ਵੈਨਜ਼ੁਏਲਾ ਵਿਚ ਸਰਕਾਰ ਵਿਰੁੱਧ ਸੜਕਾਂ ਤੇ ਉਤਰੇ ਲੋਕ, 10 ਪ੍ਰਦਰਸ਼ਨਕਾਰੀਆਂ ਦੀ ਮੌਤ

ਕਰਾਕਸ, 31 ਜੁਲਾਈ (ਸ.ਬ.) ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸ਼ਕਤੀਆਂ ਪ੍ਰਦਾਨ ਕਰਨ ਵਾਲੀ ਵੋਟਿੰਗ ਨਾਲ ਜ਼ਿਆਦਾਤਰ ਲੋਕਾਂ ਨੇ ਦੂਰੀ ਬਣਾਈ ਅਤੇ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰਨ ਲਈ ਸੜਕਾਂ ਉਤੇ ਉਤਰੇ| ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਸੰਘਰਸ਼ ਵਿਚ 10 ਵਿਅਕਤੀਆਂ ਦੀ ਮੌਤ ਹੋ ਗਈ| ਵੋਟਿੰਗ ਜ਼ਰੀਏ ਸਰਕਾਰ ਵੈਨਜ਼ੁਏਲਾ ਉਤੇ ਸਿਆਸੀ ਦਬਦਬਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ | ਸਰਕਾਰ ਦੇ ਇਸ ਕਦਮ ਨਾਲ ਅਮਰੀਕੀ ਪਾਬੰਦੀ ਅਤੇ ਨਵੇਂ ਸਿਰੇ ਤੋਂ ਸੜਕਾਂ ਉਤੇ ਦੰਗੇ ਹੋਣ ਦਾ ਸ਼ੱਕ ਵਧ ਗਿਆ ਹੈ| ਅਪ੍ਰੈਲ ਤੋਂ ਸ਼ੁਰੂ ਹੋਏ ਇਨ੍ਹਾਂ ਸੰਘਰਸ਼ਾਂ ਵਿਚ ਘੱਟ ਤੋਂ ਘੱਟ 122 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 2,000 ਵਿਅਕਤੀ ਜ਼ਖਮੀ ਹੋਏ ਹਨ| ਹਿੰਸਾ ਕਾਰਨ ਵੋਟਿੰਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਸੀ|
ਪ੍ਰਦਰਸ਼ਨਕਾਰੀਆਂ ਨੇ ਵੋਟਿੰਗ  ਕੇਂਦਰਾਂ ਉਤੇ ਹਮਲਾ ਕੀਤਾ ਜਿਸ ਦੇ ਜਵਾਬ ਵਿਚ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ | ਇਸ ਹਿੰਸਾ ਵਿਚ ਘੱਟ ਤੋਂ ਘੱਟ 10  ਵਿਅਕਤੀਆਂ ਦੀ ਮੌਤ ਹੋ ਗਈ| ਅਰਜਨਟੀਨਾ, ਕੋਲੰਬੀਆ, ਪੇਰੂ, ਪਨਾਮਾ ਅਤੇ ਅਮਰੀਕਾ ਦਾ ਕਹਿਣਾ ਹੈ ਕਿ ਉਹ ਇਸ ਵੋਟਿੰਗ ਨੂੰ ਮਾਨਤਾ ਨਹੀਂ ਦੇਣਗੇ | ਕੈਨੇਡਾ ਅਤੇ ਮੈਕਸੀਕੋ ਨੇ ਵੀ ਚੋਣ ਨੂੰ ਅਸਵੀਕਾਰ ਕਰਨ ਦੇ ਸੰਬੰਧ ਵਿਚ ਬਿਆਨ ਜਾਰੀ ਕੀਤਾ ਹੈ| ਇਸ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿਕੀ     ਹੇਲੀ ਨੇ ਇਕ ਟਵੀਟ ਵਿਚ ਕਿਹਾ ਮਾਦੁਰੋ ਦੀ ਇਹ ਦਿਖਾਵਟੀ ਚੋਣ ਤਾਨਾਸ਼ਾਹੀ ਵੱਲ ਇਕ ਹੋਰ ਕਦਮ ਹੈ| ਅਸੀਂ ਗੈਰ-ਕਾਨੂੰਨੀ ਸਰਕਾਰ ਨੂੰ ਸਵੀਕਾਰ ਨਹੀਂ ਕਰਾਂਗੇ | ਵੈਨਜ਼ੁਏਲਾ ਦੀ ਜਨਤਾ ਅਤੇ ਲੋਕਤੰਤਰ ਦੀ ਜਿੱਤ ਹੋਵੇਗੀ| ਰਾਜਧਾਨੀ ਵਿਚ ਕਰੀਬ 20 ਲੱਖ ਲੋਕ ਹੋਣ ਦੇ ਬਾਵਜੂਦ ਦਰਜਨਾਂ ਵੋਟਿੰਗ ਕੇਂਦਰ ਖਾਲ੍ਹੀ ਰਹੇ| ਇਸ ਦੇ ਉਲਟ ਪੱਛਮੀ ਕਰਾਕਸ ਵਿਚ ਪਾਲੀਦਰੋ ਸਪੋਰਟਸ ਅਤੇ ਸੱਭਿਆਚਾਰਕ ਕੰਪਲੈਕਸ ਵਿਚ ਹਜ਼ਾਰਾਂ ਲੋਕ ਦੋ ਘੰਟਿਆਂ ਤੱਕ ਵੋਟਿੰਗ ਕੇਂਦਰਾਂ ਉਤੇ ਵੋਟ ਪਾਉਣ ਲਈ ਇੰਤਜ਼ਾਰ ਕਰਦੇ ਦਿਸੇ | ਵਿਰੋਧੀ ਧਿਰ ਵਾਲੇ ਕਈ ਵੋਟਿੰਗ ਕੇਂਦਰ ਬੰਦ ਵੀ      ਰਹੇ| ਵੋਟਿੰਗ ਨੂੰ ਸੱਤਾਧਾਰੀ ਪਾਰਟੀ ਦੀ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਵਿਰੋਧੀ ਨੇਤਾਵਾਂ ਨੇ ਇਸ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਸੀ ਅਤੇ ਦੁਪਹਿਰ ਤੋਂ ਬਾਅਦ ਘੱਟ ਵੋਟਿੰਗ ਨੂੰ ਉਨ੍ਹਾਂ ਨੇ ਆਪਣੀ ਸ਼ਾਨਦਾਰ ਜਿੱਤ ਕਰਾਰ     ਦਿੱਤਾ |

Leave a Reply

Your email address will not be published. Required fields are marked *