ਵਿੱਤ ਮੰਤਰੀ ਵਲੋਂ ਦੋ ਵਿਸ਼ੇਸ਼ ਵੈਬ ਪੋਰਟਲਾਂ ਦੀ ਸ਼ੁਰੂਆਤ


ਚੰਡੀਗੜ੍ਹ, 10 ਨਵੰਬਰ (ਸ.ਬ.)   ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਭਵਨ ਵਿਖੇ ਇਕ ਸਮਾਗਮ ਦੌਰਾਨ ਦੋ ਜੀ.ਆਈ.ਐਸ (ਭੂਗੋਲਿਕ ਸੂਚਨਾ ਸਿਸਟਮ) ਵੈਬ ਪੋਰਟਲਾਂ ਦੀ ਸ਼ੁਰੂਆਤ ਕੀਤੀ| ਇਹ ਸਮਾਗਮ ਪੰਜਾਬ ਦੇ ਯੋਜਨਾਬੰਦੀ ਵਿਭਾਗ ਦੇ ਆਰਥਿਕ ਅਤੇ ਅੰਕੜਾ ਸੰਗਠਨ (ਈਐਸਓ), ਵਲੋਂ ਭਾਸਕਾਚਾਰੀਆ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨਜ਼ ਅਤੇ ਜੀਓ-ਇਨਫਰਮੇਟਿਕਸ (ਬੀ.ਆਈ.ਐਸ.ਏ.ਜੀ), ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ (ਐਮਈਆਈਟੀਵਾਈ) ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ| 
ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ‘ਪੰਜਾਬ ਜੀ.ਆਈ.ਐਸ’ ਅਤੇ ‘ਵਿਲੇਜ ਜੀ.ਆਈ.ਐਸ’ ਨਾਮੀਂ ਵੈਬ ਪੋਰਟਲ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਸੁਚਾਰੂ ਪ੍ਰਸਾਸ਼ਨ ਅਤੇ ਲੋਕ ਪੱਖੀ ਸੇਵਾਵਾਂ ਦੇਣ ਵਿਚ ਲਾਭਕਾਰੀ ਸਿੱਧ ਹੋਣਗੇ| ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਵਿੱਚ ਵੀ ਵਾਧਾ ਹੋਵੇਗਾ ਕਿਉਂ ਕਿ ਵੱਖ-ਵੱਖ ਸਕੀਮਾਂ ਬਣਾਉਣ ਅਤੇ ਲੋਕਾਂ ਨੂੰ ਚੰਗਾ ਪ੍ਰਸਾਸ਼ਨ ਦੇਣ ਵਿੱਚ ਇਨ੍ਹਾਂ ਵੈਬ ਪੋਰਟਲਾਂ ਤੋਂ ਲਿਆ ਡਾਟਾ ਸਕਾਰਾਤਮਕ ਭੂਮਿਕਾ ਅਦਾ ਕਰੇਗਾ| 
ਵਿੱਤ ਮੰਤਰੀ ਨੇ ਕਿਹਾ ਕਿ ਜੀ.ਆਈ.ਐਸ ਤਕਨਾਲੋਜੀ ਨਾਲ ਜ਼ਮੀਨੀ ਪੱਧਰ ਤੇ ਫੈਸਲੇ ਲੈਣ ਵਿੱਚ ਮਦਦ ਮਿਲੇਗੀ| ਪੰਜਾਬ ਸਰਕਾਰ ਵਿੱਚ ਯੋਜਨਾਬੰਦੀ ਅਤੇ ਹੋਰ ਫੈਸਲੇ ਲੈਣ ਲਈ ਜੀ.ਆਈ.ਐਸ ਤਕਨਾਲੋਜੀ ਨੂੰ ਅਪਨਾਉਣ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਵੱਡੇ ਵਿਭਾਗਾਂ ਦੀ ਜਾਣਕਾਰੀ ਜੀ.ਆਈ.ਐਸ ਦੇ ਪਹਿਲੇ ਪੜਾਅ ਵਿੱਚ ਸ਼ਾਮਲ ਕਰ ਲਈ ਗਈ ਹੈ| ਉਨ੍ਹਾਂ ਆਸ ਜਾਹਿਰ ਕੀਤੀ ਕਿ ਇਹ ਦੋਵੇਂ ਪੋਰਟਲ ਸੂਬੇ ਵਿੱਚ ਯੋਜਨਾਬੰਦੀ ਦੇ ਉਦੇਸ਼ਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਣਗੇ| 
