ਵੱਖ- ਵੱਖ ਜਥੇਬੰਦੀਆਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਜਨ ਜੀਵਨ ਪ੍ਰਭਾਵਿਤ

ਵੱਖ- ਵੱਖ ਜਥੇਬੰਦੀਆਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਜਨ ਜੀਵਨ ਪ੍ਰਭਾਵਿਤ
ਸਰਕਾਰ ਨੂੰ ਪਵੇਗਾ ਕਰੋੜਾਂ ਰੁਪਏ ਦਾ ਘਾਟਾ
ਐਸ ਏ ਐਸ ਨਗਰ, 8 ਜਨਵਰੀ (ਸ.ਬ.) ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਕੌਮੀ ਟਰੇਡ ਯੂਨੀਅਨ, ਕੇਂਦਰ ਸਰਕਾਰ ਦੇ ਕਰਮਚਾਰੀਆਂ, ਸੂਬਾ ਸਰਕਾਰ ਦੇ ਕਰਮਚਾਰੀਆਂ, ਬੀਮਾ ਕੰਪਨੀਆਂ, ਬੈਂਕਾਂ, ਬੀ. ਐਸ. ਐਨ. ਐਲ., ਡਾਕ ਤੇ ਤਾਰ ਵਿਭਾਗ, ਬਿਜਲੀ ਵਿਭਾਗ, ਪੰਜਾਬ ਰੋਡਵੇਜ ਅਤੇ ਹੋਰ ਜਨਤਕ ਸੈਕਟਰ ਦੇ ਕਰਮਚਾਰੀਆਂ ਵਲੋਂ ਅੱਜ ਤੋਂ ਦੋ ਦਿਨਾਂ ਹੜਤਾਲ ਸ਼ੁਰੂ ਕਰ ਦਿੱਤੀ ਗਈ, ਜਿਸ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਗਿਆ| ਇਸ ਦੇਸ਼ ਵਿਆਪੀ ਹੜ੍ਹਤਾਲ ਦਾ ਅਸਰ ਜਿੱਥੇ ਆਮ ਜਨਤਾ ਤੇ ਬੁਰੀ ਤਰਾਂ ਪਿਆ, ਉੱਥੇ ਹੀ ਸਰਕਾਰ ਨੂੰ ਇਸ ਦੋ ਦਿਨਾਂ ਹੜਤਾਲ ਕਾਰਨ ਹਜ਼ਾਰਾਂ ਕਰੋੜਾਂ ਰੁਪਏ ਦਾ ਘਾਟਾ ਪਵੇਗਾ|
ਸਰਕਾਰੀ ਤੇ ਜਨਤਕ ਅਦਾਰਿਆਂ ਦੇ ਮੁਲਾਜਮਾਂ ਦੀ ਹੜਤਾਲ ਕਾਰਨ ਜਿਥੇ ਬੈਂਕਾਂ, ਡਾਕਖਾਨਿਆਂ, ਬੀਮਾਂ ਕੰਪਨੀਆਂ ਦੇ ਦਫਤਰ ਤੇ ਹੋਰ ਸਰਕਾਰੀ ਦਫਤਰਾਂ ਵਿੱਚ ਕੰਮ ਕਾਰ ਠੱਪ ਰਿਹਾ, ਜਿਸ ਕਾਰਨ ਇਹਨਾਂ ਦਫਤਰਾਂ ਵਿੱਚ ਆਪਣੇ ਜਰੂਰੀ ਕੰਮ ਧੰਦੇ ਆਏ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ| ਭਾਵੇਂ ਕਿ ਵੱਡੀ ਗਿਣਤੀ ਬੈਂਕ ਅਤੇ ਹੋਰ ਸਰਕਾਰੀ ਅਦਾਰੇ ਖੁਲ੍ਹੇ ਸਨ ਪਰ ਇਹਨਾਂ ਦਫਤਰਾਂ ਵਿੱਚ ਸਿਰਫ ਅਧਿਕਾਰੀ ਹੀ ਕੰਮ ਤੇ ਆਏ ਸਨ ਜਦੋਂਕਿ ਕਰਮਚਾਰੀਆਂ ਵਲੋਂ ਹੜਤਾਲ ਕੀਤੇ ਜਾਣ ਅਤੇ ਰੈਲੀਆਂ ਕਰਨ ਵਿੱਚ ਰੁਝੇ ਰਹਿਣ ਕਾਰਨ ਕੋਈ ਕੰਮ ਨਾ ਹੋਇਆ| ਇਹਨਾਂ ਦਫਤਰਾਂ ਵਿੱਚ ਤੈਨਾਤ ਸੀਨੀਅਰ ਅਧਿਕਾਰੀ ਜਰੂਰ ਆਪਣੀਆਂ ਸੀਟਾਂ ਉਪਰ ਬੈਠੇ ਨਜਰ ਆਏ|
