ਵਿਸ਼ੇਸ਼ ਜਾਂਚ ਟੀਮ ਸਾਮ੍ਹਣੇ ਪੇਸ਼ ਨਹੀਂ ਹੋਏ ਸਾਬਕਾ ਡੀ ਜੀ ਪੀ ਸੈਣੀ

ਵਿਸ਼ੇਸ਼ ਜਾਂਚ ਟੀਮ ਸਾਮ੍ਹਣੇ ਪੇਸ਼ ਨਹੀਂ ਹੋਏ ਸਾਬਕਾ ਡੀ ਜੀ ਪੀ ਸੈਣੀ
ਪੁਲੀਸ ਨੂੰ ਆਪਣੇ ਬਿਮਾਰ ਹੋਣ ਦੀ ਜਾਣਕਾਰੀ ਭੇਜੀ, ਪੁਲੀਸ ਅਤੇ ਮੀਡੀਆ ਕਰਦਾ ਰਿਹਾ ਇੰਤਜਾਰ
ਚੰਡੀਗੜ, 30 ਸਤੰਬਰ (ਸ.ਬ.) ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਮ੍ਹਣਾ ਕਰ ਰਹੇ ਪੰਜਾਬ ਪੁਲਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਐਸ ਆਈ ਟੀ ਦੇ ਸਾਮ੍ਹਣੇ ਪੇਸ਼ ਨਹੀਂ ਹੋਏ| ਇਸ ਦੌਰਾਨ ਇਸ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਅਧਿਕਾਰੀ ਐਸਪੀ ਹਰਮਨਦੀਪ ਸਿੰਘ ਹੰਸ, ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਐਸਐਚਓ ਰਾਜੀਵ ਕੁਮਾਰ ਥਾਣਾ ਮਟੌਰ ਵਿੱਚ ਸੈਣੀ ਦਾ ਇੰਤਜਾਰ ਕਰਦੇ ਰਹੇ ਜਦੋਂਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆਂ ਦੇ ਲੋਕ ਥਾਣੇ ਦੇ ਬਾਹਰ ਖੜ੍ਹ ਕੇ ਸੈਣੀ ਨੂੰ ਉਡੀਕਦੇ ਰਹੇ ਪਰੰਤੂ ਸੈਣੀ ਦੁਪਹਿਰ 1 ਵਜੇ ਤੱਕ ਹਾਜਿਰ ਨਹੀਂ ਹੋਏ| ਇਸ ਦੌਰਾਨ ਸਾਬਕਾ ਡੀਜੀਪੀ ਸੈਣੀ ਨੇ ਆਪਣੇ ਵਕੀਲ ਰਾਂਹੀ ਮੁਹਾਲੀ ਪੁਲੀਸ ਨੂੰ ਈ-ਮੇਲ ਭੇਜ ਕੇ ਦੱਸਿਆ ਕਿ ਉਹ ਬਿਮਾਰ ਹਨ ਅਤੇ ਉਹਨਾਂ ਦੇ ਡਾਕਟਰ ਵਲੋਂ ਉਹਨਾਂ ਨੂੰ ਬੈਡ ਰੈਸਟ ਦੀ ਸਲਾਹ ਦਿੱਤੀ ਗਈ ਹੈ ਇਸ ਲਈ ਉਹ ਮਟੌਰ ਥਾਣੇ ਵਿੱਚ ਹਾਜਿਰ ਨਹੀਂ ਹੋ ਸਕਦੇ|
ਇੱਥੇ ਜਿਕਰਯੋਗ ਹੈ ਕਿ ਬੀਤੀ 28 ਸਤੰਬਰ ਨੂੰ ਸਾਬਕਾ ਡੀਜੀਪੀ ਥਾਣਾ ਮਟੌਰ ਵਿੱਚ ਪੇਸ਼ ਹੋਏ ਸੀ ਅਤੇ ਐਸ ਆਈ ਟੀ ਨੇ ਉਹਨਾਂ ਤੋਂ ਲੱਗਭੱਗ 6 ਘੰਟੇ ਤਕ ਪੁੱਛਗਿਛ ਕੀਤੀ ਸੀ ਜਿਸ ਦੌਰਾਨ ਸੈਣੀ ਤੋਂ 300 ਤੋਂ ਜਿਆਦਾ ਸਵਾਲ ਜਵਾਬ ਕੀਤੇ ਗਏ ਸਨ| ਇਸ ਦੌਰਾਨ ਸੈਣੀ ਵਲੋਂ ਦਿੱਤੇ ਜਵਾਬਾਂ ਤੋਂ ਐਸ ਆਈ ਟੀ ਸੰਤੁਸ਼ਟ ਨਹੀਂ ਹੋਈ ਅਤੇ ਪੁਲੀਸ ਵਲੋਂ ਸੁਮੇਧ ਸੈਣੀ ਨੂੰ ਮੁੜ ਮਟੌਰ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰੰਤੂ ਅੱਜ ਸਾਬਕਾ ਡੀ ਜੀ ਪੀ ਦੇ ਹਾਜਿਰ ਨਾ ਹੋਣ ਕਾਰਨ ਹੁਣ ਐਸ ਆਈ ਟੀ ਵਲੋਂ ਉਹਨਾਂ ਨੂੰ ਨਵਾਂ ਨੋਟਿਸ ਜਾਰੀ ਕੀਤਾ ਜਾਵੇਗਾ|
