ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਹੁੰਦੀ  ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਕਾਬੂ ਕਰੇ ਪੁਲੀਸ

ਇਨਸਾਨ ਦੀ ਨਸ਼ੇ ਵਿੱਚ ਡੁੱਬਣ ਦੀ ਲਤ ਬਹੁਤ ਪੁਰਾਣੀ ਹੈ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਦੀ ਸਾਡੀ ਇਹ ਸਭਿਅਤਾ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਮਨੁੱਖ ਦਾ ਇਹਨਾਂ ਨਸ਼ਿਆਂ ਵਿੱਚ ਡੁੱਬਣ ਦਾ ਰੁਝਾਨ ਚਲਦਾ ਆ ਰਿਹਾ ਹੈ| ਚਾਰ ਮਹੀਨੇ ਪਹਿਲਾਂ ਹੋਈਆਂ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਮੌਕੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਵਿੱਚ ਸਰਕਾਰ ਦੀ ਨਾਕਾਮੀ ਦਾ ਮੁੱਦਾ ਬਹੁਤ ਮਜਬੂਤੀ ਨਾਲ ਉੱਠਿਆ ਸੀ ਅਤੇ ਕਾਂਗਰਸ ਪਾਰਟੀ ਵਲੋਂ ਇਹ ਵਾਇਦਾ ਕੀਤਾ ਗਿਆ ਸੀ ਕਿ ਪਾਰਟੀ ਵਲੋਂ ਸੱਤਾ ਵਿੱਚ ਆਉਣ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਨੂੰ ਕਾਬੂ ਕਰ ਲਿਆ ਜਾਵੇਗਾ| ਆਪਣੇ ਇਸ ਚੋਣ ਵਾਇਦੇ ਦਾ ਕਾਂਗਰਸ ਪਾਰਟੀ ਨੂੰ ਵੱਡਾ ਫਾਇਦਾ ਵੀ ਮਿਲਿਆ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਸਪਸ਼ਟ ਬਹੁਮਤ ਦੇ ਨਾਲ ਸੱਤਾ ਵਿੱਚ ਆਈ ਹੈ|
ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਹੀ ਆਮ ਲੋਕਾਂ ਵਿੱਚ ਇਹ ਭਰੋਸਾ ਵੀ ਜਾਗਿਆ ਸੀ ਕਿ ਨਵੀਂ ਸਰਕਾਰ ਵਲੋਂ ਸੂਬੇ ਵਿੱਚ ਬੁਰੀ ਤਰ੍ਹਾਂ ਗੰਭੀਰ ਹੋ ਚੁੱਕੀ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਗੰਭੀਰਤਾ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਸ਼ੁਰੂ ਸ਼ੁਰੂ ਵਿੱਚ ਪੁਲੀਸ ਵਲੋਂ ਵੱਖ ਵੱਖ ਵਿਅਕਤੀਆਂ ਨੂੰ ਨਸ਼ੇ ਵੇਚਣ ਦੇ ਇਲਜਾਮ ਹੇਠ ਕਾਬੂ ਵੀ ਕੀਤਾ ਗਿਆ ਸੀ| ਪਰੰਤੂ ਪੁਲੀਸ ਦੀ ਇਹ ਕਾਰਵਾਈ ਜਿੰਨੀ ਤੇਜੀ ਨਾਲ ਆਰੰਭ ਹੋਈ ਉੰਨੀ ਹੀ ਤੇਜੀ ਨਾਲ ਠੰਡੀ ਵੀ ਪੈ ਗਈ ਅਤੇ ਪਿਛਲੇ ਕੁੱਝ ਸਮੇਂ ਤੋਂ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਨੂੰ ਮਿਲਣ ਵਾਲੀ ਨਸ਼ੇ ਦੀ ਖੁਰਾਕ ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ ਜਿਸਦਾ ਅੰਦਾਜਾ ਸ਼ਹਿਰ ਵਿੱਚ ਨਸ਼ੇੜੀਆਂ ਦੀ ਲਗਾਤਾਰ ਵੱਧਦੀ ਗਿਣਤੀ ਨਾਲ ਲਗਾਇਆ ਜਾ ਸਕਦਾ ਹੈ|
ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਪੁਲੀਸ ਦੀ ਸਖਤੀ ਘੱਟ ਹੋਈ ਹੈ, ਸ਼ਹਿਰ ਵਿੱਚ ਨਸ਼ੇੜੀਆਂ ਨੂੰ ਲੋੜੀਂਦੇ ਹਰ ਤਰ੍ਹਾਂ ਦੇ ਨਸ਼ੇ ਦੀ ਉਪਲਬਧਤਾ ਵੀ ਆਮ  ਹੁੰਦੀ ਗਈ ਹੈ ਅਤੇ ਨਸ਼ਿਆਂ ਦੀ ਇਹ ਸਮੱਸਿਆ ਇੱਕ ਵਾਰ ਫੇਰ ਵੱਧਣ ਲੱਗ ਪਈ ਹੈ| ਨੌਜਵਾਨਾਂ ਵਿੱਚਲੀ ਨਸ਼ਿਆਂ ਦੀ ਇਹ ਆਦਤ ਜਿੱਥੇ ਉਹਨਾਂ ਨੂੰ  ਅੰਦਰੋਂ ਅੰਦਰ ਖੋਖਲਾ ਕਰਦੀ ਹੈ ਉੱਥੇ ਇਸ ਕਾਰਨ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ| ਪੁਲੀਸ ਵਲੋਂ ਸੂਬੇ ਵਿੱਚ ਚਲਦੇ ਨਸ਼ਿਆਂ ਦੇ ਕਾਰੋਬਾਰ ਤੇ ਕਾਬੂ ਕਰਨ ਸੰਬੰਧੀ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਇਹਨਾਂ ਨਸ਼ੇੜੀਆਂ ਦੀ ਵੱਧਦੀ ਗਿਣਤੀ ਪੁਲੀਸ ਦੇ ਇਹਨਾਂ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦੀ ਹੈ|
ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਤਾਂ ਆਮ ਹਨ ਹੀ (ਜਿਨ੍ਹਾਂ ਦੀ ਗਿਣਤੀ ਸਰਕਾਰੀ ਸਕੂਲਾਂ ਨਾਲੋਂ ਕਿਤੇ ਵੱਧ ਹੈ),  ਚਰਸ, ਅਫੀਮ, ਭੂਕੀ, ਗਾਂਜਾ, ਸਮੈਕ, ਕੋਕੀਨ, ਹੀਰੋਈਨ ਅਤੇ ਅਜਿਹੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੇ ਹਨ ਜਿਹੜੇ ਨਸ਼ੇੜੀਆਂ ਵਲੋਂ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ| ਇਹਨਾਂ ਤੋਂ ਇਲਾਵਾ ਦਵਾਈਆਂ ਦੀਆਂ ਦੁਕਾਨਾਂ ਵਿੱਚ ਵਿਕਣ ਵਾਲੀਆਂ ਕਈ ਦਵਾਈਆਂ ਅਜਿਹੀਆਂ ਹਨ ਜਿਹੜੀਆਂ ਸਿਰਫ ਨਸ਼ਾ ਕਰਨ ਲਈ ਹੀ ਵਿਕਦੀਆਂ ਹਨ| ਖਾਂਸੀ ਦੀਆਂ ਪੀਣ ਵਾਲੀਆਂ ਦਵਾਈਆਂ, ਦਰਦ ਦੇ ਕੈਪਸੂਲ, ਨੀਂਦ ਦੀਆਂ ਗੋਲੀਆਂ ਅਤੇ ਅਜਿਹੀਆਂ ਪਤਾ ਨਹੀਂ ਹੋਰ ਕਿੰਨੀਆਂ ਦਵਾਈਆਂ ਹਨ ਜਿਹੜੀਆਂ ਨਸ਼ੇੜੀਆਂ ਵਲੋਂ ਆਪਣੀ ਨਸ਼ੇ ਦੀ ਖੁਰਾਕ ਨੂੰ ਪੂਰਾ ਕਰਨ ਲਈ ਹੀ ਖਰੀਦੀਆਂ ਜਾਂਦੀਆਂ ਹਨ| ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ, ਪਾਰਕਾਂ ਦੇ ਕੋਨਿਆਂ ਅਤੇ ਮਾਰਕੀਟਾਂ ਦੀਆਂ ਪਾਰਕਿਗਾਂ ਅਤੇ ਗ੍ਰੀਨ ਬੈਲਟਾਂ ਵਿੱਚ ਡਿੱਗੀਆਂ ਪਈਆਂ ਅਜਿਹੀਆਂ ਪੀਣ ਵਾਲੀਆਂ ਦਵਾਈਆਂ ਦੀਆਂ ਖਾਲੀਆਂ ਸ਼ੀਸ਼ੀਆਂ (ਜਿਹਨਾਂ ਨੂੰ ਨਸ਼ੇੜੀਆਂ ਵਲੋਂ ਆਪਣੇ ਨਸ਼ੇ ਦੀ ਖੁਰਾਕ ਪੂਰੀ ਕਰਨ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ) ਦੀ ਵੱਧਦੀ ਗਿਣਤੀ ਇਹ ਜਾਹਿਰ ਕਰਦੀ ਹੈ ਕਿ ਸ਼ਹਿਰ ਵਿੱਚ ਨਸ਼ੇੜੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ|
ਪੁਲੀਸ ਫੋਰਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਢਿੱਲੀ ਪੈ ਚੁੱਕੀ ਕਾਰਵਾਈ ਨੂੰ ਨਵੇਂ ਸਿਰੇ ਤੋਂ ਤਿੱਖਾ ਅਤੇ ਅਸਰਦਾਰ ਬਣਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ ਅਤੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਨਵੇਂ ਸਿਰੇ ਤੋਂ ਆਪਣੇ ਟਿਕਾਣੇ ਕਾਇਮ ਕਰਨ ਵਾਲੇ ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਕੀਤਾ ਜਾਵੇ| ਇਸਦੇ ਨਾਲ ਨਾਲ ਸ਼ਹਿਰ ਵਿੱਚ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੇ ਰੂਪ ਵਿੱਚ ਨਸ਼ਿਆਂ ਦਾ ਸਾਮਾਨ ਵੇਚਣ ਵਾਲੇ ਅਜਿਹੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਆਪਣੇ ਪੇਸ਼ੇ ਨਾਲ ਖਿਲਵਾੜ ਕਰਦੇ ਹਨ ਅਤੇ ਆਪਣੇ ਮੁਨਾਫੇ ਦੇ ਲਾਲਚ ਵਿੱਚ ਨੋਜਵਾਨਾਂ ਵਿੱਚ ਨਸ਼ਿਆਂ ਦੇ ਰੂਪ ਵਿੱਚ ਜਹਿਰ ਵੇਚਦੇ ਹਨ| ਇਸ ਸੰਬੰਧੀ ਪੁਲੀਸ ਵਲੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਡੇ ਸਮਾਜ ਨੂੰ ਅੰਦਰ ਹੀ ਅੰਦਰ ਖੋਖਲਾ ਕਰਨ ਵਾਲੀ ਨਸ਼ਿਆਂ ਦੀ ਇਸ ਸਮੱਸਿਆ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *