ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ, ਭਲਕੇ 8 ਵਜੇ ਤੋਂ ਹੋਵੇਗੀ ਗਿਣਤੀ

ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ, ਭਲਕੇ 8 ਵਜੇ ਤੋਂ ਹੋਵੇਗੀ ਗਿਣਤੀ

ਸੁਰੱਖਿਆ ਦੇ ਸਖਤ ਇੰਤਜਾਮ, ਗਿਣਤੀ ਕੇਂਦਰਾਂ ਵਿੱਚ ਬਿਨਾਂ ਸ਼ਨਾਖਤੀ ਕਾਰਡ ਤੋਂ ਦਾਖਲ ਹੋਣ ਦੀ ਨਹੀਂ ਹੋਵੇਗੀ ਇਜਾਜਤ: ਸਪਰਾ
ਐਸ.ਏ.ਐਸ.ਨਗਰ, 21 ਸਤੰਬਰ (ਸ.ਬ.) ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ 19 ਸਤੰਬਰ ਨੂੰ ਪਈਆਂ ਵੋਟਾਂ ਦੀ ਭਲਕੇ 22 ਸਤੰਬਰ ਨੂੰ ਹੋਣ ਵਾਲੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸਦੇ ਨਾਲ ਹੀ ਗਿਣਤੀ ਕੇਂਦਰਾਂ ਦੇ ਆਲੇ ਦੁਆਲੇ ਸੁਰਖਿਆ ਦੇ ਵੀ ਸਖਤ ਇੰਤਜਾਮ ਕੀਤੇ ਗਏ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਸਥਾਨ ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ਵਿਚ ਕੋਈ ਵੀ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੁੱਲਾ ਨਹੀਂ ਹੋਵੇਗਾ ਅਤੇ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਮੈਰਿਜ ਪੈਲਿਸਾਂ ਵਿਚ ਵੀ ਸ਼ਰਾਬ ਨਹੀਂ ਵਰਤਾਈ ਜਾ ਸਕੇਗੀ| ਗਿਣਤੀ ਕੇਂਦਰਾਂ ਵਿਚ ਕਿਸੇ ਵੀ ਵਿਅਕਤੀ ਨੂੰ ਬਿਨਾਂ ਸ਼ਨਾਖਤੀ ਕਾਰਡ ਤੋਂ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ| ਚੋਣ ਲੜਨ ਵਾਲੇ ਉਮੀਦਵਾਰਾਂ ਦੇ ਏਜੰਟਾਂ ਨੂੰ ਵੀ ਸਬੰਧਿਤ ਰਿਟਰਨਿੰਗ ਅਫਸਰਾਂ ਵਲੋਂ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ|
ਉਹਨਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਜ਼ਿਲ੍ਹੇ ਦੇ 1 ਲੱਖ 74 ਹਜ਼ਾਰ 355 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ ਜਿਸ ਵਿਚ 93 ਹਜਾਰ 973 ਮਰਦ ਅਤੇ 80 ਹਜਾਰ 382 ਔਰਤਾਂ ਵੋਟਰ ਹਨ| ਪੰਚਾਇਤ ਸੰਮਤੀ ਖਰੜ ਅਤੇ ਪੰਚਾਇਤ ਸੰਮਤੀ ਮਾਜਰੀ ਲਈ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ (ਖਰੜ) ਵਿਖੇ ਵੱਖ-ਵੱਖ ਗਿਣਤੀ ਕੇਂਦਰ ਬਣਾਏ ਗਏ ਹਨ| ਜਦੋਂਕਿ ਡੇਰਾਬਸੀ ਪੰਚਾਇਤ ਸੰਮਤੀ ਲਈ ਸਰਕਾਰੀ ਕਾਲਜ ਡੇਰਾਬਸੀ ਵਿਖੇ ਗਿਣਤੀ ਕੇਂਦਰ ਬਣਾਇਆ ਗਿਆ ਹੈ| ਇਨ੍ਹਾਂ ਕੇਂਦਰਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ| ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ|
