ਸ਼ਰਾਬ ਫੈਕਟਰੀ ਵਿਚੋਂ ਫੈਲਦੇ ਪ੍ਰਦੂਸ਼ਨ ਕਾਰਨ ਲੋਕ ਪ੍ਰੇਸ਼ਾਨ

ਸ਼ਰਾਬ ਫੈਕਟਰੀ ਵਿਚੋਂ ਫੈਲਦੇ ਪ੍ਰਦੂਸ਼ਨ ਕਾਰਨ ਲੋਕ ਪ੍ਰੇਸ਼ਾਨ

ਸ਼ਰਾਬ ਫੈਕਟਰੀ ਵਿਚੋਂ ਨਿਕਲਦੀਆਂ ਜਹਿਰੀਲੀਆਂ ਗੈਸਾਂ ਕਾਰਨ ਲੋਕ ਹੋ ਰਹੇ ਨੇ ਬਿਮਾਰ, ਪ੍ਰਦੂਸ਼ਨ ਕੰਟਰੋਲ ਵਿਭਾਗ ਕੁੰਭਕਰਨੀ ਨੀਂਦ ਸੁੱਤਾ
ਡੇਰਾਬੱਸੀ, 3 ਅਕਤੂਬਰ (ਦੀਪਕ ਸ਼ਰਮਾ) ਡੇਰਾਬੱਸੀ ਇਲਾਕੇ ਵਿਚ ਦਿਨੋਂ ਦਿਨ ਪ੍ਰਦੂਸ਼ਨ ਵੱਧਦਾ ਜਾ ਰਿਹਾ ਹੈ, ਪਰ ਪ੍ਰਦੂਸ਼ਨ ਕੰਟਰੋਲ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ| ਇਸ ਤੋਂ ਇਲਾਵਾ ਡੇਰਾਬੱਸੀ ਨੇੜੇ ਪਿੰਡ ਹਰੀਪੁਰ ਹਿੰਦੂਆ ਵਿਖੇ ਲੱਗੀ ਰਾਜਸਥਾਨੀ ਲਿਕਰ ਨਾਮ ਦੀ ਸ਼ਰਾਬ ਫੈਕਟਰੀ ਵਿਚੋਂ ਵੀ ਬਹੁਤ ਵੱਡੇ ਪੱਧਰ ਉਪਰ ਪ੍ਰਦੂਸ਼ਨ ਫੈਲ ਰਿਹਾ ਹੈ| ਇਸ ਫੈਕਟਰੀ ਵਿਚੋਂ ਜੋ ਗੈਸਾਂ ਨਿਕਲਦੀਆਂ ਹਨ, ਉਹ ਲੋਕਾਂ ਦੀ ਸਿਹਤ ਲਈਨੁਕਸਾਨਦੇਹ ਹਨ| ਇਹਨਾਂ ਖਤਰਨਾਕ ਗੈਸਾਂ ਕਾਰਨ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ, ਜੋੜਾਂ ਦੀਆਂ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਹੋ ਰਹੀਆਂ ਹਨ| ਇਸ ਫੈਕਟਰੀ ਵਲੋਂ ਜੋ ਪ੍ਰਦੂਸਨ ਰੋਕੂ ਯੰਤਰ ਲਗਾਏ ਹੋਏ ਹਨ ਉਹ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕਰ ਰਹੇ, ਜਿਸ ਕਾਰਨ ਇਸ ਫੈਕਟਰੀ ਵਿਚੋਂ ਬਹੁਤ ਵੱਡੇ ਪੱਧਰ ਉਪਰ ਪ੍ਰਦੂਸਨ ਫੈਲਾਇਆ ਜਾ ਰਿਹਾ ਹੈ| ਇਸ ਇਲਾਕੇ ਵਿਚ ਰਹਿੰਦੇ ਵਿਅਕਤੀਆਂ ਕਰਨਲ ਅਜੀਤ ਸਿੰਘ, ਰਾਜੇਸ ਸ਼ਰਮਾ, ਮੋਹਿਤ ਕੁਮਾਰ ਅਤੇ ਹੋਰਨਾਂ ਨੇ ਦਸਿਆ ਕਿ ਡੇਰਾਬੱਸੀ ਯੂਨਿਟ ਵਿਚ ਬਹੁਤ ਜ਼ਿਆਦਾ ਪ੍ਰਦੂਸ਼ਨ ਫੈਲ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਪ੍ਰਦੂਸਨ ਕੰਟਰੋਲ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਪ੍ਰਦੂਸਨ ਕੰਟਰੋਲ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ| ਇਸ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸਨ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ| ਇਸ ਮੌਕੇ ਰਿਟਾ ਮੇਜਰ ਅਸ਼ਵਨੀ ਨੇ ਕਿਹਾ ਕਿ ਜੇ ਇਸ ਫੈਕਟਰੀ ਦੇ ਨੇੜਿਓਂ ਕੋਈ ਬਜੁਰਗ ਵਿਅਕਤੀ ਲੰਘਦਾ ਹੈ ਤਾਂ ਫੈਕਟਰੀ ਦੇ ਪ੍ਰਦੂਸਨ ਕਾਰਨ ਉਸਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ ਅਤੇ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ| ਇਸ ਫੈਕਟਰੀ ਵਿਚ ਨਿਕਲਦੇ ਧੂੰਏ ਵਿਚ ਜਹਿਰੀਲੀਆਂ ਗੈਸਾਂ ਮਿਲੀਆਂ ਹੁੰਦੀਆਂ ਹਨ ਅਤੇ ਇਸ ਫੈਕਟਰੀ ਵਿਚੋਂ ਬਹੁਤ ਬਦਬੂ ਵੀ ਆਉਂਦੀ ਹੈ| ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਸਾਰੇ ਇਕਠੇ ਹੋ ਕੇ ਦਿੱਲੀ ਵਿਚ ਨੈਸ਼ਨਲ ਗਰੀਨ ਟ੍ਰਿਬਿਊਨਲ ਵਿਚ ਜਾਣਗੇ ਅਤੇ ਆਪਣੀ ਸਮਸਿਆ ਦਸਣਗੇ|
ਜਦੋਂ ਇਸ ਸਬੰਧੀ ਇਸ ਪੱਤਰਕਾਰ ਨੇ ਸ਼ਰਾਬ ਫੈਕਟਰੀ ਰਾਜਸਥਾਨ ਲਿਕਰ ਦੇ ਐਮ ਡੀ ਰਾਕੇਸ਼ ਛਾਬੜਾ ਨਾਲ ਫੋਨ ਉਪਰ ਗਲ ਕਰਨੀ ਚਾਹੀ ਤਾਂ ਉਹਨਾਂ ਫੋਨ ਹੀ ਨਹੀਂ ਚੁਕਿਆ ਜਦੋਂ ਫੈਕਟਰੀ ਜਾ ਕੇ ਉਹਨਾਂ ਨੂੰ ਮਿਲਣਾ ਚਾਹਿਆ ਤਾਂ ਗੇਟ ਉਪਰ ਖੜੇ ਵਿਅਕਤੀ ਨੇ ਕਹਿ ਦਿਤਾ ਕਿ ਉਹ ਬਿਜੀ ਹਨ ਅਤੇ ਨਹੀਂ ਮਿਲ ਸਕਦੇ|
ਜਦੋਂ ਇਸ ਸਬੰਧੀ ਪ੍ਰਦੂਸਨ ਕੰਟਰੋਲ ਬੋਰਡ ਦੇ ਐਕਸੀਅਨ ਲਵਨੀਤ ਦੂਬੇ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਜਦੋਂ ਉਹਨਾਂ ਨੂੰ ਪਿੰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਇਸ ਸਮਸਿਆ ਨੂੰ ਹੱਲ ਕਰਨ ਦਾ ਕੋਈ ਤਸੱਲੀਬਖਸ ਜਵਾਬ ਨਹੀਂ ਦਿੱਤਾ ਅਤੇ ਫੋਨ ਕੱਟ ਦਿੱਤਾ|
ਇਸ ਸਬੰਧੀ ਜਦੋਂ ਪ੍ਰਦੂਸਨ ਕੰਟਰੋਲ ਬੋਰਡ ਦੇ ਚੇਅਰਮੈਨ ਕੇ ਐਸ ਪੰਨੂੰ ਨਾਲ ਫੋਨ ਉਪਰ ਗਲ ਕੀਤੀ ਤਾਂ ਉਹਨਾਂ ਵੀ ਗਲ ਸੁਣ ਕੇ ਕੋਈ ਜਵਾਬ ਨਹੀਂ ਦਿਤਾ ਅਤੇ ਫੋਨ ਹੀ ਕੱਟ ਦਿਤਾ|

Leave a Reply

Your email address will not be published. Required fields are marked *