ਵੱਖ ਵੱਖ ਸਮੱਸਿਆਵਾਂ ਦਾ ਸ਼ਿਕਾਰ ਸੈਕਟਰ 71 ਦੇ ਵਸਨੀਕਾਂ ਦੀ ਸਾਰ ਲਏ ਪ੍ਰਸ਼ਾਸ਼ਨ : ਕਰਨਲ ਸੋਹੀ

ਵੱਖ ਵੱਖ ਸਮੱਸਿਆਵਾਂ ਦਾ ਸ਼ਿਕਾਰ ਸੈਕਟਰ 71 ਦੇ ਵਸਨੀਕਾਂ ਦੀ ਸਾਰ ਲਏ ਪ੍ਰਸ਼ਾਸ਼ਨ : ਕਰਨਲ ਸੋਹੀ
ਸਬਜੀ ਮੰਡੀ ਵਿੱਚ ਫੈਲਦੀ ਗੰਦਗੀ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆਵਾ ਦੇ ਹਲ ਲਈ ਕਾਰਵਾਈ ਕਰਨ ਦੀ ਮੰਗ
ਐਸ .ਏ.ਐਸ ਨਗਰ , 12 ਜੂਨ (ਸ.ਬ.) ਸੈਕਟਰ 71 ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾਂਦੀ| ਇਹ ਕਹਿਣਾ ਹੈ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਅਤੇ ਕੰਜਿਊਮਰ ਪ੍ਰੋਟੈਕਸ਼ਨ ਫੈਡਰਸ਼ਨ ਦੇ ਚੇਅਰਮੈਨ ਕਰਨਲ ਐਸ.ਐਸ ਸੋਹੀ ਦਾ, ਜਿਹਨਾਂ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੈਕਟਰ 71 ਦੀ ਮਾੜੀ ਹਾਲਤ ਵਿੱਚ ਸੁਧਾਰ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ| ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸੈਕਟਰ 71 ਵਿੱਚ ਕਈ ਥਾਵਾਂ ਤੇ ਗੰਦਗੀ ਦੀ ਭਰਮਾਰ ਹੈ ਅਤੇ ਇਸ ਕਾਰਨ ਉਥੋਂ ਦੇ ਨਿਵਾਸੀਆਂ ਦੀ ਸਿਹਤ, ਸਫਾਈ ਅਤੇ ਸੁਰੱਖਿਆ ਖਤਰੇ ਵਿੱਚ ਹੈ|
ਸ੍ਰ ਸੋਹੀ ਨੇ ਦੱਸਿਆ ਕਿ ਸੈਕਟਰ 71 ਵਿੱਚ ਕਮਿਊਨਿਟੀ ਸੈਂਟਰ ਦੇ ਸਾਮ੍ਹਣੇ ਪੈਂਦੀ ਖਾਲੀ ਥਾਂ ਵਿੱਚ ਸਬਜੀ ਮੰਡੀ ਲਗਵਾਈ ਜਾਂਦੀ ਹੈ ਪਰੰਤੂ ਇਸ ਥਾਂ ਤੇ ਭਾਰੀ ਗੰਦਗੀ ਹੋਣ ਕਾਰਨ ਇਹ ਵਸਨੀਕਾਂ ਦੀ ਸਿਹਤ ਵਾਸਤੇ ਖਤਰਾ ਹੈ|
ਨਿਗਮ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਇੱਥੇ ਕੂੜੇ ਦਾ ਡੰਪ ਹੋਣ ਕਾਰਨ ਪੂਰੇ ਸੈਕਟਰ ਦਾ ਕੂੜਾ ਇੱਥੇ ਇਕੱਤਰ ਹੁੰਦਾ ਹੈ ਅਤੇ ਹੁਣ ਸਬਜੀ ਮੰਡੀ ਲਗਣ ਤੋਂ ਬਾਅਦ ਇਕੱਠਾ ਹੋਣਾ ਵਾਲਾ ਕੂੜਾ ਹੋਰ ਵੀ ਵੱਧ ਗਿਆ ਹੈ| ਉਹਨਾਂ ਕਿਹਾ ਕਿ ਇਸ ਥਾਂ ਤੇ ਹਰ ਪਾਸੇ ਮਲਬਾ ਅਤੇ ਕੂੜਾ ਖਿਲਰਿਆ ਹੋਇਆ ਹੈ ਜਿਸ ਵਿੱਚੋਂ ਬਹੁਤ ਗੰਦੀ ਬਦਬੂ ਆਉਂਦੀ ਹੈ ਅਤੇ ਉਥੇ ਆਉਣ-ਜਾਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ| ਇਸ ਥਾਂ ਤੇ ਵੱਡੀ ਗਿਣਤੀ ਵਿੱਚ ਆਵਾਰਾ ਪਸ਼ੂ ਘੁੰਮਦੇ ਹਨ ਜਿਹਨਾਂ ਕਾਰਨ ਸਾਮਾਨ ਖਰੀਦਣ ਵਾਲੇ ਬਜ਼ੁਰਗਾਂ ਅਤੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| ਮੰਡੀ ਵਿੱਚ ਸਬਜੀ ਖਰੀਦਣ ਆਉਣ ਵਾਲਿਆਂ ਦੇ ਵਾਹਨਾਂ ਦੀ ਪਾਰਕਿੰਗ ਦਾ ਵੀ ਕੋਈ ਪ੍ਰਬੰਧ ਨਹੀਂ ਹੈ| ਇਸ ਥਾਂ ਤੇ ਗੰਦਗੀ ਦੀ ਭਰਮਾਰ ਹੋਣ ਕਾਰਨ ਲੋਕ ਮਜਬੂਰੀ ਵਿੱਚ ਇਸ ਥਾਂ ਤੇ ਸਬਜੀ ਅਤੇ ਹੋਰ ਸਾਮਾਨ ਖਰੀਦਦੇ ਹਨ ਅਤੇ ਮੰਡੀ ਦੀ ਸਫਾਈ ਲਈ ਤੁਰੰਤ ਲੋੜੀਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ|
