ਵੱਖ ਵੱਖ ਸੜਕ ਹਾਦਸਿਆਂ ਵਿੱਚ ਤਿੰਨ ਵਿਦਿਆਰਥੀਆਂ ਸਣੇ ਪੰਜ ਦੀ ਮੌਤ

ਕਪੂਰਥਲਾ/ਮਮਦੋਟ, 27 ਫਰਵਰੀ (ਸ.ਬ.) ਅੱਜ ਦੋ ਵੱਖ-ਵੱਖ ਹਾਦਸਿਆਂ ਵਿਚ ਤਿੰਨ ਵਿਦਿਆਰਥੀਆਂ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ| ਪਹਿਲਾਂ ਹਾਦਸਾ ਸੁਲਤਾਨਪੁਰ ਲੋਧੀ ਰੋਡ ਤੇ ਵਾਪਰਿਆ ਜਿੱਥੇ ਇਕ ਟਰਾਲੇ ਵਲੋਂ ਕਾਲਜ ਜਾ ਰਹੇ ਵਿਦਿਆਰਥੀਆਂ ਨੂੰ ਦਰੜ ਦਿੱਤਾ ਗਿਆ ਜਿਸ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋ ਗਈ| ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਿੰਨ ਵਿਦਿਆਰਥੀ ਦੋ ਵੱਖ-ਵੱਖ ਸਕੂਟਰਾਂ ਤੇ ਸਵਾਰ ਹੋ ਕੇ ਆਪਣੇ ਕਾਲਜ ਜਾ ਰਹੇ ਸਨ| ਜਿਵੇਂ ਹੀ ਵਿਦਿਆਰਥੀ ਕਾਲਜ ਨੇੜੇ ਪਹੁੰਚੇ ਤਾਂ ਕਾਲਜ ਦੇ ਗੇਟ ਦੇ ਬਿਲਕੁਲ ਸਾਹਮਣੇ ਇਨ੍ਹਾਂ ਦੀ ਟੱਕਰ ਤੇਜ਼ ਰਫਤਾਰ ਟਰਾਲੇ ਨਾਲ ਹੋ ਗਈ ਜਿਸ ਦੇ ਚੱਲਦੇ ਤਿੰਨੇ ਵਿਦਿਆਰਥੀਆਂ ਦੀ ਮੌਤ ਹੋ ਗਈ| ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਪੋਸਟਮਾਰਟਮ ਲਈ ਭਿਜਵਾ ਦਿੱਤਾ| ਦੂਜੇ ਪਾਸੇ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਦੂਜਾ ਹਾਦਸਾ ਮਮਦੋਟ ਵਿਖੇ ਵਾਪਰਿਆ ਜਿੱਥੇ ਪਿੰਡ ਰਹੀਮੇ ਕੇ ਉਤਾੜ ਨੇੜੇ ਢਾਣੀ ਰਤਨ ਸਿੰਘ ਕੋਲ ਦੋ ਮੋਟਰਸਾਈਕਲਾਂ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ| ਮੋਟਰਸਾਈਕਲ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ|

Leave a Reply

Your email address will not be published. Required fields are marked *