ਵੂਮੈਨ ਪੁਲੀਸ ਸਟੇਸ਼ਨ ਰਾਹੀਂ ਇਸ ਸਾਲ ਹੁਣ ਤੱਕ 340 ਕੇਸਾਂ ਦਾ ਕੀਤਾ ਨਿਪਟਾਰਾ

ਐਸ.ਏ.ਐਸ. ਨਗਰ, 30 ਜੂਨ (ਸ.ਬ.) ਘਰੇਲੂ ਝਗੜਿਆਂ ਨੂੰ ਨਿਪਟਾਉਣ ਲਈ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਵੂਮੈਨ ਪੁਲੀਸ ਸਟੇਸ਼ਨ/ਵੂਮੈਨ ਸੈਲ ਵੱਲੋਂ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਇਸ ਸਾਲ ਜੂਨ ਮਹੀਨੇ ਤੱਕ ਵੱਖ-ਵੱਖ 340 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵੂਮੈਨ ਪੁਲੀਸ ਸਟੇਸ਼ਨ ਵਿਚਲੇ ਵੂਮੈਨ ਸੈਲ ਦੀ ਕਾਊਂਸਲਿੰਗ ਇੰਚਾਰਜ ਇੰਸਪੈਕਟਰ ਜੈਸਮੀਨ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੂਮੈਨ ਪੁਲੀਸ ਸਟੇਸ਼ਨ/ਵੂਮੈਨ ਸੈਲ, ਵਿਖੇ ਜ਼ਿਲ੍ਹੇ ਵਿੱਚ ਪੈਂਦੀਆਂ ਸਬ-ਡਵੀਜ਼ਨਾਂ ਮੁਹਾਲੀ, ਖਰੜ ਅਤੇ ਡੇਰਾਬਸੀ ਨਾਲ ਸਬੰਧਤ ਮਹਿਲਾਵਾਂ ਸਬੰਧੀ ਘਰੇਲੂ ਝਗੜਿਆਂ ਦੇ ਫੈਸਲੇ ਦੋਵਾਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਆਪਸੀ ਸਹਿਮਤੀ ਨਾਲ ਕਰਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ|
ਉਹਨਾਂ ਦੱਸਿਆ ਕਿ ਸਾਲ 2018 ਵਿੱਚ ਜੂਨ ਮਹੀਨੇ ਤੱਕ ਜ਼ਿਲ੍ਹਾ ਐਸ.ਏ.ਐਸ ਨਗਰ ਵਿਚਲੇ ਵੂਮੈਨ ਸੈਲ ਵੱਲੋਂ 340 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 86 ਫੈਸਲੇ ਇਕੱਠੇ ਰਹਿਣ ਦੇ ਅਤੇ 67 ਫੈਸਲੇ ਤਲਾਕ ਦੇ ਹੋਏ ਹਨ| ਦੋਵੇਂ ਧਿਰਾਂ ਦੀ ਸਹਿਮਤੀ ਨਾਲ 177 ਕੇਸਾਂ ਨੂੰ ਦਾਖ਼ਲ ਦਫ਼ਤਰ ਕੀਤਾ ਗਿਆ ਹੈ ਤੇ 10 ਕੇਸ ਮੁਕੱਦਮਾ ਦਰਜ ਕਰਨ ਲਈ ਭੇਜੇ ਗਏ ਹਨ| ਸਾਲ 2017 ਵਿੱਚ ਵੂਮੈਨ ਪੁਲੀਸ ਸਟੇਸ਼ਨ ਵਿੱਚ ਕੁੱਲ 1077 ਦਰਖਾਸਤਾਂ ਆਈਆਂ ਜਿਨ੍ਹਾਂ ਵਿੱਚ ਸਾਲ 2016 ਦੀਆਂ 239 ਪੈਂਡਿੰਗ ਦਰਖਾਸਤਾਂ ਵੀ ਸ਼ਾਮਿਲ ਸਨ| ਸਾਲ 2017 ਵਿੱਚ 915 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 162 ਕੇਸ ਪੈਂਡਿੰਗ ਰਹੇ ਸਨ| ਇਨ੍ਹਾਂ ਵਿੱਚ 143 ਤਲਾਕ ਦੇ ਫੈਸਲੇ ਕਰਵਾਏ ਗਏ ਅਤੇ 224 ਕੇਸਾਂ ਵਿੱਚ ਇੱਕਠੇ ਰਹਿਣ ਦੇ ਫੈਸਲੇ ਕਰਵਾਏ ਗਏ| 14 ਕੇਸਾਂ ਵਿੱਚ ਮੁਕੱਦਮੇ ਦਰਜ ਕਰਨ ਸਬੰਧੀ ਸਿਫਾਰਸ਼ ਕੀਤੀ ਗਈ ਸੀ| ਇਸ ਤੋਂ ਇਲਾਵਾ 534 ਮਾਮਲੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਦਾਖਲ ਦਫਤਰ ਕੀਤੇ ਗਏ| ਸਾਲ 2016 ਵੱਖ ਵੱਖ ਤਰ੍ਹਾਂ ਦੇ 789 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ|

Leave a Reply

Your email address will not be published. Required fields are marked *