ਆਪਣੇ ਪੱਤਰ ਵਿੱਚ ਸ੍ਰ. ਸੋਹੀ ਨੇ ਲਿਖਿਆ ਹੈ ਕਿ ਕੋਠੀ ਨੰ. 1112-1121 ਅਤੇ 1126 ਦੇ ਸਾਹਮਣੇ ਬਣੇ ਪਾਰਕ ਵਿੱਚ ਕੂੜੇਦਾਨ ਨਹੀ ਹਨ ਜਿਸ ਕਾਰਨ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਲੋਕ ਪਾਰਕ ਵਿੱਚ ਹੀ ਗੰਦਗੀ ਸੁੱਟਦੇ ਹਨ ਅਤੇ ਉਥੇ ਕੂੜੇਦਾਨ ਰਖਵਾਏ ਜਾਣੇ ਚਾਹੀਦੇ ਹਨ| ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਲੱਗੇ ਕੁੱਝ ਦਰਖਤ ਅਜਿਹੇ ਹਨ ਜਿਹੜੇ ਬਹੁਤ ਜਿਆਦਾ ਉੱਚੇ ਹੋ ਚੁੱਕੇ ਹਨ ਅਤੇ ਉਹਨਾਂ ਦੀ ਤੁਰੰਤ ਛੰਗਾਈ ਕੀਤੇ ਜਾਣ ਦੀ ਲੋੜ ਹੈ| ਜੇਕਰ ਇਹਨਾਂ ਵਿੱਚੋਂ ਕੋਈ ਦਰਖਤ ਕਿਸੇ ਕਾਰਨ ਡਿੱਗ ਪਿਆ ਤਾਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ| ਇਨ੍ਹਾਂ ਕਾਰਨ ਕਾਰਾਂ, ਬਿਜਲੀ ਦੇ ਖੰਭਿਆਂ, ਤਾਰਾ ਖਤਰੇ ਵਿੱਚ ਹਨ ਇਸ ਲਈ ਇਨ੍ਹਾਂ ਦਰੱਖਤਾ ਦੀ ਤੁਰੰਤ ਛੰਗਾਈ ਕਰਵਾਈ ਜਾਣੀ ਚਾਹੀਦੀ ਹੈ|
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸੈਕਟਰ 71 ਦੀਆਂ ਬੀ ਅਤੇ ਸੀ ਸੜਕਾਂ ਦੇ ਕਿਨਾਰੇ ਆਮ ਲੋਕਾਂ ਦੇ ਤੁਰਨ ਲਈ ਟ੍ਰੈਕ ਨਾ ਹੋਣ ਕਾਰਨ ਪੈਦਲ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਉੱਪਰੋਂ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂ ਉਹਨਾਂ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ|
ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਪਿਛਲੇ ਸਾਲਾਂ ਦੌਰਾਨ ਗਉ ਸੈੱਸ ਦੇ ਨਾਮ ਤੇ ਕਰੋੜਾਂ ਰੁਪਏ ਇੱਕਠੇ ਕੀਤੇ ਗਏ ਹਨ ਪਰ ਉਹਨਾਂ ਦਾ ਇਸਤੇਮਾਲ ਇਨਾਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਅਵਾਰਾ ਪਸ਼ੂ ਨਿਵਾਸਿਆਂ ਲਈ ਬਹੁਤ ਵੱਡਾ ਖਤਰਾ ਬਣੇ ਹੋਏ ਹਨ| ਉਨ੍ਹਾਂ ਮੰਗ ਕੀਤੀ ਹੈ ਕਿ ਸੈਕਟਰ 71 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ|

Leave a Reply

Your email address will not be published. Required fields are marked *