ਸਮਾਗਮ ਦੌਰਾਨ ਵਧੀਕ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰਾਂ ਅਨਿਰੁਧ ਤਿਵਾੜੀ ਨੇ ਜੀ.ਆਈ.ਐਸ ਅਤੇ ਆਈ.ਟੀ ਟੈਕਨਾਲੋਜੀ ਨੂੰ ਏਕੀਕ੍ਰਿਤ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਲੋਕਾਂ ਦੇ ਫਾਇਦੇ ਲਈ ਮਜ਼ਬੂਤ ਨੀਤੀਆਂ ਬਣਾਉਣ ਵਿੱਚ ਸਰਕਾਰ ਦੀ ਮਦਦ ਹੋ ਸਕੇ| ਉਨ੍ਹਾਂ  ਖੇਤੀਬਾੜੀ, ਜਲ ਸਰੋਤ, ਪੇਂਡੂ ਅਤੇ ਸ਼ਹਿਰੀ ਵਿਕਾਸ ਯੋਜਨਾਬੰਦੀ ਵਿੱਚ ਜੀ.ਆਈ.ਐਸ ਤਕਨਾਲੋਜੀ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਤੇ ਜ਼ੋਰ ਦਿੱਤਾ| 
ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੇ ਆਰਥਿਕ ਸਲਾਹਕਾਰ ਐਮ.ਐਲ ਸ਼ਰਮਾ ਨੇ ਕਿਹਾ ਕਿ ਭੂਗੋਲਿਕ ਜਾਣਕਾਰੀ ਪ੍ਰਣਾਲੀ (ਜੀ.ਆਈ.ਐਸ) ਨੀਤੀਗਤ ਢਾਂਚੇ ਅਤੇ ਰੋਜ਼ਮਰਾ ਦੀ ਯੋਜਨਾਬੰਦੀ ਲਈ ਪ੍ਰਭਾਵਸ਼ਾਲੀ ਫੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਏਗਾ| ਉਨ੍ਹਾਂ ਕਿਹਾ ਕਿ ਜੀ.ਆਈ.ਐਸ ਤਕਨਾਲੋਜੀ ਕੁਦਰਤੀ, ਸਮਾਜਕ, ਸਭਿਆਚਾਰਕ ਭਿੰਨਤਾਵਾਂ ਨੂੰ ਸਮਝਣ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਰੂਪ ਰੇਖਾ ਤਿਆਰ ਕਰਨ ਲਈ ਇਕ ਸ਼ਾਨਦਾਰ ਉਦਮ ਹੈ|
ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਕੌਮੀ ਈ-ਗਵਰਨੈੱਸ ਡਵੀਜ਼ਨ ਦੇ ਪ੍ਰੈਜ਼ੀਡੈੱਟ ਅਤੇ ਸੀ.ਈ.ਓ ਅਭਿਸ਼ੇਕ ਸਿੰਘ ਅਤੇ ਬਿਸਾਗ-ਐਨ, ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਡਾਇਰੈਕਟਰ ਜਨਰਲ ਡਾ. ਟੀ.ਪੀ ਸਿੰਘ ਨੇ ਜੀ.ਆਈ.ਐਸ ਡਾਟਾਬੇਸ ਤਿਆਰ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ| ਇਸ ਮੌਕੇ ਆਰਥਿਕ ਅਤੇ ਅੰਕੜਾ ਸੰਗਠਨ ਦੇ ਸੰਯੁਕਤ ਡਾਇਰੈਕਟਰ ਹਰਵਿੰਦਰ ਸਿੰਘ ਅਤੇ ਪ੍ਰੋਜੈਕਟ ਲੀਡਰ ਡਾ. ਆਰ.ਕੇ.ਸੇਤੀਆ ਨੇ ਕਿਹਾ ਕਿ ਇਨ੍ਹਾਂ ਵੈੱਬ ਪੋਰਟਲਾਂ ਦੀ ਸ਼ੁਰੂਆਤ ਇਕ ਇਤਿਹਾਸਕ ਫੈਸਲਾ ਹੈ ਕਿਉਂਕਿ ਇਹ ਪ੍ਰਭਾਵਸ਼ਾਲੀ ਢੰਗ ਨਾਲ ਪੰਜਾਬ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ|

Leave a Reply

Your email address will not be published. Required fields are marked *