ਸ਼ਕੀਲਾ ਬੇਗਮ ਦੀ ਮੌਤ ਦੇ ਮਾਮਲੇ ਵਿੱਚ ਸਿਵਲ ਹਸਪਤਾਲ ਦੀ ਕਾਰਜਗੁਜਾਰੀ ਤੇ ਉਠੇ ਸਵਾਲ

ਸ਼ਕੀਲਾ ਬੇਗਮ ਦੀ ਮੌਤ ਦੇ ਮਾਮਲੇ ਵਿੱਚ ਸਿਵਲ ਹਸਪਤਾਲ ਦੀ ਕਾਰਜਗੁਜਾਰੀ ਤੇ ਉਠੇ ਸਵਾਲ
ਆਰ ਪੀ ਸ਼ਰਮਾ ਵੱਲੋਂ ਉਚ ਪੱਧਰੀ ਜਾਂਚ ਦੀ ਮੰਗ
ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਬੀਤੇ ਕੱਲ੍ਹ ਫੇਜ਼-6 ਦੀ ਵਸਨੀਕ ਮਹਿਲਾ ਸ਼ਕੀਲਾ ਬੇਗਮ ਦੀ ਡੇਂਗੂ ਦੀ ਬਿਮਾਰੀ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਸਥਾਨਕ ਫੇਜ਼-6 ਦੇ ਸਿਵਲ ਹਸਪਤਾਲ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ| ਇਸ ਮਹਿਲਾ ਨੂੰ ਪੰਜ ਛੇ ਦਿਨ ਪਹਿਲਾਂ  ਬੁਖਾਰ ਦੀ ਸ਼ਿਕਾਇਤ ਹੋਣ ਤੇ ਪਰਿਵਾਰ ਵੱਲੋਂ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਪਹਿਲਾਂ ਤਾਂ ਉਸ ਦਾ ਇਲਾਜ ਕੀਤਾ  ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲੇਜ ਅਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਕੱਲ੍ਹ ਤੜਕਸਾਰ  ਉਸ ਦੀ ਮੌਤ ਹੋ ਗਈ ਸੀ|
ਇਸ ਸਬੰਧੀ ਬੀਤੇ ਕੱਲ੍ਹ ਸਕਾਈ ਹਾਕ ਵਿੱਚ ਖਬਰ ਪ੍ਰਕਾਸ਼ਿਤ ਹੋਣ ਉਪਰੰਤ ਸਿਵਲ ਸਰਜਨ ਸ੍ਰੀਮਤੀ ਰੀਟਾ ਭਾਰਵਾਜ ਵੱਲੋਂ ਪਹਿਲਾਂ ਤਾਂ ਇਸ ਪੱਤਰਕਾਰ ਨੂੰ ਫੋਨ ਕਰਕੇ ਕਿਹਾ ਗਿਆ ਕਿ ਇਸ ਨਾਮ ਦਾ ਕੋਈ ਮਰੀਜ ਹਸਪਤਾਲ ਵਿੱਚ ਆਇਆ ਹੀ ਨਹੀਂ ਸੀ| ਬਾਅਦ ਵਿੱਚ ਹਸਪਤਾਲ ਦੀ ਐਮਰਜੈਂਸੀ ਵਿੱਚ ਤੈਨਾਤ ਡਾਕਟਰ ਵੱਲੋਂ ਇਹ ਦੱਸਿਆ ਕਿ ਉਸ ਮਹਿਲਾ ਨੂ ੰਹਸਪਤਾਲ ਵਿੱਚੋਂ ਰੈਫਰ ਕਰਨ ਦਾ ਕਾਰਨ ਇਹ ਸੀ ਕਿ ਮਰੀਜ ਦਾ ਟੀ ਐਲ ਸੀ ਲੈਵਲ 43000 ਤੇ ਪਹੁੰਚ ਗਿਆ ਸੀ ਅਤੇ ਉਸ ਦੀ ਹਾਲਤ ਗੰਭੀਰ ਸੀ| ਮਰੀਜ ਨੂੰ ਡੇਂਗੂ ਹੋਣ ਬਾਰੇ ਸਿਵਲ ਹਸਪਤਾਲ ਦੇ ਡਾਕਟਰ ਕੁੱਝ ਵੀ ਨਹੀਂ ਦੱਸਦੇ|
