ਵਿਸ਼ੇਸ਼ ਕਾਨੂੰਨ ਵਿੱਚ ਸੋਧ ਤੋਂ ਬਾਅਦ ਆਸਟਰੇਲੀਆ ਨੇ ਆਈ. ਐਸ. ਦੇ ਟਿਕਾਣਿਆਂ ਤੇ ਵਧਾਏ ਹਵਾਈ ਹਮਲੇ

ਕੈਨਬਰਾ, 16 ਦਸੰਬਰ (ਬ.ਬ.) ਆਸਟਰੇਲੀਆ ਨੇ ਯੁੱਧ ਅਪਰਾਧਾਂ ਸੰਬੰਧੀ ਆਪਣੇ ਕਾਨੂੰਨ ਵਿੱਚ ਸੋਧ ਤੋਂ ਬਾਅਦ ਸੀਰੀਆ ਅਤੇ ਇਰਾਕ ਵਿੱਚ ਇਸਲਾਮਿਕ ਸਟੇਟ (ਆਈ. ਐਸ.) ਦੇ ਟਿਕਾਣਿਆਂ ਦੇ ਹਵਾਈ ਹਮਲੇ ਵਧਾ ਦਿੱਤੇ ਹਨ| ਆਸਟਰੇਲੀਆ ਦੀ ਸਰਕਾਰ ਨੇ ਜੂਨ ਵਿੱਚ ਯੁੱਧ ਅਪਰਾਧਾਂ ਸੰਬੰਧੀ ਆਪਣੇ ਕਾਨੂੰਨ ਵਿੱਚ ਸੋਧ ਕਰਦੇ ਹੋਇਆਂ ਆਪਣੇ ਫੌਜੀਆਂ ਨੂੰ ਬਿਨਾਂ ਮੁਕੱਦਮੇ ਦੇ ਡਰ ਤੋਂ ਵਿਸ਼ਾਲ ਖੇਤਰਾਂ ਵਿੱਚ ਅੱਤਵਾਦੀ ਟਿਕਾਣਿਆਂ ਤੇ ਹਮਲੇ ਦੀ ਆਗਿਆ ਦੇ ਦਿੱਤੀ| ਇਸ ਸੰਬੰਧ ਵਿੱਚ ਹਵਾਈ ਫੌਜ ਦੇ ਇੱਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਦਲਾਅ ਲਾਗੂ ਕੀਤੇ ਜਾਣ ਤੋਂ ਬਾਅਦ ਆਸਟਰੇਲੀਆ ਦੇ ਬੰਬਾਰਾਂ ਨੇ ਹਥਿਆਰ ਸੁੱਟਣ ਦੇ ਪੱਧਰ ਵਿੱਚ ਵਾਧਾ ਕਰਦਿਆਂ ਇਸ ਨੂੰ 61 ਫੀਸਦੀ ਕਰ ਦਿੱਤਾ ਹੈ, ਜਿਹੜਾ ਸਾਲ 2016 ਦੀ ਸ਼ੁਰੂਆਤ ਵਿੱਚ 20 ਫੀਸਦੀ ਸੀ| ਅਧਿਕਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਉਨ੍ਹਾਂ ਟਿਕਾਣਿਆਂ ਤੇ ਹਮਲੇ ਨਹੀਂ ਕੀਤੇ, ਕਿਉਂਕਿ ਉਹ ਸਾਡੇ ਨਿਯਮਾਂ ਦੇ ਦਾਇਰੇ ਤੋਂ ਬਾਹਰ ਸਨ ਅਤੇ ਇਸ ਕਾਰਨ ਅਸੀਂ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ| ਅਧਿਕਾਰੀ ਮੁਤਾਬਕ ਹੁਣ ਉਹ ਉਨ੍ਹਾਂ ਮੁਸ਼ਕਲ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ| ਉਸ ਨੇ ਦੱਸਿਆ ਕਿ ਜਹਾਜ਼ ਚਾਲਕਾਂ ਅਤੇ ਹੋਰ ਫੌਜ ਅਧਿਕਾਰੀਆਂ ਨੂੰ ਮੁਕੱਦਮੇ ਦੇ ਡਰ ਤੋਂ ਬਚਾਉਣ ਲਈ ਇਸ ਕਾਨੂੰਨ ਵਿਚ ਸੋਧ ਕੀਤੀ ਗਈ ਹੈ| ਇਸ ਕਾਰਨ ਆਈ. ਐਸ. ਵਿਰੁੱਧ ਮੁਹਿੰਮ ਹੋਰ ਪ੍ਰਭਾਵਸ਼ਾਲੀ ਹੋ ਗਈ ਹੈ| ਅਧਿਕਾਰੀ ਨੇ ਕਿਹਾ ਕਿ ਕਦੇ-ਕਦੇ ਔਖੇ ਉਦੇਸ਼ ਵਧੇਰੇ ਗੁੰਝਲਦਾਰ ਖੇਤਰਾਂ ਵਿੱਚ ਹੁੰਦੇ ਹਨ, ਜਿੱਥੇ ਵਧੇਰੇ ਨੁਕਸਾਨ ਦੀ ਸੰਭਾਵਨਾ ਹੁੰਦੀ ਹੈ|

Leave a Reply

Your email address will not be published. Required fields are marked *