ਵਿਸ਼ੇਸ ਜਾਂਚ ਟੀਮ ਵਲੋਂ ਵੱਖ ਵੱਖ ਸਕੂਲਾਂ ਦੀਆਂ ਬੱਸਾਂ ਦੀ ਜਾਂਚ

ਐਸ ਏ ਐਸ ਨਗਰ, 28 ਜਨਵਰੀ (ਸ. ਬ.) ਪੰਜਾਬ ਚਾਈਲਡ ਰਾਈਟਸ ਪ੍ਰੌਟੈਕਸ਼ਨ ਕਮਿਸ਼ਨ ਦੀ ਮੈਂਬਰ ਬੀਬੀ ਕੁਲਦੀਪ ਕੌਰ ਕੰਗ ਦੀ ਅਗਵਾਈ ਵਿਚ ਕਮਿਸ਼ਨ, ਟ੍ਰੈਫਿਕ ਪੁਲੀਸ, ਸਿੱਖਿਆ ਵਿਭਾਗ ਦੀ ਟੀਮ ਵਲੋਂ ਸਕੂਲਾਂ ਦੀ ਸੇਫ ਵਾਹਨ ਪਾਲਿਸੀ ਸਬੰਧੀ ਕਾਰਗੁਜਾਰੀ ਦੀ ਜਾਂਚ ਲਈ  ਅੱਜ ਵੱਖ ਵੱਖ ਸਕੁਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ| ਇਹ ਟੀਮ ਜਦੋਂ ਅਜੀਤ ਕਰਮ ਸਿੰਘ ਸਕੂਲ ਗਈ ਤਾਂ ਉਥੇ ਸਕੂਲ ਬੱੱਸ ਵਿਚ ਕੋਈ ਮਹਿਲਾ ਅਟੈਂਡੈਂਟ ਨਹੀਂ ਸੀ ਅਤੇ ਬੱਸ ਵਿਚ ਕੋਈ ਅੱਗ ਬੁਝਾਊ ਯੰਤਰ ਵੀ ਨਹੀਂ ਸੀ| ਸਕੂਲ ਪ੍ਰਬੰਧਕਾਂ ਨੇ ਇਹ ਸਹੂਲਤਾਂ ਮੁਹਈਆਂ ਕਰਨ ਲਈ ਕੁਝ ਸਮਾਂ ਮੰਗਿਆ ਅਤੇ ਟੀਮ ਨੇ ਇਹ ਸਮਾਂ ਸਕੂਲ ਪ੍ਰਬੰਧਕਾਂ ਨੁੰ ਦੇ ਦਿਤਾ|  ਇਸੇ ਤਰਾਂ ਇਸ  ਟੀਮ ਨੇ ਇਨਫੈਂਟ ਜੀਸਸ ਸਕੂਲ ਦੀ ਬੱਸ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਸ ਸਕੂਲ ਬੱਸ ਵਿਚ ਫਸਟ ਏਡ ਬਾਕਸ ਵਿਚ ਮੌਜੂਦ ਦਵਾਈਆਂ ਦੀ ਮਿਆਦ ਪੁੱਗ ਚੁਕੀ ਸੀ, ਇਸ ਕਾਰਨ ਇਸ ਸਕੂਲ ਬੱਸ ਦਾ ਚਲਾਨ ਕਰ ਦਿਤਾ ਗਿਆ| ਇਸ ਟੀਮ ਨੇ ਸਰ ਮੈਕਾਲਿਫ ਸਕੂਲ ਦਾ ਵੀ ਦੌਰਾ ਕੀਤਾ| ਇਸ ਮੌਕੇ ਬੀਬੀ ਕੁਲਦੀਪ ਕੌਰ ਕੰਗ ਨੇ ਦਸਿਆ ਕਿ ਇਸ ਟੀਮ ਵਲੋਂ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ| ਚੈਕਿੰਗ ਦੌਰਾਨ ਇਹ ਟੀਮ ਸਕੂਲਾਂ ਵਿਚ ਵੀ ਜਾਂਦੀ ਹੈ ਅਤੇ ਸੜਕ ਉਪਰ ਚਲ ਰਹੀਆਂ ਸਕੂਲ ਬੱਸਾਂ ਦੀ ਵੀ ਜਾਂਚ ਕਰਦੀ ਹੈ| ਇਸਦੇ ਨਾਲ ਹੀ ਇਹਨਾਂ ਸਕੂਲ ਬੱਸਾਂ ਨੂੰ ਚਲਾਉਣ ਵਾਲੇ ਡਰਾਇਵਰਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ|  ਇਸ ਮੌਕੇ ਯਾਦਵਿੰਦਰ ਕੌਰ ਪ੍ਰੋਟੈਕਸ਼ਨ ਅਫਸਰ, ਮੋਹੀਤਾ ਵਰਮਾ ਪ੍ਰੋਟੈਕਸ਼ਨ ਅਫਸਰ, ਗੁਰਵਿੰਦਰ ਕੌਰ, ਕਮਲਜੀਤ ਸਿੰਘ, ਮਨਿੰਦਰ ਸਿੰਘ (ਸਾਰੇ ਸੋਸ਼ਲ ਵਰਕਰ) ਵੀ ਮੌਜੂਦ ਸਨ|

Leave a Reply

Your email address will not be published. Required fields are marked *