ਵੱਡਾ ਹੋ ਕੇ ਕੀ ਕਰੇਗਾ ਸੜਕਾਂ ਤੇ ਭੀਖ ਮੰਗਦਾ ਅਤੇ ਚੋਰੀਆਂ ਕਰਦਾ ਇਹ ਬਚਪਨ

ਸਾਡੇ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਟ੍ਰੈਫਿਕ ਲਾਈਟਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਉੱਥੇ ਖੜ੍ਹੇ ਵਾਹਨਾਂ ਦੁਆਲੇ ਝੁਰਮਟ ਜਿਹਾ ਪਾ ਕੇ ਵਾਹਨ ਚਾਲਕਾਂ ਤੋਂ ਭੀਖ ਮੰਗਦਿਆਂ ਆਮ ਵੇਖਿਆ ਜਾ ਸਕਦਾ ਹੈ| ਛੋਟੀ ਉਮਰ ਦੇ ਇਹ ਬੱਚੇ ਜੋ ਜਿਆਦਾਤਰ ਗਰੀਬਘਰਾਂ ਦੇ ਹੁੰਦੇ ਹਨ ਸਾਰਾ ਦਿਨ ਲੋਕਾਂ ਤੋਂ ਭੀਖ ਮੰਗਦੇ ਰਹਿੰਦੇ ਹਨ ਅਤੇ ਲੋਕ ਇਹਨਾਂ ਤੇ ਤਰਸ ਖਾ ਕੇ ਕੁੱਝ ਨਾ ਕੁੱਝ ਦੇ ਵੀ ਜਾਂਦੇ ਹਨ| ਇਸੇ ਤਰ੍ਹਾਂ ਬੱਸਾਂ ਅਤੇ ਰੇਲ ਗੱਡੀਆਂ ਵਿੱਚ ਵੀ ਬਾਲ ਮੰਗਤਿਆਂ ਦੀ ਭਰਮਾਰ ਦਿਖਦੀ ਹੈ ਜੋ ਸਫਰ ਕਰ ਰਹੇ ਆਮ ਲੋਕਾਂ ਤੋਂ ਪੈਸੇ ਮੰਗਦੇ ਹਨ| ਇਹਨਾਂ ਵਿਚੋਂ ਕਈ ਬੱਚੇ ਤਾਂ ਗੀਤ ਸੰਗੀਤ ਵਜਾ ਕੇ ਪੈਸੇ ਮੰਗਦੇ ਹਨ ਜਦੋਂਕਿ ਕਈ ਬੱਚੇ ਆਪਣੇ ਆਪ ਨੂੰ ਅਨਾਥ ਕਹਿ ਕੇ ਪੈਸੇ ਮੰਗਦੇ ਹਨ|
ਇਸ ਤੋਂ ਇਲਾਵਾ ਵੱਡੀ ਗਿਣਤੀ ਛੋਟੇ ਬੱਚਿਆਂ ਨੂੰ ਕੂੜੇ ਦੇ ਢੇਰਾਂ ਵਿਚੋਂ ਕਾਗਜ ਅਤੇ ਹੋਰ ਸਾਮਾਨ ਇਕੱਠੇ ਕਰਦੇ ਵੀ ਵੇਖਿਆ ਜਾ ਸਕਦਾ ਹੈ| ਇਹਨਾਂ ਵਿੱਚੋਂ ਵੱਡੀ ਗਿਣਤੀ ਬੱਚੇ ਗਲਤ ਰਾਹ ਪਏ ਹੁੰਦੇ ਹਨ ਅਤੇ ਨਸ਼ਾ ਵੀ ਕਰਦੇ ਹਨ| ਇਹ ਬੱਚੇ ਬੋਲਣ ਵੇਲੇ ਬਹੁਤ ਮਾੜਾ ਬੋਲਦੇ ਹਨ ਅਤੇ ਅੱਗਾ ਪਿੱਛਾ ਨਹੀਂ ਵੇਖਦੇ| ਅੱਜ ਕੱਲ ਵਿਆਹਾਂ ਦਾ ਸੀਜਨ ਚਲ ਰਿਹਾ ਹੈ ਅਤੇ ਭੀਖ ਮੰਗਣ ਵਾਲੇ ਅਜਿਹੇ ਬੱਚਿਆਂ ਨੂੰ ਵਿਆਹ ਵਾਲੇ ਘਰਾਂ ਵਿਚ ਵੀ ਵੇਖਿਆ ਜਾ ਸਕਦਾ ਹੈ| ਅਜਿਹਾ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਇਹ ਬੱਚੇ ਮੁਫਤ ਦਾ ਖਾਣ ਪੀਣ ਦੇ ਨਾਲ ਹੀ ਕੋਈ ਮਹਿੰਗੀ ਚੀਜ ਲੈ ਕੇ ਉੱਥੋ ਭੱਜ ਜਾਂਦੇ ਹਨ|
ਛੋਟੀ ਉਮਰ ਦੇ ਇਹਨਾਂ ਬੱਚਿਆਂ ਉਪਰ ਕੋਈ ਸ਼ੱਕ ਵੀ ਨਹੀਂ ਕਰਦਾ ਅਤੇ ਮੈਰਿਜ ਪੈਲਿਸਾਂ ਵਿਚ ਵਿਆਹਾਂ ਮੌਕੇ ਜਦੋਂ ਸਾਰੇ ਬੇਧਿਆਨੇ ਹੋ ਕੇ ਖਾਣ ਪੀਣ ਜਾਂ ਨੱਚਣ ਵੱਲ ਰੁੱਝੇ ਹੁੰਦੇ ਹਨ ਤਾਂ ਕਈ ਵਾਰ ਚੋਰੀ ਦੀ ਨੀਯਤ ਨਾਲ ਦਾਖਿਲ ਹੋਏ ਬੱਚੇ ਉਹਨਾਂ ਦੇ ਗਹਿਣਿਆਂ ਜਾਂ ਪੈਸਿਆਂ ਵਾਲੇ ਬੈਗ ਤੇ ਹੱਥ ਸਾਫ ਕਰ ਦਿੰਦੇ ਹਨ| ਰੇਲ ਗੱਡੀਆਂ ਅਤੇ ਬੱਸਾਂ ਵਿੱਚ ਵੀ ਮੰਗਣ ਵਾਲੇ ਅਜਿਹੇ ਬੱਚਿਆਂ ਵਲੋਂ ਲੋਕਾਂ ਦੀਆਂ ਜੇਬਾਂ ਵਿੱਚੋਂ ਪਰਸ ਗਾਇਬ ਕਰ ਦਿੱਤੇ ਜਾਂਦੇ ਹਨ| ਇਸ ਕੰਮ ਲਈ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਟ੍ਰੈਨਿੰਗ ਦਿੱਤੀ ਗਈ ਹੁੰਦੀ ਹੈ| ਜੇ ਇਹ ਬੱਚੇ ਫੜੇ ਜਾਣ ਤਾਂ ਉੱਚੀ ਉੱਚੀ ਰੋਣ ਅਤੇ ਚੀਕਾਂ ਮਾਰਨ ਲੱਗ ਜਾਂਦੇ ਹਨ ਅਤੇ ਮੌਕਾ ਦੇਖਦੇ ਹੀ ਭੱਜ ਜਾਂਦੇ ਹਨ|
ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹਰ ਸ਼ਹਿਰ ਵਿੱਚ ਅਜਿਹੇ ਛੋਟੇ ਛੋਟੇ ਬੱਚਿਆਂ ਨੂੰ ਭੀਖ ਮੰਗਦਿਆਂ, ਕਾਗਜ ਇਕੱਠੇ ਕਰਦਿਆਂ ਜਾਂ ਛੁਟਪੁਟ ਚੋਰੀ ਚਕਾਰੀ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ| ਕਈ ਵਾਰ ਇਹ ਬੱਚੇ ਭੀਖ ਵੀ ਜਬਰਦਸਤੀ ਮੰਗਦੇ ਹਨ ਅਤੇ ਕਾਰ ਦੇ ਸ਼ੀਸ਼ੇ ਉਪਰ ਗੰਦੇ ਹੱਥ ਲਾ ਕੇ ਉਸ ਨੂੰ ਗੰਦਾ ਕਰਦੇ ਰਹਿੰਦੇ ਹਨ| ਜੇ ਕੋਈ ਵਿਅਕਤੀ ਇਹਨਾਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕੇ ਤਾਂ ਇਹ ਬੱਚੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ| ਇਸ ਤੋਂ ਇਲਾਵਾ ਇਹ ਬੱਚੇ ਤੇਜ ਰਫਤਾਰ ਜਾ ਰਹੀਆਂ ਕਾਰਾਂ ਨੂੰ ਵੀ ਰੋਕਣ ਦਾ ਯਤਨ ਕਰਦੇ ਹਨ ਜਿਸ ਕਾਰਨ ਸੜਕ ਹਾਦਸਿਆਂ ਦੀ ਨੌਬਤ ਵੀ ਆ ਜਾਂਦੀ ਹੈ|
ਛੋਟੀ ਉਮਰ ਵਿੱਚ ਹੀ ਗਲਤ ਰਾਹ ਤੇ ਪਏ ਇਹ ਬੱਚਿਆਂ ਦੀ ਸੋਚ ਦੇਸ਼ ਅਤੇ ਸਮਾਜ ਵਿਰੋਧੀ ਬਣ ਜਾਂਦੀ ਹੈ ਅਤੇ ਜਿਵੇਂ ਜਿਵੇਂ ਵੱਡੇ ਹੁੰਦੇ ਹਨ ਇਹਨਾਂ ਦੀ ਇਹ ਸੋਚ ਹੋਰ ਵੀ ਪੁਖਤਾ ਹੁੰਦੀ ਜਾਂਦੀ ਹੈ| ਛੋਟੀ ਉਮਰ ਵਿੱਚ ਹੀ ਇਹਨਾਂ ਨੂੰ ਮੰਗਣ ਜਾਂ ਚੋਰੀਆਂ ਕਰਨ ਦੀ ਜਿਹੜੀ ਆਦਤ ਪੈ ਜਾਂਦੀ ਹੈ ਉਹ ਇਹਨਾਂ ਨੂੰ ਸਾਰੀ ਉਮਰ ਅਜਿਹਾ ਹੀ ਬਣਾਈ ਰੱਖਦੀ ਹੈ| ਸਮਾਜ ਇਹਨਾਂ ਨੂੰ ਜਿਹੜੀ ਦੁਰਕਾਰ ਅਤੇ ਨਫਰਤ ਦਿੰਦਾ ਹੈ ਉਹ ਇਹਨਾਂ ਨੂੰ ਬਾਗੀ ਬਣਾਉਂਦੀ ਹੈ ਅਤੇ ਇਹਨਾਂ ਵਿੱਚੋਂ ਜਿਆਦਾਤਰ ਨੂੰ ਵੱਡਾ ਹੋਣ ਤੋਂ ਬਾਅਦ ਜੁਰਮ ਦੀ ਦੁਨੀਆ ਦੇ ਰਾਹ ਲੈ ਜਾਂਦੀ ਹੈ|
ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਜੇਬਾਂ ਕੱਟਣ ਦਾ ਖਾਸ ਹੁਨਰ ਸਿਖਾਇਆ ਜਾਂਦਾ ਹੈ| ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਹਨਾਂ ਭੀਖ ਮੰਗਣ ਵਾਲੇ ਲੋਕਾਂ ਦਾ ਪੂਰਾ ਗੈਂਗ ਹੁੰਦਾ ਹੈ ਅਤੇ ਇਹ ਬੱਚੇ ਭੀਖ ਮੰਗ ਕੇ ਸ਼ਾਮ ਤੱਕ ਕਾਫੀ ਪੈਸੇ ਇਕੱਠੇ ਕਰ ਲੈਂਦੇ ਹਨ ਅਤੇ ਫਿਰ ਆਪਣੇ ਅੱਡੇ ਉਪਰ ਜਾ ਕੇ ਆਪਣੇ ਮੁਖੀ ਨੂੰ ਸਾਰੀ ਰਕਮ ਦੇ ਦਿੰਦੇ ਹਨ| ਇਸ ਤਰ੍ਹਾਂ ਭੀਖ ਮੰਗਣ ਦਾ ਕੰਮ ਰਾਸ਼ਟਰੀ ਪੱਧਰ ਉੱਪਰ ਚਲਦਾ ਰਹਿੰਦਾ ਹੈ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਛੋਟੇ ਛੋਟੇ ਬੱਚਿਆਂ ਵਲੋਂ ਕੀਤੀ ਜਾਂਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ| ਇਹਨਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਦੇਸ਼ ਦਾ ਭਵਿੱਖ ਬਣਨਾ ਹੈ ਅਤੇ ਜੇਕਰ ਇਹਨਾਂ ਦੀ ਬੁਨਿਆਦ ਹੀ ਜੁਰਮ ਨਾਲ ਭਰੀ ਗਈ ਤਾਂ ਵੱਡੇ ਹੋ ਕੇ ਇਹ ਚੰਗੇ ਸ਼ਹਿਰੀ ਕਿਵੇਂ ਬਣ ਸਕਦੇ ਹਨ| ਇਹਨਾਂ ਬੱਚਿਆਂ ਨੂੰ ਇਸ ਕੰਮ ਤੋਂ ਦੂਰ ਕੀਤਾ ਜਾਣਾ ਜਰੂਰੀ ਹੈ ਅਤੇ ਸਰਕਾਰ ਵਲੋਂ ਇਹਨਾਂ ਦੀ ਰਿਹਾਇਸ਼ ਅਤੇ ਪੜਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ| ਇਸ ਵਾਸਤੇ ਇਹਨਾਂ ਨੂੰ ਸੁਧਾਰ ਘਰਾਂ ਵਿੱਚ ਵੀ ਰੱਖਿਆ ਜਾ ਸਕਦਾ ਹੈ ਤਾਂ ਜੋ ਇਹਨਾਂ ਬੱਚਿਆਂ ਨੂੰ ਗਲਤ ਰਾਹ ਤੇ ਜਾਣ ਤੋਂ ਰੋਕਿਆ ਜਾ ਸਕੇ ਅਤੇ ਉਹ ਵੀ ਚੰਗੇ ਇਨਸਾਨ ਬਣ ਸਕਣ|

Leave a Reply

Your email address will not be published. Required fields are marked *