ਵੱਡੇ ਪੱਧਰ ਤੇ ਹੁੰਦੀ ਦਹੇਜ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਤੇ ਰੋਕ ਲਗਾਉਣੀ ਵੀ ਜਰੂਰੀ

ਸਾਡੇ ਦੇਸ਼ ਅਤੇ ਸਮਾਜ ਵਿੱਚ ਦਹੇਜ ਪ੍ਰਥਾ ਦੀ ਸ਼ੁਰੂਆਤ ਕਦੋਂ ਹੋਈ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਜਦੋਂ ਤੋਂ ਸਾਡੇ ਸਮਾਜ ਵਿੱਚ ਵਿਆਹ ਹੋਣੇ ਆਰੰਭ ਹੋਏ ਹਨ ਲਗਭਗ ਉਦੋਂ ਤੋਂ ਹੀ ਇਹ ਪ੍ਰਥਾ ਵੀ ਚਲਦੀ ਹੀ ਆ ਰਹੀ ਹੈ| ਇਹ ਇੱਕ ਅਜਿਹੀ ਸਮਾਜਿਕ ਬੁਰਾਈ ਹੈ ਜਿਹੜੀ ਸਾਡੇ ਦੇਸ਼ ਦੇ ਲਗਭਗ ਸਾਰੇ ਹੀ ਭਾਈਚਾਰਿਆਂ ਵਿੱਚ ਆਪਣੀਆਂ ਜੜ੍ਹਾਂ ਜਮਾ ਕੇ ਬੈਠੀ ਹੈ| ਸ਼ੁਰੂ ਸ਼ੁਰੂ ਵਿਚ ਲੋਕਾਂ ਵਲੋਂ ਆਪਣੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਵਜੋਂ ਉਸਦੀ ਗ੍ਰਹਿਸਥੀ ਦਾ ਜਰੂਰੀ ਸਾਮਾਨ ਦਿੱਤਾ ਜਾਂਦਾ ਸੀ ਜੋ ਕਿ ਹੌਲੀ-ਹੌਲੀ ਦਹੇਜ ਪ੍ਰਥਾ ਦਾ ਰੂਪ ਧਾਰਨ ਕਰ ਗਿਆ ਅਤੇ ਸਮੇਂ ਦੇ ਨਾਲ ਇਹ ਪ੍ਰਥਾ ਸਾਡੇ ਸਮਾਜ ਲਈ ਇੱਕ ਸਰਾਪ ਬਣ ਗਈ ਹੈ| ਇੱਕ ਪਾਸੇ ਜਿੱਥੇ ਅਮੀਰ ਅਤੇ ਸਾਧਨ ਸੰਪੰਨ ਲੋਕ ਆਪਣੀਆਂ ਧੀਆਂ ਦੇ ਵਿਆਹਾਂ ਮੌਕੇ ਲੱਖਾਂ ਕਰੋੜਾਂ ਰੁਪਏ ਦਾ ਦਾਜ ਦਿੰਦੇ ਹਨ ਉੱਥੇ ਇਹਨਾਂ ਦੀ ਦੇਖਾ-ਦੇਖੀ ਮੱਧਵਰਗੀ ਅਤੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਵੀ ਆਪਣੀ ਸਮਰਥਾ ਤੋਂ ਕਿਤੇ ਵੱਧ ਦਾਜ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ|
ਦਾਜ ਦੇਣ ਦੇ ਨਾਲ ਹੀ ਦਾਜ ਮੰਗਣ ਦਾ ਰੁਝਾਨ ਵੀ ਲਗਾਤਾਰ ਜੋਰ ਫੜਦਾ ਰਿਹਾ ਹੈ ਅਤੇ ਸਮਾਜ ਦੇ ਕੁੱਝ ਖਾਸ ਵਰਗਾਂ ਵਿੱਚ ਤਾਂ ਲਾੜਿਆਂ ਦੀ ਬਾਕਾਇਦਾ ਬੋਲੀ ਲਗਾਈ ਜਾਂਦੀ ਹੈ| ਤਰਾਸਦੀ ਇਹ ਵੀ ਹੈ ਕਿ ਸਾਡੇ ਪੜ੍ਹੇ ਲਿਖੇ ਸਮਾਜ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਹੈ ਅਤੇ ਅੱਜ ਅਫਸਰ, ਇੰਜਨੀਅਰ, ਡਾਕਟਰ, ਮਾਸਟਰ, ਕਲਰਕ ਆਦਿ ਮੂੰਹ ਅੱਡ ਕੇ ਦਾਜ ਮੰਗਦੇ ਹਨ| ਅਜਿਹਾ ਹੋਣ ਕਾਰਨ ਜਿੱਥੇ ਅਮੀਰ ਲੋਕ ਪੈਸੇ ਦੇ ਜੋਰ ਤੇ ਮਨਮਰਜੀ ਦੇ ਲਾੜੇ ਖਰੀਦਦੇ ਹਨ ਉੱਥੇ ਗਰੀਬ ਲੋਕਾਂ ਲਈ ਆਪਣੀਆਂ ਧੀਆਂ ਦਾ ਵਿਆਹ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਹੈ|
