ਵੋਟਾਂ ਪਾਉਣ ਦੇ ਮਾਮਲੇ ਵਿੱਚ ਸ਼ਹਿਰ ਵਾਸੀ ਫਾਡੀ, ਪਿੰਡ ਵਾਸੀਆਂ ਨੇ ਵਿਖਾਇਆ ਉਤਸ਼ਾਹ ਪਿੰਡ ਬੜੀ ਵਿੱਚ ਪਈਆਂ 89.59 ਫੀਸਦੀ ਵੋਟਾਂ, ਪਿੰਡ ਦੀਆਂ ਮਹਿਲਾਵਾਂ ਦੀ ਹਿੱਸੇਦਾਰੀ ਰਹੀ 94.71 ਫੀਸਦੀ

ਐਸ. ਏ. ਐਸ. ਨਗਰ, 6 ਫਰਵਰੀ (ਸ.ਬ.) ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਬੀਤੀ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਮੁਹਾਲੀ ਹਲਕੇ ਦੇ 225 ਪੋਲਿੰਗ ਬੂਥਾਂ ਤੇ ਪਈਆਂ ਵੋਟਾਂ ਦੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤੇ ਵਿਧਾਨਸਭਾ ਹਲਕੇ ਦੀਆਂ ਕੁਲ 208971 ਵੋਟਰਾਂ ਵਿੱਚ 140506 ਵੋਟਰਾਂ ( 67.24 ਫੀਸਦੀ ) ਨੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ | ਹਲਕੇ ਦੇ 109779 ਮਰਦ, 99183 ਔਰਤਾਂ ਅਤੇ 9 ਥਰਡਜੈਂਡਰ ਵੋਟਰਾਂ ਵਿਚੋਂ ਕ੍ਰਮਵਾਰ 75035 ਮਰਦਾਂ (68.35 ਫੀਸਦੀ ) 65470 ਔਰਤਾਂ  (66. 01 ਫੀਸਦੀ) ਅਤੇ 1 ਥਰਡ ਜੈਂਡਰ ( 11. 11 ਫੀਸਦੀ) ਨੇ ਲੋਕਤੰਤਰ ਦੇ ਇਸ ਅਮਲ ਵਿੱਚ ਹਿੱਸੇਦਾਰੀ ਪਾਈ| ਹਲਕੇ ਵਿੱਚ ਸਭ ਤੋਂ ਵੱਧ ਵੋਟਾਂ ਪਿੰਡ ਬੜੀ ਤੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬਣੇ ਪੋਲਿੰਗ ਸਟੇਸ਼ਨ ਤੇ ਦਰਜ ਹੋਈਆਂ ਜਿਥੇ 663 ਵੋਟਰਾਂ ਵਿੱਚੋਂ 594 ( 89.59 ਫੀਸਦੀ) ਵੋਟਰਾਂ ਨੇ ਆਪਣੇ ਵੋਟ ਦੇ ਹਕ ਦੀ ਵਰਤੋਂ ਕੀਤੀ| ਇੱਥੇ ਖਾਸ ਗੱਲ ਇਹ ਰਹੀ ਕਿ ਪਿੰਡ ਦੀਆਂ ਕੁਲ 303 ਮਹਿਲਾ ਵੋਟਰਾਂ ਵਿੱਚੋਂ 287 ਮਹਿਲਾਵਾਂ (94.72 ਫੀਸਦੀ) ਮਹਿਲਾਵਾਂ ਨੇ ਆਪਣੇ ਪਿੰਡ ਨੂੰ ਸਭ ਤੋਂ ਵੱਧ ਵੋਟਾਂ ਪਾਉਣ ਦਾ ਖਿਤਾਬ ਦਿਵਾਇਆ| ਸਭ ਤੋਂ ਘੱਟ ਵੋਟਾਂ ਪਾਉਣ ਦੇ ਮਾਮਲੇ ਵਿੱਚ ਸਥਾਨਕ               ਫੇਜ਼-11 ਵਿੱਚ ਸਥਿਤ ਅਜੀਤ ਕਰਮ ਸਿੰਘ ਸਕੂਲ ਵਿੱਚ ਬਣਿਆ ਪੋਲਿੰਗ ਸਟੇਸ਼ਨ ਰਿਹਾ ਜਿੱਥੇ 986 ਵੋਟਰਾਂ ਤੋਂ 471  (47.77 ਫੀਸਦੀ) ਵੋਟਰ ਹੀ ਵੋਟ ਪਾਉਣ ਆਏ| ਇਸ ਪੋਲਿੰਗ            ਸਟੇਸ਼ਨ ਦੀਆਂ ਮਹਿਲਾਵਾਂ ਵਿਚਲਾ ਉਤਸ਼ਾਹ ਵੀ ਘੱਟ ਹੀ ਰਿਹਾ ਅਤੇ ਇੱਥੇ 494 ਵਿੱਚੋਂ ਸਿਰਫ 233 (47.17 ਫੀਸਦੀ) ਮਹਿਲਾਵਾਂ ਨੇ ਆਪਣੀ ਵੋਟ ਪਾਈ|
ਜੇਕਰ ਮੁਹਾਲੀ ਵਿਧਾਨਸਭਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋਈ ਪੋਲਿੰਗ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦੇ ਪਿੰਡਾਂ ਵਿੱਚ ਬਣੇ ਕੁਲ 102 ਪੋਲਿੰਗ ਬੂਥਾਂ ਦੀਆਂ ਕੁਲ 90276 ਵੋਟਾਂ ਵਿੱਚੋਂ 68762 (76.16 ਫੀਸਦੀ) ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ ਪੋਲਿੰਗ          ਸਟੇਸ਼ਨਾਂ ਤੱਕ ਪਹੁੰਚੇ ਉੱਥੇ ਸ਼ਹਿਰੀ          ਖੇਤਰ ਦੇ 123 ਪੋਲਿੰਗ ਸਟੇਸ਼ਨਾਂ ਵਿੱਚ ਬਣੀਆਂ 118695 ਵੋਟਾਂ ਵਿੱਚੋਂ ਸਿਰਫ 71774 (60.46 ਫੀਸਦੀ) ਵੋਟਰ ਹੀ ਵੋਟ ਪਾਉਣ ਲਈ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ|
ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਵੱਲੋਂ ਭਾਵੇਂ ਇਹ ਦਾਅਵੇ ਕੀਤੇ ਗਏ ਸਨ ਕਿ ਵੋਟਰਾਂ ਦੀ ਸਹੂਲੀਅਤ ਲਈ ਹਰ ਇੰਤਜ਼ਾਮ ਕੀਤਾ ਜਾਵੇਗਾ ਚੋਣ ਕਮਿਸ਼ਨ ਵੱਲੋਂ ਅੰਗਹੀਣਾ ਅਤੇ ਸੀਨੀਅਰ ਸਿਟੀਜ਼ਨਾਂ ਲਈ ਵਿਸ਼ੇਸ਼ ਸਹੂਲੀਅਤ ਮੁਹਈਆਂ ਕਰਵਾਉਣ ਦੀ ਗੱਲ ਵੀ ਕੀਤੀ ਗਈ ਸੀ ਪਰੰਤੂ ਹਲਕੇ ਵਿੱਚ ਅੰਗਹੀਣਾਂ ਜਾਂ ਬਜ਼ੁਰਗਾਂ ਨੂੰ ਪੋਲਿੰਗ ਬੂਥ ਦੇ ਅੰਦਰ ਪਹੁੰਚਾਉਣ ਲਈ ਵਹੀਲ ਚੇਅਰਾਂ ਦਾ ਪ੍ਰਬੰਧ ਨਹੀਂ ਸੀ| ਪੋਲਿੰਗ ਸਟੇਸ਼ਨਾਂ ਵਿੱਚ ਬਹੁਤੀਆਂ ਥਾਵਾਂ  ਤੇ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਜ਼ਰ ਨਹੀਂ ਆਇਆ| ਸੁਰਖਿਆ ਪ੍ਰਬੰਧ ਜਰੂਰ ਤੱਸਲੀਬਖਸ਼ ਰਹੇ ਅਤੇ ਪੁਲੀਸ ਮੁਲਾਜਮਾਂ ਨੇ ਕਿਸੇ ਵੀ ਗੈਰ ਸਮਾਜੀ ਅਨਸਰ ਨੂੰ ਪੋਲਿੰਗ ਸਟੇਸ਼ਨਾਂ ਨੇੜੇ ਨਹੀਂ ਢੁੱਕਣ ਦਿੱਤਾ|

ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਔਸਤ ਰਿਹਾ ਵੋਟਾਂ ਦਾ ਅੰਕੜਾਂ
ਜੇਕਰ ਨਗਰ ਨਿਗਮ ਵਿੱਚ ਸ਼ਾਮਿਲ ਹੋਏ ਜਾਂ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਈਆਂ ਵੋਟਾਂ ਦੇ ਰੁਝਾਨ ਦੀ ਗੱਲ ਕਰੀਏ ਤਾਂ ਵੋਟਾਂ ਪੱਖੋ ਸਭ ਤੋਂ ਵੱਡੇ ਪਿੰਡ ਬਲੌਂਗੀ ਵਿੱਚ ਬਣੇ 10 ਪੋਲਿੰਗ ਬੂਥਾਂ ਦੀ ਕੁਲ 10455 ਵੋਟਾਂ ਵਿੱਚੋਂ ਕੁਲ 7139 ( 68-28 ਫੀਸਦੀ ) ਵੋਟਾਂ ਪੋਲ ਹੋਈਆਂ| ਜਦੋਂ ਕਿ ਪਿੰਡ ਸੋਹਾਣਾ ਦੇ ਅੱਠ ਪੋਲਿੰਗ ਬੂਥਾਂ ਦੀਆਂ ਕੁਲ  6787 ਵੋਟਾਂ ਵਿੱਚ 4764 ( 70. 19 ਫੀਸਦੀ ) ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ| ਪਿੰਡ ਜਗਤਪੁਰਾ ਦੇ 5 ਪੋਲਿੰਗ ਬੂਥਾਂ ਦੀਆਂ ਕੁਲ 4991 ਵੋਟਾਂ ਵਿੱਚੋਂ 3527 ਵੋਟਾਂ (70. 66 ਫੀਸਦੀ) ਵੋਟਾਂ ਭੁਗਤੀਆਂ ਜਦੋਂ ਕਿ ਪਿੰਡ ਮਟੌਰ ਦੀਆਂ 3152  ਵਿੱਚ 2274 (72. 14) ਫੀਸਦੀ ਵੋਟਾਂ ਪੋਲ ਹੋਈਆਂ| ਪਿੰਡ ਕੁੰਭੜਾ ਦੇ ਤਿੰਨ ਪੋਲਿੰਗ ਬੂਥਾਂ ਦੀਆਂ ਕੁਲ 3108 ਵੋਟਾਂ ਵਿੱਚੋਂ 2075 ( 66.76) ਫੀਸਦੀ ਵੋਟਾਂ ਹੀ ਪੋਲ ਹੋਈਆਂ|

Leave a Reply

Your email address will not be published. Required fields are marked *