਜੀ ਕਾਰਗਿਲ ਜੰਗ ਵੀ ਹੋ ਚੁੱਕੀ ਹੈ| ਭਾਰਤ ਦੀ ਇੱਕ ਜੰਗ ਚੀਨ ਨਾਲ ਵੀ ਹੋ ਚੁੱਕੀ ਹੈ| ਸਾਡੇ ਦੇਸ਼ ਦੀ ਹਾਲਤ ਇਹ ਹੈ ਕਿ ਇਸਦਾ ਚੀਨ ਅਤੇ ਪਾਕਿਸਤਾਨ ਦੋਵਾਂ ਨਾਲ ਹੀ ਤਨਾਓ ਚੱਲ ਰਿਹਾ ਹੈ| ਗੱਲ ਸਿਰਫ ਤਨਾਓ ਤਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਦੋਵੇਂ ਦੇਸ਼ ਸਾਡੇ ਖਿਲਾਫ ਲੁਕਵੀਂ ਜੰਗ ਲੜ ਰਹੇ ਹਨ| ਭਾਰਤ ਅਤੇ ਪਾਕਿਸਤਾਨ ਵਿਚਾਲੇ ਤਨਾਓ ਲਗਾਤਾਰ ਵੱਧ ਰਿਹਾ ਹੈ ਅਤੇ ਕਈ ਵਾਰ ਤਾਂ ਅਜਿਹਾ ਲੱਗਣ ਲੱਗ ਜਾਂਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਹੋਰ ਜੰਗ ਬਸ ਸ਼ੁਰੂ ਹੋਣ ਹੀ ਵਾਲੀ ਹੈ| ਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਛਿੜਿਆ ਤਾਂ ਇਹ ਵਿਸ਼ਵ ਯੁੱਧ ਵਿੱਚ ਵੀ ਬਦਲ ਸਕਦਾ ਹੈ| ਪਾਕਿਸਤਾਨ ਨੂੰ ਜੇਕਰ ਚੀਨ ਦੀ ਸ਼ਹਿ ਹੈ ਤਾਂ ਭਾਰਤ ਨੂੰ ਅਮਰੀਕਾ ਦਾ ਸਾਥ ਹਾਸਿਲ ਹੈ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਣ ਵਾਲਾ ਯੁੱਧ ਛੇਤੀ ਹੀ ਵਿਸ਼ਵ ਯੁੱਧ ਵਿਚ ਹੀ ਤਬਦੀਲ ਹੋ ਜਾਵੇਗਾ| ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਪਰਮਾਣੂੰ ਹਥਿਆਰਾਂ ਨਾਲ ਲੈਸ ਹਨ ਅਤੇ ਜੇਕਰ ਇਹਨਾਂ ਦੋਵਾਂ ਵਿੱਚ ਜੰਗ ਸ਼ੁਰੂ ਹੋ ਗਈ ਤਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਵੀ ਜਰੂਰ ਹੋਵੇਗੀ ਜਿਸ ਦਾ ਅਸਰ ਸਾਰੀ ਦੁਨੀਆਂ ਉਪਰ ਹੋਵੇਗਾ|
ਦੁਨੀਆਂ ਭਰ ਵਿੱਚ ਫੈਲ ਰਿਹਾ ਇਹ ਤਨਾਓ ਭਾਰੀ ਚਿੰਤਾ ਦਾ ਵਿਸ਼ਾ ਹੈ| ਜੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਇਹਨਾਂ ਨੂੰ ਹੋਰ ਬਦਤਰ ਹੋਣ ਅਤੇ ਤੀਜੇ ਵਿਸ਼ਵ ਯੁੱਧ ਵਿੱਚ ਤਬਦੀਲ ਹੋਣ ਤੋਂ ਕੋਈ ਵੀ ਨਹੀਂ ਰੋਕ ਪਾਏਗਾ ਅਤੇ ਫਿਰ ਜਿਹੜੀ ਤਬਾਹੀ ਹੋਵੇਗਾ ਉਸਤੋਂ ਬਾਅਦ ਸ਼ਾਇਦ ਇਨਸਾਨ ਦਾ ਕੋਈ ਨਾਮਲੇਵਾ ਹੀ ਨਾ ਬਚੇ| ਇਸ ਲਈ ਜਰੂਰੀ ਹੈ ਕਿ ਦੁਨੀਆਂ ਨੂੰ ਤੀਜੇ ਵਿਸ਼ਵ ਯੁੱਧ ਤੋਂ ਬਚਾਉਣ ਲਈ ਵੱਖ ਵੱਖ ਦੇਸ਼ਾਂ ਵਿਚਾਲੇ ਹੋ ਰਹੇ ਝਗੜੇ ਨੂੰ ਯੂ ਐਨ ਓ ਰਾਹੀਂ ਨਿਪਟਾਇਆ ਜਾਵੇ ਅਤੇ ਸੀਰੀਆ ਸਮੇਤ ਸਾਰੇ ਦੇਸ਼ਾਂ ਵਿੱਚ ਸ਼ਾਂਤੀ ਬਹਾਲੀ ਲਈ ਲਈ ਯਤਨ ਕੀਤੇ ਜਾਣ ਤਾਂ ਜੋ ਦੁਨੀਆ ਤੇ ਮੰਡਰਾ ਰਿਹਾ ਵਿਸ਼ਵ ਯੁੱਧ ਦਾ ਖਤਰਾ ਟਲੇ|

Leave a Reply

Your email address will not be published. Required fields are marked *