ਵੱਡੀ ਸਮੱਸਿਆ ਬਣ ਗਿਆ ਹੈ ਦਿਵਾਲੀ ਮੌਕੇ ਪਟਾਕੇ ਚਲਾਉਣ ਦਾ ਰਿਵਾਜ

ਗੱਲ ਦਿਵਾਲੀ ਦੀ ਕਰੀਏ ਤਾਂ ਦਿੱਲੀ ਸਮੇਤ ਦੇਸ਼ ਦੇ ਦੋ ਸੌ ਤੋਂ ਵੀ ਜ਼ਿਆਦਾ ਮਹਾਨਗਰਾਂ ਅਤੇ ਸ਼ਹਿਰਾਂ ਦੀ ਆਬੋਹਵਾ ਇੱਕ ਰਾਤ ਦੇ ਇਸ ਜਸ਼ਨ ਵਿੱਚ ਇੰਨੇ ਖਤਰਨਾਕ ਪੱਧਰ ਤੇ ਪਹੁੰਚ ਜਾਂਦੀ ਹੈ ਕਿ ਦਿੱਲੀ ਵਿੱਚ ਤਾਂ ਬਕਾਇਦਾ ਸਰਕਾਰ ਨੂੰ ਚਿਤਾਵਨੀ ਜਾਰੀ ਕਰਨੀ ਪੈਂਦੀ ਹੈ ਕਿ ਜੇਕਰ  ਲੋੜ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ ਅਤੇ ਪ੍ਰਦੂਸ਼ਣ ਦੇ ਤਾਂਡਵ ਤੋਂ ਬਚਣ ਲਈ ਘਰ ਵਿੱਚ ਵੀ ਸਾਰੇ ਖਿੜਕੀਆਂ-ਦਰਵਾਜੇ ਬੰਦ ਰੱਖੋ| ਦਿਵਾਲੀ ਦੀ ਰਾਤ ਪ੍ਰਦੂਸ਼ਣ ਦੇ ਅੰਕੜੇ ਜਿਸ ਤਰ੍ਹਾਂ ਰਿਕਾਰਡ ਤੋੜਨ ਲੱਗੇ ਹਨ, ਉਸ ਦੇ ਮੱਦੇਨਜਰ ਸੁਪ੍ਰੀਮ ਕੋਰਟ ਨੂੰ ਇਸ ਦਿਸ਼ਾ ਵਿੱਚ ਕਦਮ ਚੁੱਕਣ ਤੇ ਮਜ਼ਬੂਰ ਹੋਣਾ ਪਿਆ|  ਪਿਛਲੇ ਸਾਲ ਅਦਾਲਤੀ ਨਿਰਦੇਸ਼ਾਂ ਦੇ ਬਾਵਜੂਦ ਦਿੱਲੀ ਵਿੱਚ ਦੀਵਾਲੀ ਉੱਤੇ ਪ੍ਰਦੂਸ਼ਣ ਦਾ ਪੱਧਰ ਇੰਨਾ ਖਤਰਨਾਕ ਹੋ ਗਿਆ ਸੀ ਕਿ ਅਜਿਹਾ ਲੱਗਿਆ ਸੀ              ਜਿਵੇਂ ਕਿਸੇ ਬੀਮਾਰੀ ਨੇ ਦਿੱਲੀ ਉੱਤੇ ਹਮਲਾ ਕਰ ਦਿੱਤਾ ਹੋਵੇ|  
ਦਿਵਾਲੀ ਤੇ ਦੀਵਿਆਂ ਦੀ ਜਗਮਗਾਹਟ ਅਤੇ ਆਤਿਸ਼ਬਾਜੀ ਦਾ ਮੇਲ ਉਂਝ ਤਾਂ ਸਦੀਆਂ ਪੁਰਾਣਾ ਹੈ ਪਰ ਕੁੱਝ ਸਾਲਾਂ ਪਹਿਲਾਂ ਤੱਕ ਦਿਵਾਲੀ ਅਤੇ ਹੋਰ ਤਿਓਹਾਰਾਂ ਤੇ ਖੁਸ਼ੀ ਜ਼ਾਹਿਰ ਕਰਨ ਲਈ ਹਲਕੀ ਆਤਿਸ਼ਬਾਜੀ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਅਤੇ ਲੋਕ ਆਮਤੌਰ ਤੇ ਸਮੂਹਿਕ ਰੂਪ ਨਾਲ ਖੁੱਲੇ ਮੈਦਾਨਾਂ ਵਿੱਚ ਆਤਿਸ਼ਬਾਜੀ ਚਲਾ ਕੇ ਇਸ ਖੁਸ਼ੀ ਨੂੰ ਇੱਕ-ਦੂਜੇ ਦੇ ਨਾਲ ਵੰਡਦੇ ਸਨ ਪਰ ਕਰੀਬ ਇੱਕ ਦਹਾਕੇ ਤੋਂ ਆਤਿਸ਼ਬਾਜੀ ਦੇ ਸਵਰੂਪ ਅਤੇ ਪ੍ਰਚਲਨ ਵਿੱਚ ਕਾਫੀ ਬਦਲਾਅ ਆਇਆ ਹੈ| ਹੁਣ ਤੇਜ ਰੌਸ਼ਨੀ ਵਾਲੇ ਜਿਆਦਾ ਵਿਸਫੋਟਕ ਪਟਾਕਿਆਂ ਦੀ ਭਰਮਾਰ ਰਹਿੰਦੀ ਹੈ, ਜੋ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਪਲਕ ਝਪਕਦੇ ਹੀ ਨਾ ਸਿਰਫ ਜਾਨ-ਮਾਲ ਦਾ ਭਾਰੀ ਨੁਕਸਾਨ ਕਰਦੇ ਹਨ ਸਗੋਂ ਮਾਹੌਲ ਨੂੰ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੇ ਹਨ| ਪਟਾਕਿਆਂ ਵਿੱਚ ਹਰੀ ਰੌਸ਼ਨੀ ਲਈ ਬੈਰੀਅਮ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਰੇਡਿਓਧਰਮੀ ਅਤੇ ਜ਼ਹਿਰੀਲਾ ਹੁੰਦਾ ਹੈ ਜਦੋਂ ਕਿ ਨੀਲੀ ਰੌਸ਼ਨੀ ਲਈ ਕੌਪਰ ਦੇ ਯੋਗਿਕ ਦਾ ਇਸਤੇਮਾਲ ਹੁੰਦਾ ਹੈ, ਜਿਸਦੇ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ ਅਤੇ ਪੀਲੀ ਰੌਸ਼ਨੀ ਲਈ ਗੰਧਕ ਇਸਤੇਮਾਲ ਕੀਤਾ ਜਾਂਦਾ ਹੈ, ਜਿਸਦੇ ਨਾਲ ਸਾਹ ਦੀਆਂ ਬੀਮਾਰੀਆਂ ਜਨਮ ਲੈਂਦੀਆਂ ਹਨ| ਮਾਹਿਰਾਂ ਦੇ ਅਨੁਸਾਰ ਪਟਾਕਿਆਂ ਦੇ ਚੱਲਣ ਤੋਂ ਕਰੀਬ 100 ਘੰਟੇ ਬਾਅਦ ਤੱਕ ਨੁਕਸਾਨਦਾਇਕ ਰਸਾਇਣ ਮਾਹੌਲ ਵਿੱਚ ਘੁੱਲੇ ਰਹਿ ਸਕਦੇ ਹਨ| ਇਹੀ ਕਾਰਨ ਰਿਹਾ ਕਿ ਪਿਛਲੇ ਦਿਨੀਂ ਸੁਪ੍ਰੀਮ ਕੋਰਟ ਵਲੋਂ ਇਸ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਪਟਾਕੇ ਚਲਾਉਣ ਲਈ ਰਾਤ ਦੇ ਸਮੇਂ ਸਿਰਫ ਦੋ ਘੰਟੇ ਦਾ ਸਮਾਂ ਤੈਅ ਕੀਤਾ ਗਿਆ ਅਤੇ ਗਰੀਨ ਪਟਾਕੇ ਬਣਾਉਣ ਅਤੇ ਇਸਤੇਮਾਲ ਕਰਣ ਨੂੰ ਵੀ ਕਿਹਾ ਗਿਆ| 
