ਵੋਟਰ ਸੂਚੀਆਂ ਦੀ ਵਿਸ਼ੇਸ ਸਰਸਰੀ ਸੁਧਾਈ ਦਾ ਕੰਮ 31 ਅਕਤੂਬਰ ਤੱਕ : ਮਾਨ

ਐਸ ਏ ਐਸ ਨਗਰ, 1 ਸਤੰਬਰ (ਸ.ਬ.) ਵੋਟਰ ਸੂਚੀਆਂ ਦੀ ਵਿਸ਼ੇਸ ਸਰਸਰੀ ਸੁਧਾਈ ਲਈ ਸ਼ੁਰੂ ਕੀਤੇ ਜਾ ਰਹੇ ਪ੍ਰੋਗਰਾਮ ਦੌਰਾਨ ਦਾਅਵੇ ਅਤੇ ਇਤਰਾਜ਼ 1 ਸਤੰਬਰ ਤੋਂ 31 ਅਕਤੂਬਰ 2018 ਤੱਕ ਦਿੱਤੇ ਜਾ ਸਕਣਗੇ| ਇਸ ਸੰਬੰਧੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ.ਚਰਨਦੇਵ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਉਪਰੰਤ ਪ੍ਰਕਾਸ਼ਤ ਖਰੜਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪਣ ਮੌਕੇ ਦਿੱਤੀ| ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾ ਦੀ ਮੀਟਿੰਗ ਵਿੱਚ ਬੀ.ਐਲ.ਓਜ਼ ਵੱਲੋਂ 8 ਸਤੰਬਰ ਅਤੇ 15 ਸਤੰਬਰ ਨੂੰ ਵੋਟਰ ਸੂਚੀਆਂ ਪੜ੍ਹ ਕੇ ਨਾਵਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ|
ਸ. ਮਾਨ ਨੇ ਦੱਸਿਆ ਕਿ ਸਪੈਸ਼ਲ ਮੁਹਿੰਮ ਤਹਿਤ 9 ਸਤੰਬਰ (ਐਤਵਾਰ) ਅਤੇ 16 ਸਤੰਬਰ (ਐਤਵਾਰ) ਨੂੰ ਆਮ ਜਨਤਾ ਦੀ ਸਹਾਇਤਾ ਹਿੱਤ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਆਪਣੇ-ਆਪਣੇ ਪੋਲਿੰਗ ਬੂਥਾਂ ਤੇ ਮੌਜੂਦ ਰਹਿਣਗੇ| ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 30 ਨਵੰਬਰ ਨੂੰ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ 2019 ਨੂੰ ਕੀਤੀ ਜਾਵੇਗੀ| ਸ. ਮਾਨ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਹਰੇਕ ਬੂਥ ਤੇ ਆਪਣੇ – ਆਪਣੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਨ ਨੂੰ ਯਕੀਨੀ ਬਣਾਉਣ|
ਉਹਨਾ ਦੱਸਿਆ ਕਿ ਕੋਈ ਵੀ ਐਸਾ ਵਿਅਕਤੀ ਜਿਸ ਦੀ ਉਮਰ 1 ਜਨਵਰੀ 2019 ਨੂੰ 18 ਸਾਲ ਦੀ ਹੋ ਜਾਵੇਗੀ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਫਾਰਮ ਨੰ: 6, ਵੋਟਰ ਸੂਚੀ ਵਿੱਚ ਪ੍ਰਵਾਸੀ ਭਾਰਤੀ (ਐਨ.ਆਰ.