ਵੱਧ ਨੰਬਰ ਲਿਆਉਣ ਦੇ ਦਬਾਓ ਕਾਰਨ ਬੱਚਿਆਂ ਵਿੱਚ ਵੱਧ ਰਹੀ ਹੈ ਆਤਮਾ ਹੱਤਿਆ ਦੀ ਭਾਵਨਾ

ਪਿਛਲੇ ਦਿਨੀਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਹੋਣ ਤੋਂ ਠੀਕ ਬਾਅਦ ਬੱਚਿਆਂ ਦੀ ਖੁਦਕੁਸ਼ੀ ਦੀਆਂ ਖਬਰਾਂ ਵੀ ਆਉਣ ਲੱਗੀਆਂ| ਖ਼ਰਾਬ ਰਿਜਲਟ ਆਉਣ ਤੋਂ ਬਾਅਦ ਦਿੱਲੀ ਦੇ ਹੀ ਤਿੰਨ ਵਿਦਿਆਰਥੀਆਂ ਨੇ ਆਤਮਹੱਤਿਆ ਕਰ ਲਈ| ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਈ ਬੱਚਿਆਂ ਨੇ ਫੇਲ ਹੋਣ ਦੇ ਕਾਰਨ ਨਹੀਂ ਬਲਕਿ ਆਪਣੀ ਉਮੀਦਾਂ ਦੇ ਮੁਤਾਬਕ ਉਚੇ ਜਾਂ ਬਹੁਤ ਉਚੇ ਅੰਕ ਹਾਸਲ ਨਾ ਕਰ ਸਕਣ ਦੇ ਕਾਰਨ ਵੀ ਮੌਤ ਨੂੰ ਗਲੇ ਲਗਾ ਲਿਆ| ਅੱਵਲ ਆਉਣ ਦਾ ਇਹ ਕਿਹੋ ਜਿਹਾ ਪਾਗਲਪਨ ਹੈ ਕਿ ਜਿੰਦਗੀ ਹੀ ਪਿੱਛੇ ਛੁੱਟ ਰਹੀ ਹੈ!
ਪ੍ਰੀਖਿਆ ਨਤੀਜਿਆਂ ਦੇ ਸਮੇਂ ਸਾਡੇ ਘਰਾਂ ਵਿੱਚ ਬੱਚਿਆਂ ਨੂੰ ਸਿਰਫ ਉਮੀਦ ਭਰੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ| ਸਫਲਤਾ ਜਾਂ ਅਸਫਲਤਾ ਦੀ ਨੂੰ ਲੈ ਕੇ ਉਨ੍ਹਾਂ ਨੂੰ ਮਾਨਸਿਕ ਰੂਪ ਨਾਲ ਤਿਆਰ ਨਹੀਂ ਕੀਤਾ ਜਾਂਦਾ| ਨਾ ਹੀ ਘਰ ਦੇ ਵੱਡੇ ਮੈਂਬਰ ਇਸਦੇ ਲਈ ਤਿਆਰ ਹੁੰਦੇ ਹਨ| ਬੱਚਿਆਂ ਨੂੰ ਇਹ ਦਿਲਾਸਾ ਵੀ ਨਹੀਂ ਦਿੱਤਾ ਜਾਂਦਾ ਕਿ ਅੰਕ ਚਾਹੇ ਜਿਵੇਂ ਆਉਣ, ਅਸੀਂ ਤੁਹਾਡੇ ਨਾਲ ਹਾਂ| ਪ੍ਰੀਖਿਆ ਨਤੀਜਾ ਮਨ ਮੁਤਾਬਕ ਨਾ ਆਏ ਤਾਂ ਉਹ ਤਨਾਓ ਦਾ ਸ਼ਿਕਾਰ ਹੋ ਜਾਂਦੇ ਹਨ|
ਨੰਬਰ ਰੇਸ ਵਿੱਚ ਥੋੜ੍ਹਾ ਪਿੱਛੇ ਰਹਿ ਜਾਣਾ ਵੀ ਸਾਡੇ ਇੱਥੇ ਇੱਕ ਵੱਡੀ ਕਮਜੋਰੀ ਦੀ ਤਰ੍ਹਾਂ ਵੇਖਿਆ ਜਾਂਦਾ ਹੈ ਜਦੋਂ ਕਿ ਇਹ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੈ| ਨਾ ਹੀ ਕੋਈ ਪ੍ਰੀਖਿਆ ਜਿੰਦਗੀ ਦਾ ਆਖਰੀ ਇਮਿਤਹਾਨ ਹੁੰਦੀ ਹੈ| ਇਹੀ ਕਾਰਨ ਹੈ ਕਿ ਬੱਚੇ ਰਿਜਲਟ ਆਉਣ ਦੇ ਸਮੇਂ ਚਿੰਤਾਵਾਂ ਨਾਲ ਘਿਰੇ ਰਹਿੰਦੇ ਹਨ| ਉਨ੍ਹਾਂ ਦਾ ਇਹੀ ਤਨਾਓ ਕਈ ਵਾਰ ਆਤਮਹੱਤਿਆ ਵਰਗਾ ਕਦਮ ਚੁੱਕਣ ਦਾ ਕਾਰਨ ਬਣ ਜਾਂਦਾ ਹੈ|
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਸਾਲ 2014 ਦੀ ਰਿਪੋਰਟ ਦੇ ਅਨੁਸਾਰ, ਪ੍ਰੀਖਿਆ ਵਿੱਚ ਅਸਫਲ ਹੋਣ ਦੇ ਡਰ ਅਤੇ ਫੇਲ ਹੋ ਜਾਣ ਨਾਲ18 ਸਾਲ ਤੋਂ ਘੱਟ ਉਮਰ ਦੇ 1284 ਵਿਦਿਆਰਥੀਆਂ ਨੇ ਆਪਣੀ ਜਿੰਦਗੀ ਖਤਮ ਕਰ ਲਈ ਸੀ| ਸਾਲ 2015 ਵਿੱਚ ਇਹ ਗਿਣਤੀ ਵਧਕੇ 2646 ਹੋ ਗਈ | ਇੱਕ ਸਾਲ ਦੇ ਅੰਦਰ ਦੋਗੁਣੀ ਤੋਂ ਵੀ ਜ਼ਿਆਦਾ ਦਾ ਵਾਧਾ| ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਲ – ਦਰ – ਸਾਲ ਬੱਚਿਆਂ ਉਤੇ ਪੜਾਈ ਦਾ ਦਬਾਅ ਵੱਧ ਹੀ ਰਿਹਾ ਹੈ| ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਪਿਛਲੇ 45 ਸਾਲਾਂ ਵਿੱਚ ਸੰਸਾਰ ਭਰ ਵਿੱਚ ਆਤਮਹੱਤਿਆ ਦੀ ਦਰ 60 ਫੀਸਦੀ ਵੱਧ ਗਈ ਹੈ| ਸਾਡੇ ਦੇਸ਼ ਵਿੱਚ ਆਤਮਹੱਤਿਆ ਦੀ ਦਰ 10 ਏਸ਼ੀਆਈ ਦੇਸ਼ਾਂ ਵਿੱਚ ਸਭਤੋਂ ਜ਼ਿਆਦਾ ਹੈ| ਭਾਰਤ ਵਿੱਚ ਹਰ ਚਾਰ ਵਿੱਚੋਂ ਇੱਕ ਕਿਸ਼ੋਰ ਮਾਨਸਿਕ ਤਨਾਓ ਨਾਲ ਪੀੜਿਤ ਹੈ| ਸਾਡੇ ਦੇਸ਼ ਵਿੱਚ 15 ਤੋਂ 29 ਸਾਲ ਦੇ ਵਿਅਕਤੀਆਂ ਦੀ ਆਤਮਹੱਤਿਆ ਦੀ ਦਰ ਸਭ ਤੋਂ ਜਿਆਦਾ ਹੈ| ਅਜੋਕੇ ਸਮੇਂ ਵਿੱਚ ਅੱਵਲ ਆਉਣ ਦੀ ਦੌੜ ਨੇ ਬੱਚਿਆਂ ਨੂੰ ਤਨਾਓ ਵੱਲ ਧੱਕ ਦਿੱਤਾ ਹੈ| ਮਾਸੂਮੀਅਤ ਭਰੀ ਉਮਰ ਵਿੱਚ ਹੀ ਬੱਚੇ ਭਾਵਨਾਤਮਕ ਅਤੇ ਮਾਨਸਿਕ ਸੰਘਰਸ਼ ਵਿੱਚ ਪੈ ਜਾਂਦੇ ਹਨ|
ਅਜੀਬ ਗੱਲ ਇਹ ਹੈ ਕਿ ਸਫਲਤਾ ਹਾਸਲ ਕਰਨ ਅਤੇ ਸਭ ਤੋਂ ਅੱਗੇ ਨਿਕਲਣ ਦੀ ਇਹ ਜੱਦੋਜਹਿਦ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਹੀ ਨਹੀਂ, ਨਤੀਜੇ ਆਉਣ ਦੇ ਸਮੇਂ ਵੀ ਹੁੰਦੀ ਹੈ| ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵਲੋਂ ਜਾਰੀ ਇੱਕ ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ ਰੋਜ 14 ਸਾਲ ਤੱਕ ਦੀ ਉਮਰ ਦੇ ਅੱਠ ਬੱਚੇ ਆਤਮਹੱਤਿਆ ਦੀ ਰਾਹ ਚੁਣ ਰਹੇ ਹਨ| ਮਤਲਬ ਛੋਟੀ ਉਮਰ ਦੇ ਇਹਨਾਂ ਬੱਚਿਆਂ ਨੂੰ ਪਰਿਵਾਰ ਵਿੱਚ ਵੀ ਸਹਾਰਾ ਨਹੀਂ ਮਿਲ ਰਿਹਾ ਹੈ| ਇਕੱਲਾ ਪਰਿਵਾਰ ਅਤੇ ਕੰਮਕਾਜੀ ਮਾਪੇ ਬੱਚਿਆਂ ਦੇ ਮਨ ਦੀਆਂ ਬੇਚੈਨੀਆਂ ਨੂੰ ਸਮਝਣ ਦਾ ਸਮਾਂ ਨਹੀਂ ਕੱਢ ਪਾ ਰਹੇ ਹਨ|
ਮਾਪਿਆਂ ਨੂੰ ਇਹ ਸਮਝਣਾ ਪਵੇਗਾ ਕਿ ਬੱਚਿਆਂ ਤੋਂ ਹਰ ਹਾਲ ਵਿੱਚ ਅੱਵਲ ਰਹਿਣ ਦੀ ਉਮੀਦ ਰੱਖਣਾ ਉਨ੍ਹਾਂ ਨੂੰ ਤਨਾਓ ਦਾ ਸ਼ਿਕਾਰ ਬਣਾਉਦਾ ਹੈ| ਇਹ ਸੱਚ ਹੈ ਕਿ ਆਪਣੇ ਬੱਚਿਆਂ ਨਾਲ ਜੁੜੀਆਂ ਉਮੀਦਾਂ ਦੇ ਚਲਦੇ ਬੱਚਿਆਂ ਦੀ ਅਸਫਲਤਾ ਮਾਪਿਆਂ ਨੂੰ ਆਪਣੀ ਵੀ ਅਸਫਲਤਾ ਲੱਗਦੀ ਹੈ| ਉਨ੍ਹਾਂ ਨੂੰ ਉਨ੍ਹਾਂ ਦਾ ਆਪਣਾ ਸੁਫ਼ਨਾ ਵੀ ਟੁੱਟਦਾ ਦਿਸਦਾ ਹੈ| ਪਰ ਇਹ ਸਮਾਂ ਆਪਣੇ ਸਪੁਨਿਆਂ ਲਈ ਨਹੀਂ ਬਲਕਿ ਬੱਚਿਆਂ ਦੀ ਸਲਾਮਤੀ ਲਈ ਸੋਚਣ ਦਾ ਹੁੰਦਾ ਹੈ|
ਅਸਫਲਤਾ ਹਿੱਸੇ ਆਏ ਜਾਂ ਸਫਲਤਾ ਮਿਲੇ, ਜੀਵਨ ਗਤੀਸ਼ੀਲ ਰਹਿੰਦਾ ਹੈ| ਹਰ ਹਾਲਤ ਵਿੱਚ ਆਪਣੇ ਬੱਚਿਆਂ ਦਾ ਹੱਥ ਫੜੇ ਰੱਖਣਾ ਮਾਪਿਆਂ ਦਾ ਫਰਜ ਵੀ ਹੈ ਅਤੇ ਅਜੋਕੇ ਸਮੇਂ ਦੀ ਲੋੜ ਵੀ| ਉਨ੍ਹਾਂ ਦਾ ਇਹ ਸਾਥ ਬੱਚਿਆਂ ਵਿੱਚ ਸਕਾਰਾਤਮਕਤਾ ਭਰਦਾ ਅਤੇ ਉਨ੍ਹਾਂ ਨੂੰ ਸਾਰਥਕ ਜਿੰਦਗੀ ਵੱਲ ਮੁੜਨ ਦੀ ਸ਼ਕਤੀ ਦਿੰਦਾ ਹੈ| ਮਾਪਿਆਂ ਦਾ ਭਾਵਨਾਤਮਕ ਸਹਾਰਾ ਬੱਚਿਆਂ ਨੂੰ ਗਲਤ ਕਦਮ ਚੁੱਕਣ ਤੋਂ ਬਚਾ ਸਕਦਾ ਹੈ| ਸਮਾਜ ਦੇ ਨਾਗਰਿਕਾਂ ਦੀ ਜਿੰਦਗੀ ਬਚਾ ਸਕਦਾ ਹੈ| ਪ੍ਰੀਖਿਆ ਨਤੀਜਾ ਆਉਣ ਦਾ ਸਮਾਂ, ਦਰਅਸਲ ਬੱਚਿਆਂ ਤੋਂ ਜ਼ਿਆਦਾ ਮਾਪਿਆਂ ਦੀ ਪ੍ਰੀਖਿਆ ਦਾ ਸਮਾਂ ਹੁੰਦਾ ਹੈ| ਮੋਨਿਕਾ ਸ਼ਰਮਾ

Leave a Reply

Your email address will not be published. Required fields are marked *