ਪੰਜਾਬ ਰੋਡਵੇਜ ਦੇ ਮੁਲਾਜਮਾਂ ਵਲੋਂ ਵੀ ਇਸ ਹੜਤਾਲ ਵਿੱਚ ਹਿੱਸਾ ਲੈਂਦਿਆਂ ਰੋਡਵੇਜ ਦੀਆਂ ਬੱਸਾਂ ਦਾ ਚੱਕਾ ਜਾਮ ਰੱਖਿਆ ਗਿਆ, ਜਿਸ ਕਾਰਨ ਹੋਰਨਾਂ ਸ਼ਹਿਰਾਂ ਪਿੰਡਾਂ ਵਿੱਚ ਕੰਮ ਧੰਦੇ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਰੋਡਵੇਜ ਬੱਸਾਂ ਦੀ ਹੜਤਾਲ ਕਾਰਨ ਪ੍ਰਾਈੇਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ, ਕਿਉਂਕਿ ਇਹ ਪ੍ਰਾਈੇਵੇਟ ਬੱਸਾਂ ਸਵਾਰੀਆਂ ਨਾਲ ਓਵਰਲੋਡ ਹੋ ਕੇ ਆ ਜਾ ਰਹੀਆਂ ਸਨ| ਦੂਜੇ ਪਾਸੇ ਸਰਕਾਰੀ ਟ੍ਰਾਂਸਪੋਰਟ ਪੀ ਆਰ ਟੀ ਸੀ ਦੀਆਂ ਕਈ ਬੱਸਾਂ ਆਪਣੇ ਰੂਟਾਂ ਉਪਰ ਚਲਦੀਆਂ ਵੀ ਵੇਖੀਆਂ ਗਈਆਂ|
ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਵੱਖ ਵੱਖ ਜਥੇਬੰਦੀਆਂ ਵਲੋਂ ਕੀਤੀ ਗਈ ਇਸ ਦੋ ਦਿਨਾਂ ਹੜਤਾਲ ਕਾਰਨ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਪਵੇਗਾ|
ਇਸੇ ਦੌਰਾਨ ਆਂਗਨਵਾੜੀ ਮੁਲਾਜਮ ਯੂਨੀਅਨ ਪੰਜਾਬ ਸੀਟੂ ਵਲੋਂ ਹੜਤਾਲ ਵਿੱਚ ਸ਼ਾਮਿਲ ਹੁੰਦਿਆਂ ਸੋਹਾਣਾ ਰੋਡ ਤੇ ਜਾਮ ਲਗਾ ਦਿੱਤਾ ਗਿਆ| ਇਸ ਮੌਕੇ ਯੂਨੀਅਨ ਆਗੂ ਗੁਰਪ੍ਰੀਤ ਕੌਰ ਨੇ ਮੁਲਾਜਮਾਂ ਤੇ ਮਜਦੂਰਾਂ ਦੇ ਮਸਲੇ ਹਲ ਕਰਨ ਦੀ ਮੰਗ ਕੀਤੀ| ਇਸ ਮੌਕੇ ਭਿੰਦਰ ਕੌਰ, ਰਜਿੰਦਰ ਕੌਰ, ਰਣਧੀਰ ਕੌਰ, ਜਸਵਿੰਦਰ ਕੌਰ, ਪੁਸ਼ਪਾ ਰਾਣੀ, ਮਨਜੀਤ ਕੌਰ, ਹਰਭਜਨ ਨੇ ਵੀ ਸੰਬੋਧਨ ਕੀਤਾ| ਦੂਜੇ ਪਾਸੇ ਸੜਕ ਤੇ ਜਾਮ ਲੱਗਣ ਨਾਲ ਆਮ ਲੋਕ ਬਹੁਤ ਪ੍ਰੇਸ਼ਾਨ ਹੋਏ|

Leave a Reply

Your email address will not be published. Required fields are marked *