ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 11 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਸੰਬੰਧੀ ਟੈਂਡਰਾਂ ਅਤੇ ਵਰਕ ਆਰਡਰ ਜਾਰੀ ਕਰਨ ਨੂੰ ਪ੍ਰਵਾਨਗੀ

ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 11 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਸੰਬੰਧੀ ਟੈਂਡਰਾਂ ਅਤੇ ਵਰਕ ਆਰਡਰ ਜਾਰੀ ਕਰਨ ਨੂੰ ਪ੍ਰਵਾਨਗੀ
ਸ਼ਹਿਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਤੋਂ ਰਾਹਤ ਦਿਵਾਉਣ ਲਈ ਨਵੇਂ ਪ੍ਰੋਜੈਕਟ ਨੂੰ ਮਿਲੇਗੀ ਹਰੀ ਝੰਡੀ
ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਿਟੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਜੁੜੇ 11 ਕਰੋੜ ਰੁਪਏ ਦੇ ਵੱਖ ਵੱਖ ਮਤਿਆਂ ਦੇ ਟੈਂਡਰਾਂ ਅਤੇ ਪਹਿਲਾਂ ਪਾਸ ਕੀਤੇ ਗਏ ਟੈਂਡਰਾਂ ਦੇ ਵਰਕ ਆਰਡਰ ਜਾਰੀ ਕਰਨ ਦੀ ਮੰਜੂਰੀ ਦਿੱਤੀ ਗਈ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹਿਰ ਦੇ ਪਾਰਕਾਂ ਦੇ ਵਿਕਾਸ ਲਈ ਸਾਢੇ ਪੰਜ ਕਰੋੜ ਰੁਪਏ ਅਤੇ ਸ਼ਹਿਰ ਦੇ ਜਨਰਲ ਵਿਕਾਸ ਨਾਲ ਜੁੜੇ ਹੋਰਨਾਂ ਮਤਿਆਂ ਸੰਬੰਧੀ ਟੈਂਡਰਾਂ ਅਤੇ ਵਰਕ ਆਰਡਰ ਜਾਰੀ ਕਰਨ ਦੀ ਮੰਜੂਰੀ ਦਿੱਤੀ ਗਈ| ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਇੱਕ ਐਨ ਜੀ ਓ ਵਲੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਵਿਸ਼ੇਸ਼ ਪੇਸ਼ਕਾਰੀ ਤੋਂ ਬਾਅਦ ਉਸ ਸੰਸਥਾ ਨੂੰ ਇਹ ਕੰਮ ਦੇਣ ਦਾ ਮਨ ਬਣਾਇਆ ਗਿਆ ਹੈ ਜਿਸ ਸੰਬੰਧੀ ਨਿਗਮ ਦੀ ਮੀਟਿੰਗ ਵਿੱਚ ਮਤਾ ਲਿਆਂਦਾ ਜਾਵੇਗਾ| ਇਸ ਪੇਸ਼ਕਾਰੀ ਦੌਰਾਨ ਸੰਸਥਾ ਵਲੋਂ ਦਾਅਵਾ ਕੀਤਾ ਗਿਆ ਕਿ ਉਹ ਸ਼ਹਿਰ ਨੂੰ ਅਗਲੇ ਦੋ ਸਾਲਾਂ ਦੇ ਵਿੱਚ ਕਤੂਰਾ ਮੁਕਤ ਅਤੇ ਰੈਬੀਜ ਮੁਕਤ ਬਣਾ ਦੇਣਗੇ| ਉਹਨਾਂ ਦੱਸਿਆ ਕਿ ਇਸ ਸੰਬੰਧੀ ਸੰਸਥਾ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਰਹਿੰਦੇ ਆਵਾਰਾ ਕੁੱਤਿਆਂ ਦਾ ਮੁਕੰਮਲ ਸਰਵੇ ਕਰਕੇ ਉਹਨਾਂ ਵਿੱਚ ਵਿਸ਼ੇਸ਼ ਚਿਪਾਂ ਲਗਾਈਆਂ ਜਾਣਗੀਆਂ ਜਿਹਨਾਂ ਵਿੱਚ ਕੁੱਤਿਆਂ ਦਾ ਪੂਰਾ ਰਿਕਾਰਡ ਦਰਜ ਹੋਵੇਗਾ| ਇਹਨਾਂ ਕੁੱਤਿਆਂ ਨੂੰ ਸਮੇਂ ਤੇ ਰੈਬੀਜ ਦੇ ਟੀਕੇ ਲਗਾਏ ਜਾਣਗੇ ਅਤੇ ਕੁੱਤਿਆਂ ਦੇ ਨਸਬੰਦੀ ਦੇ ਆਪਰੇਸ਼ਨ ਵੀ ਕੀਤੇ ਜਾਣਗੇ|
ਉਹਨਾਂ ਦੱਸਿਆ ਕਿ ਇਸ ਸੰਬੰਧੀ ਕੁੱਤਿਆਂ ਨੂੰ ਫੜਣ (ਡਾਗ ਕੈਚਰ) ਦਾ ਕੰਮ ਵੀ ਸੰਸਥਾ ਵਲੋਂ ਹੀ ਕੀਤਾ ਜਾਵੇਗਾ ਜਦੋਂਕਿ ਨਿਗਮ ਵਲੋਂ ਸੰਸਥਾ ਨੂੰ ਇਸ ਕੰਮ ਲਈ ਥਾਂ ਮੁਹਈਆ ਕਰਵਾਈ ਜਾਵੇਗੀ| ਸੰਸਥਾ ਨੂੰ ਨਿਗਮ ਵਲੋਂ ਉਨੀ ਹੀ ਅਦਾਇਗੀ ਕੀਤੀ ਜਾਵੇਗੀ ਜਿੰਨੀ ਹੁਣ ਨਿਗਮ ਵਲੋਂ ਪ੍ਰਤੀ ਆਪਰੇਸ਼ਨ ਦੇ ਹਿਸਾਬ ਨਾਲ ਖਰਚ ਕੀਤੀ ਜਾਂਦੀ ਹੈ|
ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਨਿਗਮ ਦੇ ਕਮਿਸ਼ਨਰ ਸ੍ਰ. ਸੰਦੀਪ ਹੰਸ, ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਕੌਂਸਲਰ ਸ੍ਰ. ਫੂਲਰਾਜ ਸਿੰਘ ਅਤੇ ਸ੍ਰ. ਅਮਰੀਕ ਸਿੰਘ ਸੋਮਲ ਤੋਂ ਇਲਾਵਾ ਨਿਗਮ ਦੇ ਸੰਬੰਧਿਤ ਅਧਿਕਾਰੀ ਹਾਜਿਰ ਹੋਏ|

Leave a Reply

Your email address will not be published. Required fields are marked *