ਵਿੱਤ ਅਤੇ ਠੇਕਾ ਕਮੇਟੀ ਦੀਆਂ ਸਿਫਾਰਸ਼ਾਂ ਦੇ ਵਿਰੁੱਧ ਟੈਂਡਰ ਦੁਬਾਰਾ ਜਾਰੀ ਕਰਨ ਨਾਲ ਨਗਰ ਨਿਗਮ ਨੂੰ ਹੋਇਆ 23 ਲੱਖ ਦਾ ਵਿੱਤੀ ਨੁਕਸਾਨ ਡਿਪਟੀ ਮੇਅਰ ਨੇ ਸਕੱਤਰ ਸਥਾਨਕ ਸਰਕਾਰ ਨੂੰ ਪੱਤਰ ਲਿਖ ਕੇ ਨੁਕਸਾਨ ਦੀ ਪੂਰਤੀ ਸੰਬੰਧਿਤ ਅਫਸਰਾਂ ਦੀ ਤਨਖਾਹ ਤੋਂ ਕਰਨ ਦੀ ਮੰਗ ਕੀਤੀ

ਐਸ ਏ ਐਸ ਨਗਰ, 15 ਫਰਵਰੀ (ਸ.ਬ.) ਨਗਰ ਨਿਗਮ ਦੀ ਇੰਜਨੀਅਰਿੰਗ ਸ਼ਾਖਾ ਵਲੋਂ ਮਈ 2016 ਵਿੱਚ 5 ਕਰੋੜ 12 ਲੱਖ ਰੁਪਏ ਲਾਗਤ ਦੇ 49 ਕੰਮਾਂ ਲਈ ਖੋਲ੍ਹੇ ਗਏ ਟੈਂਡਰਾਂ ਦੇ ਮਾਮਲੇ ਵਿੱਚ ਨਿਗਮ ਅਧਿਕਾਰੀਆਂ ਵਲੋਂ ਕਥਿਤ ਤੌਰ ਤੇ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀਆਂ ਸਿਫਰਸ਼ਾਂ ਨੂੰ ਅਣਗੌਲਿਆ ਕਰਕੇ ਇਹ ਟੈਂਡਰ  ਨਵੇਂ ਸਿਰੇ ਤੋਂ ਜਾਰੀ ਕਰਨ ਦੀ ਕਾਰਵਾਈ ਨਾਲ ਨਿਗਮ ਨੂੰ ਹੋਏ 23 ਲੱਖ ਰੁਪਏ ਦੇ ਵਿੱਤੀ ਨੁਕਸਾਨ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੇ ਮੰਗ ਕੀਤੀ ਹੈ ਕਿ ਇਹ ਰਕਮ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਦੀ ਤਨਖਾਹ ਰੋਕ ਕੇ ਵਸੂਲ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਧਿਕਾਰੀ ਅਜਿਹੀ ਕਾਰਵਾਈ ਨੂੰ ਨਾ ਦੁਹਰਾ ਕੇ  ਨਿਗਮ ਨੂੰ ਨੁਕਸਾਨ ਪਹੁੰਚਾਉਣ ਦਾ ਸਮਰਥ ਨਾ ਹੋਵੇ|
ਸ੍ਰ. ਸੇਠੀ ਨੇ ਦੱਸਿਆ ਕਿ ਨਿਗਮ ਦੀ ਇੰਜਨੀਅਰਿੰਗ ਸ਼ਾਖਾ ਵਲੋਂ  ਈ ਟੈਂਡਰਿੰਗ ਪ੍ਰਣਾਲੀ ਤਹਿਤ ਮੰਗੇ ਗਏ ਇਹ ਟੈਂਡਰ 26 ਮਈ 2016 ਨੂੰ ਖੋਲ੍ਹੇ ਗਏ ਸੀ ਜਦੋਂਕਿ ਇਹਨਾਂ ਟੈਂਡਰਾਂ ਦੀ ਫਾਈਨੈਂਸ਼ਿਅਲ ਬਿਡ 6 ਜੂਨ 2016 ਨੂੰ ਖੋਲ੍ਹੀ ਗਈ ਸੀ| ਉਹਨਾਂ ਦੱਸਿਆ ਕਿ 7 ਜੂਨ ਨੂੰ ਇਹ ਟੈਂਡਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੇ ਸਾਮ੍ਹਣੇ ਲਿਆਂਦੇ ਗਏ ਸੀ ਅਤੇ ਕਮੇਟੀ ਨੇ ਕਿਹਾ ਸੀ ਕਿ ਇਹਨਾਂ ਕੰਮ ਲਈ ਜਿਹਨਾਂ                                 ਠੇਕੇਦਾਰਾਂ/ਸੁਸਾਇਟੀਆਂ ਨੇ ਟੈਂਡਰ ਵਿੱਚ ਕਾਫੀ ਜਿਆਦਾ ਰਕਮ ਭਰੀ ਹੈ ਅਤੇ ਕਮੇਟੀ ਵਲੋਂ ਨਿਗਰਾਨ ਇੰਜਨੀਅਰ ਨੂੰ ਇਹ ਹਿਦਾਇਤ ਦਿੱਤੀ ਗਈ ਸੀ ਕਿ ਇਹਨਾਂ ਕੰਮਾਂ ਸੰਬੰਧੀ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਇਸ ਰਕਮ ਨੂੰ 8 ਤੋਂ 10 ਫੀਸਦੀ ਤਕ ਘਟਵਾਇਆ               ਜਾਵੇ| ਉਹਨਾਂ ਦੱਸਿਆ ਕਿ ਇਸਤੋਂ ਬਾਅਦ ਉਕਤ ਠੇਕੇਦਾਰਾਂ ਵਲੋਂ ਇਸ ਸੰਬੰਧੀ ਬਾਕਾਇਦਾ ਲਿਖਤੀ ਸਹਿਮਤੀ ਵੀ ਦੇ ਦਿੱਤੀ ਗਈ ਕਿ ਉਹ ਵੱਖ ਵੱਖ ਕੰਮਾਂ ਦੇ 5 ਤੋਂ 6 ਫੀਸਦੀ ਦੀ ਰਕਮ ਘਟਾਉਣ ਲਈ ਤਿਆਰ ਹਨ ਅਤੇ ਇਹ ਕੰਮ 4 ਕਰੋੜ 86 ਲੱਖ ਰੁਪਏ ਵਿੱਚ ਕਰ ਦੇਣਗੇ ਪਰੰਤੂ ਨਗਰ ਨਿਗਮ ਦੇ ਉਸ ਵੇਲੇ ਦੇ ਉੱਚ ਅਧਿਕਾਰੀਆਂ ਨੇ ਇਸ ਸੰਬੰਧੀ ਸਕੱਤਰ ਸਥਾਨਕ ਸਰਕਾਰ ਵਿਭਾਗ ਨੂੰ ਗੁੰਮਰਾਹ ਕਰਕੇ ਨਵੇਂ ਸਿਰੇ ਤੋਂ ਟੈਂਡਰ ਕਾਲ ਕਰ ਲਏ ਅਤੇ ਇਹ ਕੰਮ ਉਹਨਾਂ ਹੀ ਠੇਕੇਦਾਰਾਂ/ਸੁਸਾਇਟੀਆਂ ਨੂੰ 5 ਕਰੋੜ 10 ਲੱਖ ਰੁਪਏ ਵਿੱਚ ਦੇ ਦਿੱਤਾ ਗਿਆ ਜਿਸ ਕਾਰਨ ਨਗਰ ਨਿਗਮ ਨੂੰ ਲਗਭਗ 23 ਲੱਖ ਰੁਪਏ ਦਾ ਘਾਟਾ ਸਹਿਣਾ ਪਿਆ|
ਸ੍ਰ. ਸੇਠੀ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਸਕੱਤਰ ਸਥਾਨਕ ਸਰਕਾਰ ਵਿਭਾਗ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ  ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ| ਉਹਨਾਂ ਲਿਖਿਆ ਹੈ ਕਿ ਇਹ ਰਕਮ ਉਨ੍ਹਾਂ ਅਧਿਕਾਰੀਆਂ ਦੀ ਤਨਖਾਹ ਵਿੱਚੋਂ ਕੱਟ ਕੇ ਇਸ ਘਾਟੇ ਨੂੰ ਪੂਰਾ ਕੀਤਾ ਜਾਵੇ ਜਿਨ੍ਹਾਂ ਦੇ ਕਾਰਨ ਅਜਿਹਾ ਹੋਇਆ ਹੈ| ਸ੍ਰ. ਸੇਠੀ ਨੇ ਕਿਹਾ ਕਿ 7 ਜੂਨ ਨੂੰ ਹੋਈ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵਿੱਚ ਮੇਅਰ ਕੁਲਵੰਤ ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਉਹ ਖੁਦ, ਮੈਂਬਰ ਕੌਂਸਲਰ ਫੂਲਰਾਜ ਸਿੰਘ ਅਤੇ ਅਮਰੀਕ ਸਿੰਘ ਸੋਮਲ ਤੋਂ ਇਲਾਵਾ ਉਸ ਸਮੇਂ ਦੇ ਨਿਗਮ ਦੇ ਉਚ ਅਧਿਕਾਰੀ ਹਾਜ਼ਿਰ ਹੋਏ ਸਨ ਪਰੰਤੂ ਇਸਦੇ ਬਾਵਜੂਦ ਨਿਗਮ ਅਧਿਕਾਰੀਆਂ ਵਲੋਂ ਆਪਣੇ ਪੱਧਰ ਤੇ ਕਾਰਵਾਈ ਕਰਕੇ ਨਿਗਮ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਲਈ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਵਲੋਂ ਇਸ ਸਬੰਧੀ ਨਿਗਮ ਦੇ ਐਕਸਟਰਨਲ ਆਡਿਟ  ਵਿਭਾਗ ਨੂੰ ਆਡਿਟ ਪੈਰਾ ਬਨਾਉਣ ਲਈ ਕਿਹਾ ਗਿਆ ਹੈ| ਨਗਰ ਨਿਗਮ ਵਿੱਚ ਤੈਨਾਤ ਐਕਸਟਰਨਲ ਆਡਿਟ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਨਵੇਂ ਕਮਿਸ਼ਨਰ ਤੋਂ ਲਿਖਤੀ ਤੌਰ ਤੇ ਜਾਣਕਾਰੀ ਮੰਗੀ ਗਈ ਹੈ ਕਿ ਇਹ ਦੱਸਿਆ ਜਾਵੇ ਕਿ ਇਸ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ| ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਇਸ ਮਾਮਲਾ ਉਹਨਾਂ ਤੋਂ ਪਹਿਲਾਂ ਦਾ ਹੈ ਅਤੇ ਇਸ ਸੰਬੰਧੀ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਪੂਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ ਕੁੱਝ ਦੱਸ ਸਕਦੇ ਹਨ|

Leave a Reply

Your email address will not be published. Required fields are marked *