ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਲੋਕ ਪੱਖੀ: ਸਿੱਧੂ

ਐਸ ਏ ਐਸ ਨਗਰ, 20 ਜੂਨ (ਸ.ਬ.) ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ ਸਲਾਨਾ ਬਜਟ ਨੂੰ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਇਕ ਸੰਤੁਲਿਤ ਅਤੇ ਲੋਕਪੱਖੀ ਬਜਟ ਕਰਾਰ ਦਿੱਤਾ ਹੈ| ਅੱਜ ਇਥੇ ਜਾਰੀ ਇਕ  ਬਿਆਨ ਰਾਹੀਂ ਵਿਧਾਇਕ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਪੇਸ਼ ਕੀਤੇ ਗਏ ਬਜਟ ਵਿਚ ਸੂਬੇ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ| ਬਜਟ ਵਿਚ ਜਿਥੇ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਪੰਦਰਾਂ ਸੌ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਉਥੇ ਸਿੱਖਿਆ, ਸਿਹਤ ਅਤੇ ਨੌਜਵਾਨਾਂ ਦੇ ਰੁਜ਼ਗਾਰ ਲਈ ਵੀ ਯੋਗ ਪ੍ਰਬੰਧ ਕੀਤੇ ਗਏ ਹਨ| ਉਨ੍ਹਾਂ ਕਿਹਾ ਕਿ ਬਜਟ ਵਿਚ ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ਉਤੇ ਕੋਈ ਵੀ ਨਵਾਂ ਟੈਕਸ ਨਾ ਲਗਾਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ|
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਹਾਲੀ ਵਿਖੇ ਮੈਡੀਕਲ ਦੀ ਸਥਾਪਨਾ ਨੂੰ ਪਹਿਲੋਂ ਹੀ ਮਨਜ਼ੂਰੀ ਦਿੱਤੀ ਜਾ ਚੁਕੀ ਹੈ ਅਤੇ ਹੁਣ ਪਿੰਡ ਸਨੇਟਾ ਵਿਖੇ ਲੜਕੀਆਂ ਲਈ ਖੇਤਰੀ ਕਿੱਤਾਮੁਖੀ ਸਿਖਲਾਈ ਸੰਸਥਾ ਅਤੇ ਡਾਇਰੈਕਟੋਰੇਟ ਦੀ ਸਥਾਪਨਾ ਲਈ ਪ੍ਰਵਾਨਗੀ ਦਿੱਤੀ ਗਈ ਹੈ| ਇਸ ਸੰਸਥਾ ਦੇ ਖੁੱਲ੍ਹਣ ਨਾਲ ਸਾਡੀਆਂ ਬੱਚੀਆਂ ਨੂੰ ਕਿੱਤਾਮੁਖੀ ਸਿਖਲਾਈ ਮਿਲੇਗੀ ਅਤੇ ਉਹ ਆਪਣੇ ਪੈਰਾਂ ਉਤੇ ਖੜ੍ਹੀਆਂ ਹੋ ਸਕਣਗੀਆਂ| ਪੰਜਾਬ ਸਰਕਾਰ ਨੇ ਲੜਕੀਆਂ ਦੀ ਨਰਸਰੀ ਤੋਂ ਲੈ ਕੇ ਪੀ.ਐੱਚ.ਡੀ. ਤੱਕ ਦੀ ਸਿੱਖਿਆ ਨੂੰ ਮੁਫਤ ਕਰਕੇ ਬਹੁਤ ਵੱਡੇ ਪੁੰਨ ਦਾ ਕਾਰਜ ਕੀਤਾ ਹੈ| ਉਨ੍ਹਾਂ ਉਦਯੋਗਿਕ ਇਕਾਈਆਂ ਨੂੰ 5  ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਸਪਲਾਈ ਦਿੱਤੇ ਜਾਣ ਦੇ ਫੈਸਲੇ ਦਾ ਵੀ ਸੁਆਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਮੁਹਾਲੀ ਦੀ ਤਬਾਹ ਹੋ ਚੁਕੀ ਇੰਡਸਟਰੀ ਨੂੰ ਵੱਡੀ ਰਾਹਤ ਮਿਲੇਗੀ ਅਤੇ ਖੰਡਰ ਹੋਈਆਂ ਉਦਯੋਗਿਕ ਇਕਾਈਆਂ ਦੇ ਦੁਬਾਰਾ ਚੱਲਣ ਦੀ ਉਮੀਦ ਪੈਦਾ ਹੋਵੇਗੀ| ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ 500  ਰੁਪਏ ਤੋਂ ਵਧਾਕੇ 750 ਰੁਪਏ ਕਰਨ ਨਾਲ ਬਜ਼ੁਰਗਾਂ ਨੂੰ ਭਾਰੀ ਰਾਹਤ ਮਿਲੇਗੀ, ਜਦਕਿ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਵਲੋਂ ਪੰਜਾਬ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਅਤੇ ਬੈਕਫਿਨਕੋ ਤੋਂ ਲਏ ਗਏ ਕਰਜ਼ਿਆਂ ਉਤੇ ਲੀਕ ਮਾਰਨ ਦਾ ਫੈਸਲਾ ਕਰਕੇ ਪੰਜਾਬ ਦੇ ਗਰੀਬ ਲੋਕਾਂ ਨੂੰ ਬਹੁਤ ਵੱਡੀ ਰਾਹਤ ਪ੍ਰਦਾਨ ਕੀਤੀ ਹੈ|

Leave a Reply

Your email address will not be published. Required fields are marked *