ਦੂਜੇ ਪਾਸੇ ਫੇਜ਼-6 ਦੇ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਕਹਿੰਦੇ ਹਨ ਕਿ ਇਸ ਪੂਰੇ ਮਾਮਲੇ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਝਲਕਦੀ ਹੈ| ਉਹਨਾਂ ਦੱਸਿਆ ਕਿ ਮਰੀਜ ਦੇ ਪਰਿਵਾਰ ਵੱਲੋਂ ਮਰੀਜਾਂ ਦਾ ਇੱਕ ਨਿੱਜੀ ਲੈਬਾਰਟਰੀ ਤੋਂ ਵੀ ਟੈਸਟ ਕਰਵਾਇਆ ਗਿਆ ਸੀ ਅਤੇ ਉਸ ਵਿੱਚ ਡੇਂਗੂ ਦੀ ਰਿਪੋਰਟ ਪਾਜੀਟਿਵ ਆਈ ਸੀ| ਜਿਹੜੀ ਫੇਜ਼-6 ਦੇ ਡਾਕਟਰਾਂ ਨੂੰ ਦਿਤੀ ਗਈ ਸੀ| ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿਵਲ ਸਰਜਨ ਕਹਿੰਦੇ ਹਨ ਕਿ ਮਰੀਜ ਦਾ ਸੈਂਪਲ ਡੇਂਗੂ ਟੈਸਟ ਲਈ ਭੇਜਿਆ ਸੀ ਫਿਰ ਮਰੀਜ ਦੀ ਮੌਤ ਹੋਣ ਤੱਕ ਉਸਦੀ ਰਿਪੋਰਟ ਕਿਉਂ ਨਹੀਂ ਆਈ| ਕੀ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਇੰਨੈ ਢਿੱਲੇ ਤਰੀਕੇ ਨਾਲ ਕੰਮ ਕਰਦਾ ਹੈ ਕਿ ਮਰੀਜ ਦੇ ਖੂਨ ਦੀ ਰਿਪੋਰਟ ਆਉਣ ਤੱਕ ਮਰੀਜ ਹੀ ਪੂਰਾ ਹੋ ਜਾਂਦਾ ਹੈ|
ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਮਹਿਲਾ ਦੀ ਮੌਤ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਪਰਵਾਹੀ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ|
ਇਸ ਸੰਬੰਧੀ ਸਿਵਲ ਸਰਜਨ ਨਾਲ ਤਾਂ ਸੰਪਰਕ ਨਹੀਂ ਹੋਇਆ ਪਰ ਸਿਵਲ ਹਸਪਤਾਲ ਦੇ ਐਸ ਐਮ ਓ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਮਹਿਲਾ ਨੂੰ ਡੇਂਗੂ ਹੋਣ ਬਾਰੇ ਉਹਨਾਂ ਕੋਲ ਪੁਖਤਾਂ ਜਾਣਕਾਰੀ ਨਹੀਂ ਹੈ| ਹਾਂ ਮ੍ਰਿਤਕ ਦੇ ਸਰੀਰ ਵਿੱਚ ਇੰਨਫੈਕਸ਼ਨ ਕਾਫੀ ਵੱਧ ਗਿਆ ਸੀ ਅਤੇ ਇਸ ਵਾਸਤੇ ਡਿਊਟੀ ਡਾਕਟਰ ਵੱਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਮੁੱਖ ਰੱਖਦਿਆਂ ਉਸਨੂੰ ਸੈਕਟਰ-32 ਦੇ ਹਸਪਤਾਲ ਰੈਫਰ ਕੀਤਾ ਗਿਆ ਸੀ ਅਤੇ ਇਸ ਵਿੱਚ ਲਾਪਰਵਾਹੀ ਵਾਲੀ ਕੋਈ ਗੱਲ ਨਹੀਂ ਹੈ|

Leave a Reply

Your email address will not be published. Required fields are marked *