ਉਹਨਾਂ ਦੱਸਿਆ ਕਿ ਸਥਾਪਿਤ ਕੀਤੇ ਗਿਣਤੀ ਕੇਂਦਰਾਂ ਵਿੱਚ 46 ਟੇਬਲ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਤੇ 184 ਗਿਣਤੀਕਾਰ ਆਪਣੀ ਡਿਊਟੀ ਨਿਭਾਉਣਗੇ| ਉਨ੍ਹਾਂ ਦੱਸਿਆ ਕਿ ਡੇਰਾਬਸੀ ਸਰਕਾਰੀ ਕਾਲਜ ਦੇ ਗਿਣਤੀ ਕੇਂਦਰ ਵਿੱਚ 14 ਟੇਬਲ ਸਥਾਪਿਤ ਕੀਤੇ ਜਾਣਗੇ| ਹਰੇਕ ਟੇਬਲ ਤੇ 1 ਕਾਊਂਟਿੰਗ ਸੁਪਰਵਾਇਜ਼ਰ, 2 ਕਾਊਂਟਿੰਗ ਅਫਸਰ ਅਤੇ 1 ਸੇਵਾਦਾਰ ਨੂੰ ਲਗਾਇਆ ਗਿਆ ਹੈ| ਪੰਚਾਇਤ ਸੰਮਤੀ ਖਰੜ ਲਈ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ (ਖਰੜ) ਵਿਖੇ ਗਿਣਤੀ ਕੇਂਦਰ ਬਣਾਇਆ ਗਿਆ ਹੈ| ਜਿੱਥੇ ਕਿ 16 ਟੇਬਲ ਸਥਾਪਿਤ ਕੀਤੇ ਜਾਣਗੇ ਅਤੇ ਹਰੇਕ ਟੇਬਲ ਤੇ 1 ਕਾਊਂਟਿੰਗ ਸੁਪਰਵਾਇਜ਼ਰ, 2 ਕਾਊਂਟਿੰਗ ਅਫਸਰ ਅਤੇ 1 ਸੇਵਾਦਾਰ ਨੂੰ ਲਗਾਇਆ ਗਿਆ ਹੈ| ਪੰਚਾਇਤ ਸੰਮਤੀ ਮਾਜਰੀ ਦਾ ਗਿਣਤੀ ਕੇਂਦਰ ਵੀ ਬਹੁ-ਤਕਨੀਕੀ ਸੰਸਥਾ ਖੂਨੀਮਾਜਰਾ (ਖਰੜ) ਵਿਖੇ ਹੀ ਬਣਾਇਆ ਗਿਆ ਹੈ| ਜਿਸ ਵਿਚ 16 ਟੇਬਲ ਸਥਾਪਿਤ ਕੀਤੇ ਜਾਣਗੇ ਅਤੇ ਹਰੇਕ ਟੇਬਲ ਤੇ 1 ਕਾਊਂਟਿੰਗ ਸੁਪਰਵਾਇਜ਼ਰ, 2 ਕਾਊਂਟਿੰਗ ਅਫਸਰ ਅਤੇ 1 ਸੇਵਾਦਾਰ ਡਿਊਟੀ ਨਿਭਾਵੇਗਾ| ਵੋਟਾਂ ਦੀ ਗਿਣਤੀ ਦਾ ਕੰਮ ਸਬੰਧਿਤ ਰਿਟਰਨਿੰਗ ਅਫਸਰਾਂ ਦੀ ਨਿਗਰਾਨੀ ਹੇਠ ਹੋਵੇਗਾ|
ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਕਰਨ ਵਾਲੇ ਸਟਾਫ ਦੀ ਰਿਹਰਸਲ ਵੀ ਕਰਵਾਈ ਗਈ ਹੈ| ਜਿਸ ਵਿਚ ਉਨ੍ਹਾਂ ਨੂੰ ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸਬੰਧੀ ਮੁਕੰਮਲ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਵੋਟਾਂ ਦੀ ਗਿਣਤੀ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ| ਉਨ੍ਹਾਂ ਦੱਸਿਆ ਕਿ ਭਲਕੇ ਨਿਰਧਾਰਿਤ ਕੀਤੇ ਗਿਣਤੀ ਕੇਂਦਰਾਂ ਦੇ ਆਲੇ ਦੁਆਲੇ ਦੇ ਏਰੀਏ ਵਿੱਚ ਡਰਾਈ ਡੇ ਹੋਵੇਗਾ |
ਇਸੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੁਆਲੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ| ਗਿਣਤੀ ਕੇਂਦਰਾਂ ਦੁਆਲੇ 600 ਦੇ ਕਰੀਬ ਪੁਲੀਸ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਨਿਭਾਉਣਗੇ ਅਤੇ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ|

Leave a Reply

Your email address will not be published. Required fields are marked *