ਆਈ) ਵੋਟਰ ਦੇ ਰੂਪ ਵਿਚ ਨਾਂ ਦਰਜ ਕਰਵਾਉਣ ਲਈ ਫਾਰਮ ਨੰਬਰ 6 ਏ, ਵੋਟਰ ਸੂਚੀ ਵਿੱਚੋਂ ਨਾਂ ਕਟਵਾਉਣ ਲਈ ਫਾਰਮ ਨੰ: 7, ਵੋਟਰ ਸੂਚੀ ਵਿੱਚ ਦਰਜ ਨਾਂ, ਪਿਤਾ ਦਾ ਨਾਂ, ਜਨਮ ਮਿਤੀ ਅਤੇ ਪਤੇ ਆਦਿ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ: 8 ਅਤੇ ਇੱਕੋ ਵਿਧਾਨ ਸਭਾ ਚੋਣ ਹਲਕੇ ਵਿੱਚ ਇਕ ਪੋਲਿੰਗ ਸਟੇਸ਼ਨ ਤੋਂ ਦੂਜੇ ਪੋਲਿੰਗ ਸਟੇਸ਼ਨ ਤੇ ਵੋਟ ਤਬਦੀਲ ਕਰਨ ਲਈ ਫਾਰਮ ਨੰ: 8 T ਭਰਕੇ ਆਪਣੇ ਬੂਥ ਲੈਵਲ ਅਫਸਰ ਜਾਂ ਆਪਣੇ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ (ਈ.ਆਰ.ਓ) ਕੋਲ 1 ਸਤੰਬਰ ਤੋਂ 31 ਅਕਤੂਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ| ਉਨ੍ਹਾਂ ਇਹ ਵੀ ਦੱਸਿਆ ਕਿ ਲੋੜੀਂਦੇ ਫਾਰਮ ਸਬੰਧਤ ਬੂਥ ਲੈਵਲ ਅਫਸਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ| ਇਸ ਤੋਂ ਇਲਾਵਾ ਉਪਰੋਕਤ ਫਾਰਮ ਭਾਰਤ ਚੋਣ ਕਮਿਸ਼ਨ ਦੀ ਵੈਬ ਸਾਈਟ ਤੇ ਆਨ ਲਾਈਨ ਵੀ ਭਰੇ ਜਾ ਸਕਦੇ ਹਨ| ਆਨ ਲਾਈਨ ਫਾਰਮ ਭਰਦੇ ਸਮੇਂ ਬਿਨੈਕਾਰ ਦੀ ਫੋਟੋ, ਜਨਮ ਮਿਤੀ ਦਾ ਸਬੂਤ ਅਤੇ ਰਿਹਾਇਸ਼ ਦੇ ਪਤੇ ਦਾ ਸਬੂਤ ਵੀ ਅਪਲੋਡ ਕੀਤਾ ਜਾਵੇ|
ਸ. ਮਾਨ ਨੇ ਅਪੀਲ ਕੀਤੀ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਬਣਨ ਤੋਂ ਵਾਝਾਂ ਨਾ ਰਹਿ ਜਾਏ | ਇਸ ਵਿਸ਼ੇਸ ਸਰਸਰੀ ਸੁਧਾਈ ਮੁਹਿੰਮ ਦੌਰਾਨ ਯੋਗ ਨੌਜਵਾਨਾਂ, ਔਰਤਾਂ, ਅਪਾਹਿਜ ਵਿਅਕਤੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਖਾਸ ਤਰਜੀਹ ਦਿੱਤੀ ਜਾਵੇ| ਇਸ ਮੌਕੇ ਤਹਿਸੀਲਦਾਰ (ਚੋਣਾਂ) ਸ੍ਰੀ ਸੰਜੇ ਕੁਮਾਰ, ਜਿਲ੍ਹਾ ਖਜਾਂਚੀ ਭਾਜਪਾ (ਮੁਹਾਲੀ) ਸ੍ਰੀ ਜੋਗਿੰਦਰ ਸਿੰਘ ਕੰਵਰ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਸ੍ਰੀ ਅਸ਼ਵਨੀ ਕੁਮਾਰ ਸੰਭਾਲਕੀ, ਸ੍ਰੀ ਜਗਤਾਰ ਸਿੰਘ ਸਮੇਤ ਰਾਜਨੀਤਿਕ ਪਾਰਟੀਆਂ ਦੇ ਹੋਰ ਨੁਮਾਇੰਦੇ ਅਤੇ ਅਧਿਕਾਰੀ ਮੌਜੂਦ ਸਨ|

Leave a Reply

Your email address will not be published. Required fields are marked *