ਵੂਮੈਨ ਪੁਲੀਸ ਸਟੇਸ਼ਨ ਰਾਹੀਂ ਇਸ ਸਾਲ ਹੁਣ ਤੱਕ 97 ਤੋਂ ਵੱਧ ਕੇਸਾਂ ਦਾ ਆਪਸੀ ਸਹਿਮਤੀ ਨਾਲ ਕੀਤਾ ਨਿਪਟਾਰਾ

ਐਸ.ਏ.ਐਸ. ਨਗਰ, 28 ਮਾਰਚ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੂਮੈਨ ਪੁਲੀਸ ਸਟੇਸ਼ਨ ਰਾਹੀਂ ਸਾਲ 2018 ਵਿੱਚ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ 125 ਕੇਸ ਆਏ ਜਿਨ੍ਹਾਂ ਵਿੱਚੋਂ 97 ਕੇਸਾਂ ਦਾ ਨਿਪਟਾਰਾ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵੂਮੈਨ ਪੁਲੀਸ ਸਟੇਸ਼ਨ ਦੀ ਮੁੱਖ ਥਾਣਾ ਅਫਸਰ ਇੰਸਪੈਕਟਰ ਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੂਮੈਨ ਪੁਲੀਸ ਸਟੇਸ਼ਨ ਵਿਖੇ ਜ਼ਿਲ੍ਹੇ ਵਿੱਚ ਪੈਂਦੀਆਂ ਸਬ-ਡਵੀਜ਼ਨਾਂ ਮੁਹਾਲੀ, ਖਰੜ ਅਤੇ ਡੇਰਾਬਸੀ ਨਾਲ ਸਬੰਧਤ ਮਹਿਲਾਵਾਂ ਸਬੰਧੀ ਘਰੇਲੂ ਝਗੜਿਆਂ ਦੇ ਫੈਸਲੇ ਦੋਵਾਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਆਪਸੀ ਸਹਿਮਤੀ ਨਾਲ ਕਰਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ|
ਉਹਨਾਂ ਦੱਸਿਆ ਕਿ ਇਸ ਸਾਲ ਹੁਣ ਤੱਕ ਵਿੱਚ ਵੂਮੈਨ ਪੁਲੀਸ ਸਟੇਸ਼ਨ ਵਿੱਚ ਕੁੱਲ 125 ਦਰਖਾਸਤਾਂ ਆਈਆਂ ਸਨ, ਜਿਨ੍ਹਾਂ ਵਿੱਚੋਂ ਕੇਵਲ 25 ਬਕਾਇਆ ਹਨ ਜੋ ਕਿ ਵਿਚਾਰ ਅਧੀਨ ਹਨ| ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰਖਾਸਤਾ ਵਿੱਚੋਂ 12 ਤਲਾਕ ਦੇ ਫੈਸਲੇ ਕਰਵਾਏ ਗਏ ਅਤੇ 19 ਕੇਸਾਂ ਵਿੱਚ ਇੱਕਠੇ ਰਹਿਣ ਦੇ ਫੈਸਲੇ ਕਰਵਾਏ ਗਏ| ਇਸ ਤੋਂ ਇਲਾਵਾ 66 ਮਾਮਲੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਦਾਖਲ ਦਫਤਰ ਕੀਤੇ ਗਏ| ਉਨ੍ਹਾਂ ਦੱਸਿਆ ਕਿ ਵੂਮੈਨ ਪੁਲੀਸ ਸਟੇਸ਼ਨਾਂ ਰਾਹੀਂ ਮਹਿਲਾਵਾਂ ਨਾਲ ਸਬੰਧਿਤ ਵੱਖ ਵੱਖ ਪਰਿਵਾਰਿਕ ਝਗੜਿਆਂ ਨੂੰ ਪਾਰਦਰਸ਼ਤਾ ਨਾਲ ਪਹਿਲ ਦੇ ਅਧਾਰ ਤੇ ਨਿਪਟਾਇਆ ਜਾਂਦਾ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਵੂਮੈਨ ਸੈਲ ਰਾਹੀਂ ਕਾਊਂਸਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਦੋਵਾਂ ਧਿਰਾਂ ਵਿੱਚ ਆਪਸੀ ਤਕਰਾਰ ਖਤਮ ਹੁੰਦਾ ਹੈ ਅਤੇ ਮੁੜ ਤੋਂ ਨਵੀਂ ਪਰਿਵਾਰਕ ਜਿੰਦਗੀ ਸ਼ੁਰੂ ਹੁੰਦੀ ਹੈ| ਇਨ੍ਹਾਂ ਫੈਸਲਿਆਂ ਨਾਲ ਜਿੱਥੇ ਪਰਿਵਾਰਾਂ ਦੇ ਪੈਸੇ ਦੀ ਬੱਚਤ ਹੁੰਦੀ ਹੈ, ਉੱਥੇ ਉਨ੍ਹਾਂ ਦੀ ਖੱਜਲ ਖੁਆਰੀ ਵੀ ਘੱਟਦੀ ਹੈ|
ਇੰਸਪੈਕਟਰ ਜੈਸਮੀਨ ਕੌਰ ਕਾਊਸਲਿੰਗ ਇੰਚਾਰਜ ਨੇ ਦੱਸਿਆ ਕਿ ਕਾਊਂਸਲਿੰਗ ਰਾਹੀਂ, ਜਿਹੜੇ ਪਰਿਵਾਰਕ ਝਗੜੇ ਸਾਲਾਂ ਬੱਧੀ ਜਾਂ ਕਈ ਮਹੀਨਿਆਂ ਵਿੱਚ ਹੱਲ ਨਹੀਂ ਹੋ ਸਕੇ, ਉਹ ਝਗੜੇ ਵੂਮੈਨ ਪੁਲੀਸ ਸਟੇਸ਼ਨ ਵਿੱਚ ਦੋਵੇਂ ਧਿਰਾਂ ਦੀ ਕਾਊਂਸਲਿੰਗ ਕਰਕੇ ਹਫਤੇ ਦੇ ਅੰਦਰ ਅੰਦਰ ਨਿਬੇੜੇ ਗਏ ਹਨ|

Leave a Reply

Your email address will not be published. Required fields are marked *