ਵੱਧ ਤੋਂ ਵੱਧ ਨੌਜਵਾਨ ਅਰਧ ਸੈਨਿਕ ਦਸਤਿਆਂ ਦੀਆਂ ਆਸਾਮੀਆਂ ਲਈ ਅਪਲਾਈ ਕਰਨ: ਜ਼ਿਲ੍ਹਾ ਰੁਜ਼ਗਾਰ ਅਫ਼ਸਰ

ਐਸ.ਏ.ਐਸ.ਨਗਰ, 10 ਅਗਸਤ (ਸ.ਬ.) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਲਈ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਸਮੇਂ ਸਮੇਂ ਤੇ ਵੱਖ ਵੱਖ ਅਦਾਰਿਆਂ ਜਾਂ ਸੰਸਥਾਵਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਆਸਾਮੀਆਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਤਾਂ ਜੋ ਉਹ ਰੁਜ਼ਗਾਰ ਹਾਸਲ ਕਰ ਸਕਣ| ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਹਾਲ ਹੀ ਵਿੱਚ ਸਟਾਫ਼ ਸਲੈਕਸ਼ਨ ਕਮਿਸ਼ਨ ਵੱਲੋਂ ਅਰਧ ਸੈਨਿਕ ਦਸਤਿਆਂ ਦੀਆਂ 55 ਹਜ਼ਾਰ ਆਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ| ਇਨ੍ਹਾਂ ਵਿੱਚ ਸੈਂਟਰਲ ਆਰਮਡ ਪੁਲੀਸ ਫੋਰਸਿਜ਼ (ਸੀ.ਏ.ਐਫ.), ਐਨ.ਆਈ. ਏ. ਅਤੇ ਐਸ.ਐਸ.ਐਫ ਵਿੱਚ ਕਾਂਸਟੇਬਲਾਂ ਅਤੇ ਅਸਾਮ ਰਾਈਫਲਜ਼ (ਏ.ਆਰ.) ਵਿੱਚ ਰਾਈਫਲਮੈਨਾਂ ਦੀਆਂ ਆਸਾਮੀਆਂ ਸ਼ਾਮਿਲ ਹਨ|
ਉਹਨਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ 17 ਅਗਸਤ 2018 ਤੋਂ 17 ਸਤੰਬਰ 2018 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ| ਕਮਿਸ਼ਨ ਵੱਲੋਂ ਇਸ ਸਬੰਧੀ ਕੰਪਿਊਟਰ ਆਧਾਰਤ ਪ੍ਰੀਖਿਆ (ਸੀ.ਬੀ.ਈ.) ਲਈ ਜਾਵੇਗੀ ਜੋ ਕਿ ਅੰਗਰੇਜ਼ੀ ਅਤੇ ਹਿੰਦੀ ਵਿੱਚ ਹੀ ਹੋਵੇਗੀ| ਉਨ੍ਹਾਂ ਦੱਸਿਆ ਕਿ ਫਿਜ਼ੀਕਲ ਐਫੀਸ਼ੈਂਸੀ ਟੈਸਟ (ਪੀ.ਈ.ਟੀ.), ਫਿਜ਼ੀਕਲ ਸਟੈਂਡਰਡ ਟੈਸਟ (ਪੀ.ਐਸ.ਟੀ.), ਡਿਟੇਲਡ ਮੈਡੀਕਲ ਐਗਜ਼ਾਮੀਨੇਸ਼ਨ (ਡੀ.ਐਮ.ਈ.) ਅਤੇ ਰੀਵਿਊ ਮੈਡੀਕਲ ਐਗਜ਼ਾਮੀਨੇਸ਼ਨ (ਆਰ.ਐਮ.ਈ.) ਸਬੰਧੀ ਮਿਤੀਆਂ ਬਾਅਦ ਵਿੱਚ ਐਲਾਨੀਆਂ ਜਾਣਗੀਆਂ| ਉਹਨਾਂ ਦੱਸਿਆ ਕਿ ਇਸਤਰੀ ਅਤੇ ਪੁਰਸ਼ ਉਮੀਦਵਾਰ ਜੋ 10ਵੀਂ ਪਾਸ ਹੋਣ ਅਤੇ ਜਿਨ੍ਹਾਂ ਦੀ ਉਮਰ 1 ਅਗਸਤ 2018 ਨੂੰ 18 ਤੋਂ 23 ਸਾਲ ਹੋਵੇ (ਰਾਖਵੀਆਂ ਸ਼੍ਰੇਣੀਆਂ ਨੂੰ ਕੁਝ ਛੋਟਾਂ ਵੀ ਹਨ) ਅਤੇ ਜੋ ਸਰੀਰਕ ਯੋਗਤਾ ਦੇ ਮਾਪ ਦੰਡ ਪੂਰੇ ਕਰਦੇ ਹੋਣ, ਉਨ੍ਹਾਂ ਨੂੰ ਅਪਲਾਈ ਕਰ ਕੇ ਪ੍ਰੀਖਿਆ ਪਾਸ ਕਰਨ ਦਾ ਯਤਨ ਕਰਨਾ ਚਾਹੀਦਾ ਹੈ|

Leave a Reply

Your email address will not be published. Required fields are marked *