ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਪੱਕੇ ਟਿਕਾਣੇ ਬਣਾਉਣ ਵਾਲੇ ਮੁਜਰਮਾਂ ਨੂੰ ਕਾਬੂ ਕਰਨਾ ਪੁਲੀਸ ਦੀ ਜਿੰਮੇਵਾਰੀ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਦਾ ਕਾਫੀ ਵਿਕਾਸ ਹੋਇਆ ਹੈ| ਇਸ ਦੌਰਾਨ ਇੱਥੇ ਵੱਖ ਵੱਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਵਲੋਂ ਆਪਣੇ ਪ੍ਰੋਜੈਕਟ ਸਥਾਪਿਤ ਕੀਤੇ ਗਏ ਹਨ ਅਤੇ ਇਸਦੇ ਨਾਲ ਨਾਲ ਇਸ ਪੂਰੇ  ਖੇਤਰ ਵਿੱਚ ਕਈ ਵੱਡੇ ਵਿਦਿਅਕ ਅਦਾਰਿਆਂ ਵਲੋਂ ਆਪਣੇ ਕੈਂਪਸ ਬਣਾਏ ਗਏ ਹਨ ਜਿਸ ਨਾਲ ਇਹ ਪੂਰਾ ਖੇਤਰ ਵਿਦਿਆ ਦੇ ਇੱਕ ਅਜਿਹੇ ਕੇਂਦਰ ਦੇ ਰੂਪ ਵਿਚ ਤਬਦੀਲ ਹੋ ਚੁੱਕਿਆ ਹੈ ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਸਿਖਿਆ ਹਾਸਿਲ ਕਰਦੇ ਹਨ|
ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਸਥਾਪਿਤ ਹੋਣ ਵਾਲੇ ਇਹਨਾਂ ਅਦਾਰਿਆਂ ਦੇ ਕੰਮ ਕਰਨ ਨਾਲ ਇਸ ਪੂਰੇ ਖੇਤਰ ਵਿੱਚ ਅਜਿਹੇ ਵਿਅਕਤੀਆਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ ਜਿਹਨਾਂ ਵਲੋਂ ਕਿਸੇ ਹੋਰ ਥਾਂ ਤੋਂ ਆ ਕੇ ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਆਪਣੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ| ਇਸ ਦੌਰਾਨ ਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਸ਼ਹਿਰ ਵਿੱਚ ਆ ਕੇ ਵਸਣ ਵਾਲੇ ਇਹਨਾਂ ਲੋਕਾਂ ਦੀ ਆੜ ਹੇਠ ਇੱਥੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਲੋਂ ਵੀ ਆਪਣੇ ਪੱਕੇ ਟਿਕਾਣੇ ਕਾਇਮ ਕਰ ਲਏ ਗਏ ਹਨ ਜਿਹਨਾਂ ਵਲੋਂ ਸਮੇਂ ਸਮੇਂ ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਡਾ ਸ਼ਹਿਰ ਅਜਿਹੇ ਵਿਅਕਤੀਆਂ ਲਈ ਇੱਕ ਸੁਰਖਿਅਤ ਲੁਕਣਗਾਹ ਬਣ ਗਿਆ ਹੈ ਜਿਹੜੇ ਜਿਹੜੇ ਵੱਖ ਵੱਖ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਾਨੂੰਨ ਵਿਵਸਥਾ ਦੀ ਹਾਲਤ ਲਈ ਖਤਰਾ ਪੈਦਾ ਕਰਦੇ ਹਨ| ਇਸਦੀ ਬਾਨਗੀ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਲਗਾਤਾਰ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਤੋਂ ਮਿਲਦੀ ਹੈ ਜਿਹਨਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ| ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਡੀ ਪੁਲੀਸ ਫੋਰਸ ਅਤੇ ਪ੍ਰਸ਼ਾਸ਼ਨ ਇਸ ਸਮੱਸਿਆ ਤੋਂ ਬੇਖਬਰ ਹੈ| ਇਸ ਸੰਬੰਧੀ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਸਮੇਂ ਸਮੇਂ ਤੇ ਛਹਿਰ ਵਾਸੀਆਂ ਲਈ ਹਿਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਉਹ ਆਪਣੇ ਮਕਾਨਾਂ ਵਿੱਚ ਰਹਿਣ ਵਾਲੇ ਕਿਰਾਏਦਾਰਾਂ, ਪੇਇੰਗ ਗੈਸਟਾਂ ਅਤੇ ਘਰੇਲੂ ਨੌਕਰਾਂ ਬਾਰੇ ਪੂਰੀ ਜਾਣਕਾਰੀ ਆਪਣੇ ਖੇਤਰ ਦੇ ਪੁਲੀਸ ਥਾਣਿਆਂ ਵਿੱਚ ਦਰਜ ਕਰਵਾਉਣ| ਛਹਿਰ ਵਾਸੀਆਂ ਵਲੋਂ ਸੰਬੰਧਿਤ ਥਾਣਿਆਂ ਵਿੱਚ ਅਜਿਹੀ ਜਾਣਕਾਰੀ ਦਰਜ ਵੀ ਕਰਵਾਈ ਜਾਂਦੀ ਹੈ ਪਰੰਤੂ ਇਹ ਕਾਰਵਾਈ ਇੱਥੇ ਤਕ ਹੀ ਸੀਮਿਤ ਰਹਿੰਦੀ ਹੈ|
ਸੂਚਨਾ ਤਕਨਾਲੋਜੀ ਦੇ ਮੌਜੂਦਾ ਯੁਗ ਵਿੱਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਛਹਿਰ ਦੇ ਵਸਨੀਕਾਂ ਵਲੋਂ ਆਪਣੇ ਘਰਾਂ ਵਿੱਚ ਕਿਰਾਏ ਤੇ ਰਹਿਣ ਵਾਲੇ ਲੋਕਾਂ ਸੰਬੰਧੀ ਪੁਲੀਸ ਨੂੰ ਦਿੱਤੀ ਜਾਣ ਵਾਲੀ ਇਸ ਜਾਣਕਾਰੀ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਇਹਨਾਂ ਵਿਅਕਤੀਆਂ ਦੇ ਪਿਛਲੇ ਪਤੇ ਤੋਂ ਉਹਨਾਂ ਦੀ ਪਿਛਲੀ ਜਿੰਦਗੀ ਦਾ ਰਿਕਾਰਡ ਮੰਗਵਾ ਕੇ ਇਹਨਾਂ ਵਿੱਚੋਂ ਸਮਾਜ ਵਿਰੋਧੀ ਅਨਸਰਾਂ ਦੀ ਪਹਿਚਾਨ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਪਰੰਤੂ ਅਜਿਹਾ ਨਹੀਂ ਕੀਤਾ ਜਾਂਦਾ ਅਤੇ ਛਹਿਰ ਵਾਸੀਆਂ ਵਲੋਂ ਥਾਣਿਆਂ ਵਿੱਚ ਦਿੱਤੀ ਗਈ ਜਾਣਕਾਰੀ ਇਹਨਾਂ ਥਾਣਿਆਂ ਤਕ ਹੀ ਸਿਮਟ ਕੇ ਰਹਿ ਜਾਂਦੀ ਹੈ|
ਪੰਜਾਬ ਵਿਧਾਨਸਭਾ ਚੋਣਾ ਸਿਰ ਤੇ ਹਨ ਅਤੇ ਪੰਜਾਬ ਦਾ ਸਿਆਸੀ ਮਾਹੌਲ ਲਗਾਤਾਰ ਭਖ ਰਿਹਾ ਹੈ| ਅਜਿਹੇ ਭੀੜ ਭੜੱਕੇ ਵਾਲੇ ਮਾਹੌਲ ਵਿੱਚ ਸਮਾਜ ਵਿਰੋਧੀ ਅਨਸਰ ਹੋਰ ਵੀ ਸਰਗਰਮ ਹੋ ਜਾਂਦੇ ਹਨ| ਉਂਝ ਵੀ ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਲਗਾਤਾਰ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਨਾਲ ਇਹ ਗੱਲ ਜਾਹਿਰ ਹੁੰਦੀ ਹੈ ਕਿ ਅਪਰਾਧੀਆਂ ਵਿੱਚ ਕਾਨੂੰਨ ਵਿਵਸਥਾ ਦਾ ਡਰ ਪੂਰੀ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ ਅਤੇ ਉਹ ਕਦੇ ਵੀ, ਕਿਤੇ ਵੀ, ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਹੌਂਸਲਾ ਰੱਖਦੇ ਹਨ| ਅਜਿਹੇ ਵਿੱਚ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਪੁਲੀਸ ਫੋਰਸ ਨੂੰ ਵਧੇਰੇ ਚੌਕਸ ਕੀਤਾ ਜਾਵੇ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਜਾਂਚ ਮੁਹਿੰਮ ਚਲਾ ਕੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਜਿਹਨਾਂ ਵਲੋਂ ਇਸ ਖੇਤਰ ਵਿੱਚ ਆਪਣੇ ਪੱਕੇ ਟਿਕਾਣੇ ਬਣਾ ਲਏ ਗਏ ਹਨ|
ਇਸ ਸੰਬੰਧੀ ਪੁਲੀਸ ਦੇ ਖੁਫੀਆ ਤੰਤਰ ਨੂੰਵਧੇਰੇ ਸਰਗਰਮ ਕਰਨ ਅਤੇ ਅਜਿਹੇ ਵਿਅਕਤੀਆਂ ਦੇ ਖਿਲਾਫ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਨ ਦੀ ਲੋੜ ਹੈ| ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ  ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਚੋਣਾਂ ਦੇ ਇਸ ਮਾਹੌਲ ਵਿੱਚ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਕਾਇਮ ਰਹੇ ਅਤੇ ਛਹਿਰਵਾਸੀਆਂ ਦਾ ਪੁਲੀਸ ਤੇ ਭਰੋਸਾ ਬਣਿਆ ਰਹੇ ਇਸ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਪੁਲੀਸ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *