ਵੈਨੇਜ਼ੁਏਲਾ: ਮਾਦੁਰੋ ਨੇ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਕੀਤਾ ਐਲਾਨ

ਕਰਾਕਾਸ, 24 ਜਨਵਰੀ (ਸ.ਬ.) ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅੱਜ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਐਲਾਨ ਕੀਤਾ| ਮਾਦੁਰੋ ਨੇ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਰੋਧੀ ਧਿਰ ਦੇ ਨੇਤਾ ਗੁਏਡੋ ਨੂੰ ਦੱਖਣੀ-ਅਮਰੀਕੀ ਦੇਸ਼ ਦੇ ‘ਅੰਤਰਿਮ ਰਾਸ਼ਟਰਪਤੀ’ ਦੇ ਰੂਪ ਵਿਚ ਮਾਨਤਾ ਦੇਣ ਦੇ ਬਾਅਦ ਕੀਤਾ ਹੈ|
ਮਾਦੁਰੋ ਨੇ ਕਾਰਾਕਾਸ ਵਿਚ ਹਜ਼ਾਰਾਂ ਸਮਰਥਕਾਂ ਨੂੰ ਕਿਹਾ,”ਮੈਂ ਅਮਰੀਕਾ ਦੀ ਸਾਮਰਾਜਵਾਦੀ ਸਰਕਾਰ ਨਾਲ ਡਿਪਲੋਮੈਟਿਕ ਅਤੇ ਰਾਜਨੀਤਕ ਸੰਬੰਧ ਤੋੜਨ ਦਾ ਫੈਸਲਾ ਲਿਆ ਹੈ|” ਉਨ੍ਹਾਂ ਨੇ ਕਿਹਾ,”ਦਫਾ ਹੋ ਜਾਓ! ਵੈਨਜ਼ੁਏਲਾ ਛੱਡੋ, ਇਹ ਇਸੇ ਲਾਇਕ ਹਨ, ਲਾਹਨਤ ਹੈ ਤੁਹਾਡੇ ਤੇ|” ਉਨ੍ਹਾਂ ਨੇ ਅਮਰੀਕੀ ਵਫਦ ਨੂੰ ਦੇਸ਼ ਛੱਡਣ ਲਈ 72 ਘੰਟੇ ਦਾ ਸਮਾਂ ਦਿੱਤਾ ਹੈ|
ਅਸਲ ਵਿਚ ਵਿਰੋਧੀ ਧਿਰ ਦੇ ਕੰਟਰੋਲ ਵਾਲੀ ਵਿਧਾਨ ਸਭਾ ਦੇ ਮੁਖੀ ਜੁਆਨ ਗੁਏਡੋ ਨੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇ ਸਾਹਮਣੇ ਇਹ ਐਲਾਨ ਕਰ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਉਹ ਖੁਦ ਨੂੰ ‘ਕਾਰਜਕਾਰੀ ਰਾਸ਼ਟਰਪਤੀ’ ਐਲਾਨ ਕਰਦੇ ਹਨ| ਟਰੰਪ ਇਸ ਤੇ ਪ੍ਰਤੀਕਿਰਿਆ ਦੇਣ ਵਾਲੇ ਪਹਿਲੇ ਵਿਦੇਸ਼ੀ ਨੇਤਾ ਸਨ ਅਤੇ ਉਨ੍ਹਾਂ ਨੇ ਗੁਏਡੋ ਨੂੰ ਆਪਣਾ ਸਮਰਥਨ ਦਿੱਤਾ| ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ਨੂੰ ਵੈਨੇਜ਼ੁਏਲਾ ਦੇ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਦੀ ਇਕੋਇਕ ਕਾਨੂੰਨੀ ਸ਼ਾਖਾ ਦੱਸਿਆ| ਉੱਥੇ ਕਾਰਾਕਾਸ ਵਿਚ ਪ੍ਰੈਜੀਡੈਂਸ਼ੀਅਲ ਪੈਲੇਸ ਦੀ ਬਾਲਕੋਨੀ ਤੋਂ ਬੋਲਦਿਆਂ ਮਾਦੁਰੋ ਨੇ ਅਮਰੀਕੀ ਸਰਕਾਰ ਤੇ ਤਖਤਾਪਲਟ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਗਾਇਆ| ਉਨ੍ਹਾਂ ਨੇ ਕਿਹਾ,”ਵੈਨਜ਼ੁਏਲਾ ਵਿਰੁੱਧ ਡੋਨਾਲਡ ਟਰੰਪ ਦੀ ਸਰਕਾਰ ਦੀ ਕੱਟੜਵਾਦੀ ਨੀਤੀ ਗੈਰ ਜ਼ਿੰਮੇਵਾਰੀ ਵਾਲੀ ਹੈ, ਇਹ ਬਹੁਤ ਮੂਰਖਤਾ ਭਰਪੂਰ ਹੈ|ਉੱਧਰ ਅਮਰੀਕਾ ਦੇ ਰਾਜ ਸਕੱਤਰ ਮਾਇਕ ਪੋਂਪਿਓ ਨੇ ਕਿਹਾ,ਅਮਰੀਕਾ ਮਾਦੁਰੋ ਸ਼ਾਸਨ ਨੂੰ ਵੈਨੇਜ਼ੁਏਲਾ ਸਰਕਾਰ ਦੇ ਰੂਪ ਵਿਚ ਸਵੀਕਾਰ ਨਹੀਂ ਕਰਦਾ ਹੈ| ਇਸ ਦੇ ਨਾਲ ਹੀ ਅਮਰੀਕਾ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਵੱਲੋਂ ਅਮਰੀਕਾ ਨਾਲ ਰਾਜਨੀਤਕ ਸੰਬੰਧਾਂ ਨੂੰ ਖਤਮ ਕਰਨ ਦੇ ਫੈਸਲੇ ਦੀ ਵੀ ਪਰਵਾਹ ਨਹੀਂ ਕਰਦਾ ਹੈ|

Leave a Reply

Your email address will not be published. Required fields are marked *