ਦਾਜ ਦੀ ਇਸ ਲਗਾਤਾਰ ਵੱਧਦੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਭਾਂਵੇ ਪਾਰਲੀਮੈਂਟ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਕਾਨੂੰਨ ਬਣਾਏ ਗਏ ਪਰੰਤੂ ਇਸਦੇ ਬਾਵਜੂਦ ਦਾਜ ਦਾ ਇਹ ਰੁਝਾਨ ਕਾਬੂ ਵਿੱਚ ਨਹੀਂ ਆਇਆ ਹੈ| ਇਸਦਾ ਇੱਕ ਦੂਜਾ ਪੱਖ ਵੀ ਹੈ| ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਵੀ ਵੱਡੇ ਪੱਧਰ ਤੇ ਹੁੰਦੀ ਹੈ ਅਤੇ ਇਸ ਕਾਰਨ ਕਈ ਵਾਰ ਬੇਗੁਨਾਹ ਲੋਕ ਵੀ ਇਸਦੀ ਬਲੀ ਚੜ੍ਹ ਜਾਂਦੇ ਹਨ| ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਔਰਤਾਂ ਨੂੰ ਅੱਜ ਵੀ ਸਹੁਰੇ ਘਰ ਵਿੱਚ ਦਾਜ ਘੱਟ ਲਿਆਉਣ ਲਈ ਤਾਅਨੇ ਸੁਣਨੇ ਪੈਂਦੇ ਹਨ ਅਤੇ ਦਾਜ ਘੱਟ ਲਿਆਉਣ ਕਾਰਨ ਨੂੰਹਾਂ ਦੀ ਕੁੱਟਮਾਰ ਵੀ ਹੁੰਦੀ ਹੈ| ਅਜਿਹੇ ਮਾਮਲੇ ਪਹਿਲਾਂ ਥਾਣਿਆਂ ਅਤੇ ਫਿਰ ਅਦਾਲਤਾਂ ਤਕ ਵੀ ਪਹੁੰਚਦੇ ਹਨ|
ਅਜਿਹੇ ਮਾਮਲਿਆਂ ਵਿੱਚ ਕਈ ਵਾਰ ਪੂਰਾ ਤਾਂ ਸਹੁਰਾ ਪਰਿਵਾਰ ਹੀ ਜੇਲ੍ਹ ਪਹੁੰਚ ਜਾਂਦਾ ਹੈ| ਪਰੰਤੂ ਇਹਨਾਂ ਵਿੱਚ ਕੁੱਝ ਮਾਮਲੇ ਅਜਿਹੇ ਵੀ ਹੁੰਦੇ ਹਨ ਜਿੱਥੇ ਨੂੰਹਾਂ ਆਪਣੇ ਸਹੁਰਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਉਹਨਾਂ ਦੇ ਖਿਲਾਫ ਦਾਜ ਮੰਗਣ ਅਤੇ ਘਰੇਲੂ ਹਿੰਸਾ ਦਾ ਝੂਠਾ ਮਾਮਲਾ ਦਰਜ ਕਰਵਾ ਦਿੰਦੀਆਂ ਹਨ ਅਤੇ ਬਾਅਦ ਵਿੱਚ ਉਹਨਾਂ ਤੋਂ ਮੋਟੀ ਰਕਮ ਵਸੂਲਦੀਆਂ ਹਨ| ਦਾਜ ਵਿਰੋਧੀ ਕਾਨੂੰਨ ਅਨੁਸਾਰ ਦਾਜ ਲੈਣਾ ਅਤੇ ਦੇਣਾ ਕਾਨੂੰਨੀ ਜ਼ੁਰਮ ਹੈ ਪਰੰਤੂ ਵਿਆਹ ਮੌਕੇ ਇਸਦੀ ਕੋਈ ਪਰਵਾਹ ਨਹੀਂ ਕਰਦਾ ਅਤੇ ਸ਼ਰਾਰਤੀ ਅਨਸਰਾਂ ਵਲੋਂ ਦਰਜ ਕਰਵਾਏ ਜਾਣ ਵਾਲੇ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਹਨਾਂ ਬਾਰੇ ਬਾਅਦ ਵਿੱਚ ਇਹ ਪਤਾ ਚਲਦਾ ਹੈ ਕਿ ਮੁੰਡੇ ਵਾਲਿਆਂ ਉੱਪਰ ਦਬਾਓ ਵਧਾਉਣ ਲਈ ਇਸ ਕਾਨੂੰਨ ਦੀ ਵਰਤੋਂ ਕੀਤੀ ਗਈ ਸੀ|
ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਇਸ ਸਾਰੇ ਕੁੱਝ ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ਮਹਿਸੂਸ ਕੀਤੀ ਜਾਣ ਲੱਗ ਪਈ ਹੈ| ਚਾਹੀਦਾ ਤਾਂ ਇਹ ਹੈ ਕਿ ਦਾਜ ਪ੍ਰਥਾਂ ਦੀ ਸਮਾਜਿਕ ਬੁਰਾਈ ਦੇ ਖਾਤਮੇ ਲਈ ਜਿੱਥੇ ਦਾਜ ਵਿਰੋਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਉੱਥੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਨਾ ਹੋਣ ਦਿੱਤੀ ਜਾਵੇ| ਇਸ ਵਾਸਤੇ ਜਿੱਥੇ ਆਮ ਲੋਕਾਂ ਨੂੰ ਵਧੇਰੇ ਜਾਗਰੂਕ ਹੋ ਕੇ ਅਜਿਹੇ ਝੂਠੇ ਮਾਮਲਿਆਂ ਵਿੱਚ ਸਾਮ੍ਹਣੇ ਆਉਣਾ ਪੈਣਾ ਹੈ ਉੱਥੇ ਝੂਠੇ ਮਾਮਲੇ ਦਰਜ ਕਰਵਾਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *