ਵੱਧ ਰਹੀਆਂ ਕੀਮਤਾਂ ਕਾਰਨ ਜਨਤਾ ਵਿੱਚ ਰੋਸ

ਪੈਟਰੋਲ, ਡੀਜਲ ਅਤੇ ਬਿਨਾਂ ਸਬਸਿਡੀ ਵਾਲੀ ਰਸੋਈ ਗੈਸ ਦੇ ਮੁੱਲਾਂ ਵਿੱਚ ਲਗਾਤਾਰ ਵਾਧਾ ਜੇਕਰ ਦੇਸ਼ਵਿਆਪੀ ਚਿੰਤਾ ਦਾ ਵਿਸ਼ਾ ਹੈ, ਤਾਂ ਇਹ ਅਕਾਰਣ ਨਹੀਂ ਹੈ| ਇਸ ਨਾਲ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਕੋਈ ਵੀ ਮਹਿਸੂਸ ਕਰ ਸਕਦਾ ਹੈ| ਕਾਂਗਰਸ ਨੇ ਇਸਦੇ ਖਿਲਾਫ ਪੂਰੇ ਦੇਸ਼ ਵਿੱਚ ਸੜਕਾਂ ਉਤੇ ਉਤਰਨ ਦਾ ਐਲਾਨ ਕਰਕੇ ਜਤਾ ਦਿੱਤਾ ਹੈ ਕਿ ਉਹ ਸਰਕਾਰ ਨੂੰ ਘੇਰਣ ਲਈ ਤਿਆਰ ਹੋ ਰਹੀ ਹੈ| ਹਾਲਾਂਕਿ ਜਦੋਂ ਉਹ ਸੱਤਾ ਵਿੱਚ ਸੀ, ਉਹ ਵੀ ਵੱਧਦੀਆਂ ਕੀਮਤਾਂ ਉਤੇ ਕਾਬੂ ਨਹੀਂ ਕਰ ਪਾਈ ਸੀ| ਪਰ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਭਾਜਪਾ ਇਸੇ ਤਰ੍ਹਾਂ ਉਸਨੂੰ ਵਿਰੋਧ ਦਾ ਮੁੱਦਾ ਬਣਾਉਂਦੀ ਰਹੀ| ਉਂਝ ਰਾਜਨੀਤਿਕ ਵਿਰੋਧ ਪ੍ਰਦਸ਼ਰਨ ਹੁਣ ਪ੍ਰਤੀਕਾਤਮਕ ਹੋ ਗਿਆ ਹੈ| ਸਰਕਾਰਾਂ ਆਮ ਤੌਰ ਤੇ ਵਿਰੋਧੀ ਪਾਰਟੀਆਂ ਦੇ ਅਜਿਹੇ ਪ੍ਰਦਸ਼ਰਨਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੀਆਂ| ਕਾਰਨ ਸਾਫ ਹੈ| ਕੋਈ ਵੀ ਰਾਜਨੀਤਿਕ ਦਲ ਹੁਣ ਲੰਬੇ ਸਮੇਂ ਤੱਕ ਅੰਦੋਲਨ ਨਹੀਂ ਕਰਦਾ| ਪਰ ਕੇਂਦਰ ਸਰਕਾਰ ਨੂੰ ਇਹ ਸਮਝਣਾ ਪਵੇਗਾ ਕਿ ਇਸ ਨਾਲ ਦੇਸ਼ਵਿਆਪੀ ਅਸੰਤੋਸ਼ ਪੈਦਾ ਹੋ ਰਿਹਾ ਹੈ| ਸਰਕਾਰ ਹੁਣੇ ਤੱਕ ਲੋਕਾਂ ਦੇ ਗਲੇ ਵਿੱਚ ਇਹ ਗੱਲ ਉਤਾਰਣ ਵਿੱਚ ਸਫਲ ਨਹੀਂ ਹੈ ਕਿ ਵੱਧਦੇ ਮੁੱਲਾਂ ਨੂੰ ਘਟਾਉਣਾ ਉਸਦੇ ਵਸ ਦੀ ਗੱਲ ਨਹੀਂ ਹੈ| ਇਹ ਸੱਚ ਹੈ ਕਿ ਅੰਤਰਰਾਸ਼ਟਰੀ ਪੱਧਰ ਉਤੇ ਮੁੱਲਾਂ ਵਿੱਚ ਵਾਧਾ ਅਤੇ ਓਪੇਕ ਦੇਸ਼ਾਂ ਵੱਲੋਂ ਉਤਪਾਦਨ ਨਾ ਵਧਾਉਣਾ ਇਸਦੇ ਮੁੱਖ ਕਾਰਨ ਹੈ| ਇਸ ਕਾਰਨ ਦੇ ਉਪ ਕਾਰਣ ਕਈ ਹਨ| ਉਨ੍ਹਾਂ ਉਤੇ ਭਾਰਤ ਦਾ ਕੋਈ ਵਸ ਨਹੀਂ| ਹਾਲਾਂਕਿ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਰਿਹਾ ਹੈ, ਇਸ ਲਈ ਇਸ ਦਾ ਵੀ ਅਸਰ ਹੈ| ਇਸ ਦੇ ਨਾਲ ਇਹ ਵੀ ਸੱਚ ਹੈ ਕਿ ਕੇਂਦਰ ਅਤੇ ਰਾਜਾਂ ਦਾ ਉਤਪਾਦ ਕਰ ਵੀ ਇਸ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ| ਕੇਂਦਰ ਨੇ ਤਾਂ ਉਤਪਾਦ ਕਰ ਘਟਾਉਣ ਤੋਂ ਹੱਥ ਖੜਾ ਕੀਤਾ ਹੀ ਹੈ, ਕੋਈ ਰਾਜ ਵੀ ਆਪਣੇ ਵੱਲੋਂ ਇਸਨੂੰ ਘੱਟ ਕਰਨ ਨੂੰ ਤਿਆਰ ਨਹੀਂ ਹੈ| ਮਜੇ ਦੀ ਗੱਲ ਵੇਖੋ ਕਿ ਜੋ ਰਾਜ ਆਪ ਉਤਪਾਦ ਕਰ ਘਟਾਉਣ ਲਈ ਤਿਆਰ ਨਹੀਂ ਹੈ, ਉਹ ਵੀ ਕੇਂਦਰ ਦੀ ਆਲੋਚਨਾ ਕਰ ਰਹੇ ਹਨ| ਅਸਲ ਵਿੱਚ ਕੀਮਤ ਇੱਕ ਹੀ ਹਾਲਤ ਵਿੱਚ ਘੱਟ ਹੋ ਸਕਦੀ ਹੈ, ਜਦੋਂ ਰਾਜ ਅਤੇ ਕੇਂਦਰ, ਦੋਵੇਂ ਉਤਪਾਦ ਕਰ ਘੱਟ ਕਰਨ| ਇਹ ਕਹਿਣਾ ਆਸਾਨ ਹੈ ਪਰ ਇਸ ਨਾਲ ਵਿੱਤੀ ਹਾਲਤ ਅਸੰਤੁਲਿਤ ਹੋਣ ਦਾ ਖ਼ਤਰਾ ਹੈ| ਰਾਜਾਂ ਦੀ ਕਮਾਈ ਦਾ ਇੱਕ ਮੁੱਖ ਸਰੋਤ ਪੈਟਰੋਲ ਅਤੇ ਡੀਜਲ ਤੋਂ ਮਿਲਣ ਵਾਲਾ ਉਤਪਾਦ ਕਰ ਹੈ| ਜੋ ਇਸਨੂੰ ਜੀਐਸਟੀ ਦੇ ਅਨੁਸਾਰ ਲਿਆਉਣ ਦੀ ਮੰਗ ਕਰ ਰਹੇ ਹਨ ਉਹ ਭੁੱਲ ਰਹੇ ਹਨ ਕਿ ਕੋਈ ਰਾਜ ਇਸਦੇ ਲਈ ਤਿਆਰ ਨਹੀਂ ਹੈ| ਜੀਐਸਟੀ ਪਰਿਸ਼ਦ ਵਿੱਚ ਸਾਰੇ ਫੈਸਲੇ ਸਰਵਸੰਮਤੀ ਨਾਲ ਹੁੰਦੇ ਹਨ| ਇਸ ਲਈ ਇਸਦੀ ਸੰਭਾਵਨਾ ਬਿਲਕੁੱਲ ਨਹੀਂ ਹੈ| ਰਾਜਨੀਤੀ ਲਈ ਕੋਈ ਦਲ ਜਾਂ ਨੇਤਾ ਅਜਿਹਾ ਬਿਆਨ ਭਾਵੇਂ ਦੇ ਦੇਣ, ਉਹ ਵੀ ਸਰਕਾਰ ਵਿੱਚ ਹੋਣ ਉਤੇ ਅਜਿਹਾ ਨਹੀਂ ਕਰ ਪਾਵੇਗਾ| ਪਰ ਕੇਂਦਰ ਸਰਕਾਰ ਨੂੰ ਜਨਤਾ ਦੇ ਕੋਪਭਾਜਨ ਤੋਂ ਬਚਣਾ ਹੈ ਤਾਂ ਉਸਨੂੰ ਕੁੱਝ ਨਾ ਕੁੱਝ ਕਰਨਾ ਹੀ ਪਵੇਗਾ|
ਪ੍ਰਵੀਨ ਵਰਮਾ

Leave a Reply

Your email address will not be published. Required fields are marked *