ਸ਼ਹਿਰਾਂ ਨਾਲੋਂ ਪਿੰਡਾਂ ਵਿਚ ਚੋਣ ਮਾਹੌਲ ਵਧੇਰੇ ਭਖਿਆ ਸ਼ਹਿਰੀਆਂ ਨਾਲੋਂ ਪੇਂਡੂ ਲੋਕ ਚੋਣਾਂ ਵਿਚ ਵਧੇਰੇ ਦਿਖਾ ਰਹੇ ਨੇ ਦਿਲਚਸਪੀ

ਐਸ ਏ ਐਸ ਨਗਰ, 11 ਜਨਵਰੀ ( ਸ.ਬ.) ਪੰਜਾਬ ਵਿਧਾਨ ਸਭਾ ਦੀਆਂ ਚੌਣਾਂ 4 ਫਰਵਰੀ ਨੂੰ ਹੋਣ ਜਾ ਰਹੀਆਂ ਹਨ, ਇਸ ਲਈ ਸਾਰੀਆਂ ਹੀ ਪਾਰਟੀਆਂ ਨੇ ਜੋਰ ਅਜਮਾਈ ਕਰਨੀ ਸੁਰੂ ਕਰ ਦਿਤੀ ਹੈ| ਇਸਦੇ ਬਾਵਜੂਦ ਪੰਜਾਬ ਵਿਚ ਚੋਣ ਮਾਹੌਲ ਪੂਰੀ ਤਰਾਂ ਭੱਖ ਗਿਆ ਹੈ |
ਇਹ ਦੇਖਣ ਵਿਚ ਆ ਰਿਹਾ ਹੈ ਕਿ ਸ਼ਹਿਰੀ ਵੋਟਰਾਂ ਦੀ ਥਾਂ ਪੇਂਡੂ ਵੋਟਰ ਚੋਣਾਂ ਸਬੰਧੀ ਵਧੇਰੇ ਦਿਲਚਸਪੀ ਦਿਖਾ ਰਹੇ ਹਨ| ਪਿੰਡਾਂ ਵਿਚ ਤਾਂ ਥਾਂ ਥਾਂ ਵੱਖ ਵੱਖ ਉਮੀਦਵਾਰਾਂ ਦੇ ਝੰਡੇ, ਬੈਨਰ ਤੇ ਬੋਰਡ ਆਦਿ ਲਗਾਏ ਹੋਏ ਹਨ| ਪਿੰਡਾਂ ਵਿਚ ਤਾਂ ਲੋਕਾਂ ਨੇ ਆਪਣੇ ਘਰਾਂ ਉਪਰ ਵੀ ਵੱਖ ਵੱਖ ਪਾਰਟੀਆਂ ਦੀਆਂ ਝੰਡੀਆਂ ਲਗਾਈਆਂ ਹੋਈਆਂ ਹਨ| ਕਈ ਲੋਕਾਂ ਨੇ ਤਾਂ ਦੋ ਦੋ ਪਾਰਟੀਆਂ ਦੀਆਂ ਹੀ ਝੰਡੀਆਂ ਆਪਣੇ ਘਰਾਂ ਉਪਰ ਲਗਾ ਦਿਤੀਆਂ ਹਨ|  ਪਿੰਡਾਂ ਵਿਚ ਤਾਂ ਧੁੱਪ ਸੇਕਦੇ ਲੋਕ ਅਤੇ ਸੱਥਾਂ ਵਿਚ ਬੈਠੇ ਲੋਕ ਵੀ ਹੁਣ ਚੋਣਾਂ ਸਬੰਧੀ ਚਰਚਾ ਕਰ ਰਹੇ ਹਨ | ਇਸਦੇ ਨਾਲ ਹੀ ਵੱਖ ਵੱਖ ਉਮੀਦਵਾਰਾਂ ਵਲੋ ਵੱਖ ਵੱਖ ਪਿੰਡਾਂ ਵਿਚ ਜਾ ਕੇ ਆਪਣੇ ਚੋਣ ਪ੍ਰਚਾਰ ਨੂੰ ਤੇਜ ਕੀਤਾ ਜਾ ਰਿਹਾ ਹੈ| ਦੂਜੇ ਪਾਸੇ ਸਹਿਰਾਂ ਵਿਚ ਚੋਣ ਪ੍ਰਚਾਰ ਅਜੇ ਠੰਡਾ ਹੀ ਹੈ| ਭਾਵੇਂ ਕਿ ਟਾਵੇਂ ਟਾਵੇਂ ਰਿਕਸ਼ੇ ਵਾਲੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਦੇ ਵਿਖਾਈ ਦਿੰਦੇ ਹਨ ਪਰ ਸ਼ਹਿਰਾਂ ਵਿਚ ਲੋਕ ਨਾਂਹ ਦੇ ਬਰਾਬਰ ਹੀ ਚੋਣਾਂ ਸਬੰਧੀ ਚਰਚਾ ਕਰ ਰਹੇ ਹਨ| ਅਸਲ ਵਿਚ ਸ਼ਹਿਰਾਂ ਵਿਚ ਵੱਡੀ ਗਿਣਤੀ ਲੋਕ ਦੁਕਾਨਦਾਰ ਤੇ ਵਪਾਰੀ ਹਨ ਤੇ ਇਹ ਸਾਰੇ ਵਰਗ ਨੋਟਬੰਦੀ ਕਾਰਨ ਉਲਝੇ ਪਏ ਹਨ, ਜਿਸ ਕਰਕੇ ਇਹਨਾਂ ਦਾ ਵਪਾਰ ਮੰਦਾ ਪੈ ਗਿਆ ਹੈ ਅਤੇ ਮੰਦੇ ਦੇ ਇਸ ਹਾਲਤ ਵਿਚ ਇਹ ਲੋਕ ਚੋਣਾਂ ਸਬੰਧੀ ਕੋਈ ਦਿਲਚਸਪੀ ਨਹੀਂ ਦਿਖਾ ਰਹੇ| ਫਿਰ ਵੀ ਵੱਖ ਵੱਖ ਮਾਰਕੀਟਾਂ ਵਿਚ ਚਾਹ ਦੀਆਂ ਦੁਕਾਨਾਂ ਅਤੇ ਹੋਰ ਢਾਬਿਆਂ ਉਪਰ ਇਕਠੇ ਹੋਏ ਲੋਕ ਜਰੂਰ ਕਦੇ ਕਦਾਈਂ ਚੋਣਾਂ ਸਬੰਧੀ ਕੋਈ ਗਲ ਬਾਤ ਕਰ ਲੈਂਦੇ ਹਨ| ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਸ਼ਹਿਰਾਂ ਵਿਚ ਅਜੇ ਪੂਰੀ ਤਰਾਂ ਚੋਣ ਮਾਹੌਲ ਨਹੀਂ ਬਣਿਆ|
ਵੱਖ ਵੱਖ ਹਲਕਿਆਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਦਾ ਵੀ ਪਿੰਡਾਂ ਵਿਚ ਹੀ ਚੋਣ ਪ੍ਰਚਾਰ ਕਰਨ ਵਲ ਜਿਆਦਾ ਜੋਰ ਹੈ ਕਿਉਂਕਿ ਪੇਂਡੂ ਲੋਕਾਂ ਦੀਆਂ ਵੋਟਾਂ ਹੀ ਹਰ ਉਮੀਦਵਾਰਾਂ ਦੀ ਜਿਤ ਹਾਰ ਦਾ ਫੈਸਲਾ ਕਰ ਦਿੰਦੀਆਂ ਹਨ| ਪੇਂਡੂ ਲੋਕ ਚੋਣਾਂ ਵਿਚ ਹਿਸਾ ਵੀ ਉਤਸਾਹ ਨਾਲ ਲੈਂਦੇ ਹਨ ਅਤੇ ਹੁੰਮ ਹੁੰਮਾ ਕੇ ਵੋਟਾਂ ਪਾਉਣ ਆਉਂਦੇ ਹਨ| ਦੂਜੇ ਪਾਸੇ ਅਨੇਕਾਂ ਸ਼ਹਿਰੀ ਵੋਟਰ ਵੋਟ ਪਾਉਣ ਸਬੰਧੀ ਉਦਾਸੀਨ ਹੀ ਰਹਿੰਦੇ ਹਨ| ਆਉਣ ਵਾਲੇ ਦਿਨਾਂ ਵਿਚ ਪਿੰਡਾਂ ਦੇ ਨਾਲ ਸ਼ਹਿਰਾਂ ਵਿਚ ਵੀ ਚੋਣ ਪ੍ਰਚਾਰ ਤੇਜ ਹੋਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *