ਵੱਡੇ ਫਰਕ ਨਾਲ ਜਿੱਤਣਗੇ ਆਜਾਦ ਗਰੁੱਪ ਦੇ ਉਮੀਦਵਾਰ : ਕੁਲਵੰਤ ਸਿੰਘ ਵੋਟਰਾਂ ਨੂੰ ਉਮੀਦਵਾਰਾਂ ਦੀ ਪਾਰਟੀ ਦੀ ਥਾਂ ਉਹਨਾਂ ਦਾ ਕਿਰਦਾਰ ਦੇਖਕੇ ਵੋਟ ਪਾਉਣ ਦੀ ਅਪੀਲ
ਐਸ.ਏ.ਐਸ ਨਗਰ, ਮੁਹਾਲੀ, 28 ਜਨਵਰੀ (ਸ.ਬ.) ਮੁਹਾਲੀ ਦੇ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਆਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਮੁਹਾਲੀ ਵਾਸੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰ ਇਸ ਵਾਰ ਵੀ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਚੋਣਾਂ ਜਿੱਤਣਗੇ। ਮੁਹਾਲੀ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਵਲੋਂ ਪਿਛਲੇ ਪੰਜ ਸਾਲਾਂ ਦੇ ਮੇਅਰ ਦੇ ਕਾਰਜਕਾਲ ਦੌਰਾਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਵਿਤਕਰੇਬਾਜ਼ੀ ਤੋਂ ਸ਼ਹਿਰ ਦਾ ਵਿਕਾਸ ਕੀਤਾ ਹੈ ਅਤੇ ਹੁਣ ਉਹ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਨ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਆਜ਼ਾਦ ਗਰੁੱਪ ਦੀ ਸਾਰੀ ਟੀਮ ਬੇਦਾਗ ਹੈ ਅਤੇ ਪਿਛਲੇ 5 ਸਾਲਾਂ ਦੌਰਾਨ ਸਾਡੇ ਕਿਸੇ ਵੀ ਕੌਂਸਲਰ ਤੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਲੱਗਾ।
ਉਹਨਾਂ ਕਿਹਾ ਕਿ ਇਮਾਨਦਾਰੀ ਹੀ ਸਾਡੀ ਅਸਲ ਪੂੰਜੀ ਹੈ ਅਤੇ ਸਾਡਾ ਕਿਰਦਾਰ ਹੀ ਸਾਡੀ ਪਹਿਚਾਣ ਹੈ। ਸ. ਕੁਲਵੰਤ ਸਿੰਘ ਨੇ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਪਾਰਟੀ ਨਹੀਂ ਸਿਰਫ ਕਿਰਦਾਰ ਦੇਖ ਕੇ ਵੀ ਵੋਟ ਪਾਉਣ।