ਪਟਾਕਿਆਂ ਦੇ ਧੂੰਏ ਵਿੱਚ ਸਲਫਰ ਡਾਈ ਆਕਸਾਇਡ, ਨਾਇਟਰੋਜਨ ਆਕਸਾਇਡ, ਕਾਰਬਨ ਮੋਨੋਆਕਸਾਇਡ, ਐਸਬੇਸਟਾਸ ਤੋਂ ਇਲਾਵਾ ਜ਼ਹਿਰੀਲੀਆਂ ਗੈਸਾਂ ਦੇ ਰਸਾਇਣਿਕ ਤੱਤ ਵੀ ਪਾਏ ਜਾਂਦੇ ਹਨ| ਬਾਰੂਦ ਅਤੇ ਰਸਾਇਣਯੁਕਤ ਪਟਾਕਿਆਂ ਦੇ ਜਹਿਰੀਲੇ ਧੂੰਏ ਨਾਲ ਸਾਂਹ ਸਬੰਧੀ ਬੀਮਾਰੀਆਂ, ਖਾਂਸੀ, ਸਿਰਦਰਦ, ਅੱਖਾਂ ਵਿੱਚ ਜਲਨ, ਐਲਰਜੀ, ਹਾਈ ਬੀ.ਪੀ., ਦਿਲ ਦਾ ਦੌਰਾ, ਐਂਫਿਸਿਆ, ਬਰੋਂਕਾਇਟਿਸ, ਨਿਊਮੋਨਿਆ, ਅਨੀਂਦਰਾ ਸਮੇਤ ਕੈਂਸਰ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ| ਪਟਾਕਿਆਂ ਦੀ ਤੇਜ ਅਵਾਜ ਨਾਲ ਕੰਨਾਂ ਦੇ ਪਰਦੇ ਫਟਣ ਅਤੇ ਬਹਿਰੇਪਣ ਵਰਗੀਆਂ ਸਮੱਸਿਆਵਾਂ ਵੀ ਤੇਜੀ ਨਾਲ ਵਧੀਆਂ ਹਨ| ਜਹਿਰੀਲੇ ਪਟਾਕਿਆਂ ਦੇ ਕਾਰਨ ਬੈਕਟੀਰੀਆ ਅਤੇ ਵਾਇਰਸ ਇੰਨਫੈਕਸ਼ਨ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ| ਹਰ ਸਾਲ ਹਜਾਰਾਂ ਲੋਕ ਪਟਾਕਿਆਂ ਕਾਰਨ ਸੜ੍ਹ ਜਾਂਦੇ ਹਨ| ਦੇਸ਼ ਵਿੱਚ ਹਰ ਸਾਲ ਵੀਹ ਹਜਾਰ ਕਰੋੜ ਰੁਪਏ ਦੇ ਪਟਾਕਿਆਂ ਦਾ ਕਾਰੋਬਾਰ ਹੁੰਦਾ ਹੈ| ਮੰਨਿਆ ਜਾਂਦਾ ਹੈ ਕਿ ਪਟਾਕਿਆਂ ਦਾ ਇਸਤੇਮਾਲ 16ਵੀਂ ਸਦੀ ਵਿੱਚ ਸ਼ਾਹੀ ਉਤਸਵਾਂ ਵਿੱਚ ਕੀਤਾ ਜਾਣ ਲੱਗਿਆ ਸੀ| 1609 ਵਿੱਚ ਆਦਿਲ ਸ਼ਾਹ ਵਲੋਂ ਸ਼ਾਹੀ ਉਤਸਵ ਵਿੱਚ ਕਰੀਬ ਅੱਸੀਂ ਹਜਾਰ ਦੀ ਆਤਿਸ਼ਬਾਜੀ ਕਰਵਾਏ ਜਾਣ ਦਾ ਚਰਚਾ ਮਿਲਦਾ ਹੈ ਜਦੋਂ ਕਿ ਪਟਾਕਿਆਂ ਦੀ ਪਹਿਲੀ ਆਧੁਨਿਕ ਫੈਕਟਰੀ 19ਵੀਂ ਸਦੀ ਵਿੱਚ ਕੋਲਕਾਤਾ ਵਿੱਚ ਸਥਾਪਿਤ ਕੀਤੀ ਗਈ ਸੀ ਪਰ 20ਵੀਂ ਸਦੀ ਵਿੱਚ ਪਟਾਕਾ ਉਦਯੋਗ ਤਮਿਲਨਾਡੂ ਵਿੱਚ ਤਬਦੀਲ ਹੋ ਗਿਆ, ਜਿੱਥੇ ਹੁਣ ਕਰੀਬ 90 ਫੀਸਦੀ ਪਟਾਕਿਆਂ ਦਾ ਉਤਪਾਦਨ ਹੁੰਦਾ ਹੈ| 
ਪਹਿਲਾਂ ਤੋਂ ਹੀ ਖੇਤਾਂ ਵਿੱਚ ਸਾੜੀ ਜਾਂਦੀ ਪਰਾਲੀ, ਵਿਕਾਸ ਦੇ ਨਾਮ ਤੇ ਗੈਰ ਲੋੜੀਂਦੇ ਅਤੇ ਵਾਧੂ ਉਸਾਰੀ ਕੰਮਾਂ ਦੇ ਚਲਦੇ ਵਿਗੜਦੇ ਹਾਲਾਤ, ਗੱਡੀਆਂ ਅਤੇ ਉਦਯੋਗਿਕ ਇਕਾਈਆਂ ਦੇ ਕਾਰਨ ਬੇਹੱਦ ਪ੍ਰਦੂਸ਼ਿਤ ਹੋ ਰਹੇ ਮਾਹੌਲ ਦੇ ਭਿਆਨਕ ਖਤਰਿਆਂ ਦਾ ਤਾਂ ਅਸੀਂ ਠੀਕ ਤਰ੍ਹਾਂ ਸਾਹਮਣਾ ਵੀ ਨਹੀਂ ਕਰ ਪਾ ਰਹੇ ਹਾਂ ਅਤੇ ਉਪਰੋਂ ਇੱਕ ਰਾਤ ਦਾ ਇਹ ਜਸ਼ਨ ਸਾਡੀਆਂ ਇਨ੍ਹਾਂ ਸੱਮਸਿਆਵਾਂ ਨੂੰ ਹੋਰ ਵੀ ਭਿਆਨਕ ਰੂਪ ਦੇ ਜਾਂਦਾ ਹੈ| ਹਾਲਾਂਕਿ ਵਾਤਾਵਰਣ ਅਤੇ ਪ੍ਰਦੂਸ਼ਣ ਕੰਟਰੋਲ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲਾਂ ਤੋਂ ਹੀ ਕਈ ਕਾਨੂੰਨ ਲਾਗੂ ਹਨ ਪਰ ਉਨ੍ਹਾਂ ਦਾ ਪਾਲਣ ਕਰਵਾਉਣ ਦੇ ਮਾਮਲੇ ਵਿੱਚ ਵਾਤਾਵਰਣ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਵਿੱਚ ਹਮੇਸ਼ਾਂ ਉਦਾਸੀਨਤਾ ਦਾ ਮਾਹੌਲ ਦੇਖਿਆ ਜਾਂਦਾ ਰਿਹਾ ਹੈ| ਦੇਸ਼ ਦੀ ਰਾਜਧਾਨੀ ਦਿੱਲੀ ਤਾਂ ਵਕਤ-ਬੇਵਕਤ ਸਮਾਗ (ਕੋਹਰੇ ਅਤੇ ਧੂੰਏ ਦਾ ਅਜਿਹਾ ਮਿਸ਼ਰਣ ਜਿਸ ਵਿੱਚ ਬਹੁਤ ਖਤਰਨਾਕ ਜਹਰੀਲੇ ਕਣ ਮਿਸ਼ਰਿਤ ਹੁੰਦੇ ਹਨ) ਨਾਲ ਲੋਕਾਂ ਦਾ ਹਾਲ ਬੇਹਾਲ ਕਰਦੀ ਰਹੀ ਹੈ| ਤੈਅ ਮਾਨਕਾਂ ਦੇ ਅਨੁਸਾਰ ਹਵਾ ਵਿੱਚ ਪੀਐਮ ਦੀ ਨਿਰਧਾਰਿਤ ਮਾਤਰਾ 60-100 ਮਾਇਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਹੋਣੀ ਚਾਹੀਦੀ ਹੈ ਪਰ ਇਹ ਦੀਵਾਲੀ ਤੋਂ ਪਹਿਲਾਂ ਹੀ 900 ਦਾ ਅੰਕੜਾ ਪਾਰ ਕਰ ਗਈ|
ਨਾ ਸਿਰਫ ਦਿੱਲੀ ਵਿੱਚ ਸਗੋਂ                ਦੇਸ਼ਭਰ ਵਿੱਚ ਹਵਾ, ਪਾਣੀ ਅਤੇ ਅਵਾਜ ਪ੍ਰਦੂਸ਼ਣ ਦਾ ਖਤਰਾ ਮੰਡਰਾ ਰਿਹਾ ਹੈ| ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2015 ਵਿੱਚ ਹਵਾ, ਪਾਣੀ ਅਤੇ ਹੋਰ ਪ੍ਰਦੂਸ਼ਣ ਕਾਰਨ ਭਾਰਤ ਵਿੱਚ 25 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ ਅਤੇ ਉਸ ਸਾਲ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ  ਦੇ ਮਾਮਲੇ ਵਿੱਚ ਭਾਰਤ ਸਿਖਰ ਉੱਤੇ ਰਿਹਾ| ਇੱਕ ਹੋਰ ਰਿਪੋਰਟ ਦੇ ਅਨੁਸਾਰ ਮਨੁੱਖ ਨਿਰਮਿਤ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਕਰੀਬ 4 ਲੱਖ 70 ਹਜਾਰ ਲੋਕ ਮੌਤ ਦੇ ਮੂੰਹ ਵਿੱਚ ਸਮਾ ਜਾਂਦੇ ਹਨ|  ਹਵਾ ਪ੍ਰਦੂਸ਼ਣ ਦੀ ਗੰਭੀਰ ਹੁੰਦੀ ਸਮੱਸਿਆ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿੱਚ ਹਰ 10ਵਾਂ ਵਿਅਕਤੀ ਅਸਥਮਾ ਦਾ ਸ਼ਿਕਾਰ ਹੈ, ਕੁੱਖ ਵਿੱਚ ਪਲ ਰਹੇ ਬੱਚਿਆਂ ਤੱਕ ਉੱਤੇ ਇਸਦਾ ਖਤਰਾ ਮੰਡਰਾ ਰਿਹਾ ਹੈ ਅਤੇ ਕੈਂਸਰ ਦੇ ਮਾਮਲੇ ਦੇਸ਼ਭਰ ਵਿੱਚ ਤੇਜੀ ਨਾਲ ਵੱਧ ਰਹੇ ਹਨ| ਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਸ਼ਹਿਰ ਹੋਵੇ, ਜਿੱਥੇ ਲੋਕ ਧੂੜ, ਧੂੰਏ, ਕੂੜੇ ਅਤੇ ਰੌਲੇ ਦੇ ਚਲਦੇ ਬੀਮਾਰ ਨਾ ਹੋ ਰਹੇ ਹੋਣ| ਦੇਸ਼ ਦੇ ਸਾਰੇ ਸ਼ਹਿਰਾਂ ਦੀ ਹਵਾ ਵਿੱਚ ਜਹਿਰ ਘੁੱਲ ਚੁੱਕਿਆ ਹੈ|
ਯੋਗੇਸ਼ ਕੁਮਾਰ ਗੋਇਲ

Leave a Reply

Your email address will not be published. Required fields are marked *