ਇੱਥੇ ਸਾਬਕਾ ਆਈ ਏ ਐਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ 10991 ਵਿੱਚ ਅਗਵਾ ਕਰਨ ਅਤੇ ਬਾਅਦ ਵਿੱਚ ਮੁਲਤਾਨੀ ਦੇ ਲਾਪਤਾ ਹੋ ਜਾਣ ਦੇ ਮਾਮਲੇ ਵਿੱਚ ਮਟੌਰ ਪੁਲੀਸ ਵਲੋਂ ਬੀਤੀ 6 ਮਈ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਚੰਡੀਗੜ੍ਹ ਪੁਲੀਸ ਦੇ ਕੁੱਝ ਹੋਰਨਾਂ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ| ਸੁਮੇਧ ਸੈਣੀ ਉਸ ਵੇਲੇ (1991 ਵਿੱਚ) ਚੰਡੀਗੜ੍ਹ ਦੇ ਐਸ ਐਸ ਪੀ ਸਨ ਅਤੇ ਮੁਲਤਾਨੀ ਨੂੰ ਸੁਮੇਧ ਸਿੰਘ ਸੈਣੀ ਉੱਤੇ ਚੰਡੀਗੜ੍ਹ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੜਿਆ ਗਿਆ ਸੀ| ਹਮਲੇ ਵਿੱਚ ਸੈਣੀ ਦੀ ਸੁਰੱਖਿਆ ਵਿੱਚ ਤੈਨਾਤ ਚਾਰ ਪੁਲੀਸਕਰਮੀ ਮਾਰੇ ਗਏ ਸਨ|
ਸੈਣੀ ਤੇ ਇਲਜਾਮ ਹੈ ਕਿ ਪੁਲੀਸ ਵਲੋਂ ਮੁਲਤਾਨੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਤੇ ਗੈਰਮਨੁੱਖੀ ਤਸ਼ਦੱਦ ਕੀਤਾ ਗਿਆ ਸੀ ਅਤੇ ਫਿਰ ਕਹਿ ਦਿੱਤਾ ਗਿਆ ਸੀ ਕਿ ਬਲਵੰਤ ਸਿੰਘ ਪੁਲੀਸ ਦੀ ਗ੍ਰਿਫਤ ਤੋਂ ਭੱਜ ਗਿਆ ਹੈ ਜਦੋਂਕਿ ਬਲਵੰਤ ਸਿੰਘ ਦੇ ਪਰਿਵਾਰ ਨੇ ਇਲਜਾਮ ਲਗਾਇਆ ਸੀ ਕਿ ਪੁਲੀਸ ਵਲੋਂ ਢਾਹੇ ਗਏ ਤਸ਼ਦੱਦ ਨਾਲ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ| ਇਹ ਮਾਮਲਾ ਕਈ ਤਰ੍ਹਾਂ ਦੀਆਂ ਕਾਨੂੰਨੀ ਪੇਚੀਦਗੀਆਂ ਵਿੱਚ ਉਲਝਿਆ ਰਿਹਾ ਸੀ ਅਤੇ ਅਖੀਰਕਾਰ 31 ਸਾਲ ਬਾਅਦ ਇਸ ਸੰਬੰਧੀ ਪੁਲੀਸ ਵਲੋਂ ਮਟੌਰ ਪੁਲੀਸ ਥਾਣੇ ਸੈਣੀ ਅਤੇ ਹੋਰਨਾਂ ਖਿਲਾਫ ਅਗਵਾ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ| ਬਾਅਦ ਵਿੱਚ ਸੈਣੀ ਦੇ ਨਾਲ ਰਹੇ ਪੁਲੀਸ ਅਧਿਕਾਰੀਆਂ ਨੇ ਮਾਣਯੋਗ ਅਦਾਲਤ ਵਿੱਚ ਗਵਾਹੀ ਦੌਰਾਨ ਇਹ ਗੱਲ ਮੰਨੀ ਸੀ ਕਿ ਮੁਲਤਾਨੀ ਤੇ ਗੈਰਮਨੁੱਖੀ ਤਸ਼ਦੱਦ ਕੀਤਾ ਗਿਆ ਸੀ ਜਿਸਤੋਂ ਬਾਅਦ ਉਸਦੀ ਮੌਤ ਹੋ ਗਈ ਸੀ ਜਿਸਤੋਂ ਬਾਅਦ ਇਸ ਮਾਮਲੇ ਵਿੱਚ ਕਤਲ ਦੀ ਧਾਰਾ (302) ਵੀ ਜੋੜ ਦਿੱਤੀ ਗਈ ਸੀ|

Leave a Reply

Your email address will not be published. Required fields are marked *