ਵੋਟਾਂ ਪੈਣ ਤੋਂ ਬਾਅਦ ਵੀ ਰਾਜਸੀ ਆਗੂਆਂ ਵਿਚ ਦੂਸ਼ਣਬਾਜੀ ਜਾਰੀ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਪੰਜਾਬ ਵਿਚ ਭਾਵੇਂ ਵੋਟਾਂ ਪੈਣ ਦਾ ਕੰਮ 4 ਫਰਵਰੀ ਨੂੰ ਨਿਬੜ ਗਿਆ ਹੈ ਪਰ ਰਾਜਸੀ ਆਗੂਆਂ ਵਿਚ ਅਜੇ ਵੀ ਦੂਸ਼ਣਬਾਜੀ ਦੀ ਜੰਗ ਲਗਾਤਾਰ ਜਾਰੀ ਹੈ| ਹਰ ਦਿਨ ਹੀ ਵੱਖ ਵੱਖ ਪਾਰਟੀਆਂ ਦੇ ਆਗੂ ਇਕ ਦੂਜੇ ਉਪਰ ਚਿੱਕੜ ਸੁੱਟ ਰਹੇ ਹਨ ਅਤੇ ਨਿੱਜੀ ਦੂਸ਼ਣਬਾਜੀ ਤੱਕ ਪਹੁੰਚ ਚੁਕੇ ਹਨ| ਹਾਲ ਤਾਂ ਇਹ ਹੈ ਕਿ ਕੁਝ ਰਾਜਸੀ ਆਗੂਆਂ ਨੇ ਇਸ ਦੂਸਣਬਾਜੀ ਦੀ ਸਿਆਸਤ ਵਿਚ ਚੋਣ ਕਮਿਸ਼ਨ ਨੂੰ ਵੀ ਘੜੀਸ ਲਿਆ ਹੈ| ਜਿਥੇ ਇਕ ਪਾਸੇ ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਈ ਵੀ ਐਮ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼ ਲਗਾ ਰਹੇ ਹਨ ਉਥੇ ਹੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਰਵਿੰਦ ਕੇਜਰੀਵਾਲ ਉਪਰ ਕਈ ਕਿਸਮ ਦੇ ਗੰਭੀਰ ਦੋਸ਼ ਲਗਾਏ ਹਨ| ਕੈਪਟਨ ਨੇ ਤਾਂ ਇਥੋਂ ਤਕ ਕਹਿ ਦਿਤਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣੀ ਹਾਰ ਨੂੰ ਦੇਖਦਿਆਂ ਅਜਿਹੇ ਬੇਤੁੱਕੇ ਦੋਸ਼ ਲਗਾ ਰਹੀ ਹੈ|
ਜਿਥੋਂ ਤਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਵਾਲ ਹੈ ਤਾਂ ਉਹ ਆਪਣਾ ਇਲਾਜ ਕਰਵਾਉਣ ਇਸ ਸਮੇਂ ਅਮਰੀਕਾ ਗਏ ਹਨ ਅਤੇ ਹੁਣ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਅਮਰੀਕਾ ਪਹੁੰਚ ਗਏ ਹਨ, ਜਿਸ ਕਰਕੇ ਉਹਨਾਂ ਵਲੋਂ ਕੋਈ ਵੀ ਬਿਆਨ ਮੀਡੀਆ ਵਿਚ ਨਹੀਂ ਆ ਰਿਹਾ| ਦੂਜੇ ਪਾਸੇ ਕਾਂਗਰਸ ਆਗੂਆਂ  ਅਤੇ ਹੋਰ ਅਕਾਲੀ ਆਗੂਆਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਆਗੁਆਂ ਅਤੇ ਚੋਣ ਲੜ ਚੁਕੇ ਉਮੀਦਵਾਰਾਂ ਵਲੋਂ ਇਕ ਦੂਜੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ  ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਸਿਰਫ ਉਹਨਾਂ ਦੀ ਪਾਰਟੀ ਦੀ ਹੀ ਸਰਕਾਰ ਬਣੇਗੀ|
ਇਸ ਸਮੇਂ ਹਰ ਪਾਰਟੀ ਦਾ ਚੋਣ ਲੜ ਚੁਕਿਆਂ ਉਮੀਦਵਾਰ ਅਤੇ ਹਰ ਆਗੂ ਹੀ ਇਹ ਕਹਿ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਸਿਰਫ ਉਹਨਾਂ ਦੀ ਪਾਰਟੀ ਨੂੰ ਹੀ ਵੋਟਾਂ ਪਾਈਆਂ ਹਨ ਅਤੇ ਪੰਜਾਬ ਵਿਚ ਅਗਲੀ ਸਰਕਾਰ ਉਹਨਾਂ ਦੀ ਹੀ ਬਣੇਗੀ ਜਿਸ ਦਾ11 ਮਾਰਚ ਨੂੰ ਸਿਰਫ ਐਲਾਨ ਹੋਣਾ ਹੀ ਬਾਕੀ ਹੈ| ਇਸਦੇ ਬਾਵਜੂਦ ਵੱਡੀ ਗਿਣਤੀ ਲੋਕ ਅਜੇ ਵੀ ਆਪਣੀ ਵੋਟ ਦੀ ਵਰਤੋ ਕਰਨ ਸਬੰਧੀ ਚੁੱਪ ਹਨ| ਜਿਸ ਕਰਕੇ ਰਾਜਸੀ ਆਗੂਆਂ ਦੇ ਦਾਅਵਿਆਂ ਦੀ ਸੱਚਾਈ ਦਾ ਕੁਝ ਵੀ ਪਤਾ ਨਹੀਂ ਚਲਦਾ| ਇਸ ਸਭ ਦੇ ਨਾਲ ਹੀ ਰਾਜਸੀ ਆਗੂ ਇਕ ਦੂਜੇ ਨੁੰ ਠਿੱਬੀ ਲਾਉਣ ਲਈ ਹਰ ਹਥਕੰਡਾ ਵਰਤ ਰਹੇ ਹਨ ਅਤੇ ਨਿੱਜੀ ਦੂਸਣਬਾਜੀ ਉਪਰ T ੁਤਰ ਆਏ ਹਨ|
ਪੰਜਾਬ ਦੇ ਆਮ ਲੋਕ ਇਹਨਾਂ ਰਾਜਸੀ ਆਗੁਆਂ ਦੇ ਬਿਆਨ ਧਿਆਨ ਨਾਲ ਪੜ੍ਹਦੇ ਹਨ  ਅਤੇ ਇਹਨਾਂ ਸਬੰਧੀ ਆਪਸ ਵਿਚ ਚਰਚਾ ਵੀ ਕਰਦੇ ਹਨ| ਇਸ ਤਰਾਂ ਆਮ ਲੋਕ ਕਾਫੀ ਸਮਾਂ ਇਹਨਾਂ ਆਗੁਆਂ ਦੇ ਬਿਆਨਾਂ ਬਾਰੇ ਹੀ ਚਰਚਾ ਕਰਦੇ ਰਹਿੰਦੇ ਹਨ| ਜਿਵੇਂ               ਜਿਵੇਂ ਚੋਣ ਨਤੀਜਿਆਂ ਦਾ ਦਿਨ ਨੇੜੇ ਆ ਰਿਹਾ ਹੈ, ਉਵੇਂ ਹੀ ਰਾਜਸੀ ਆਗੂਆਂ ਦੀ ਆਪਸੀ ਦੂਸਣਬਾਜੀ ਵਾਲੀ ਬਿਆਨ ਬਾਜੀ ਵਿਚ ਵਾਧਾ ਹੋ ਰਿਹਾ ਹੈ|

Leave a Reply

Your email address will not be published. Required fields are marked *