ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਸ਼ੋਹਦਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਏ ਪੁਲੀਸ

ਸਾਡੇ ਸ਼ਹਿਰ ਨੂੰ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਹੇਠ ਰਹਿੰਦੀ ਆਈ ਹੈ| ਪਿਛਲੇ ਸਾਲਾਂ ਦੌਰਾਨ ਜਿਵੇਂ ਜਿਵੇਂ ਸਾਡੇ ਸ਼ਹਿਰ ਦਾ ਪਸਾਰ ਹੋਇਆ ਹੈ ਇੱਥੇ ਵਾਪਰਨ ਵਾਲੀਆਂ ਅਪਰਾਧਿਕ ਵਾਰਦਾਤਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਰਹੀ ਹੈ| ਇਸਦੇ ਨਾਲ ਨਾਲ ਸ਼ਹਿਰ ਵਿੱਚ ਵੱਧਦੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਸਵਾਲ ਖੜ੍ਹੇ ਕਰਦੀਆਂ ਹਨ ਜਿਹਨਾਂ ਕਾਰਨ ਆਮ ਸ਼ਹਿਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਹਾਵੀ ਹੁੰਦੀ ਹੈ| ਜੇਕਰ ਪੁਲੀਸ ਦੀ ਗੱਲ ਕਰੀਏ ਤਾਂ ਉਹ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਅਤੇ ਸ਼ਹਿਰ ਵਿੱਚ ਅਮਨ ਅਮਾਨ ਹੋਣ ਦੇ ਲੰਬੇ ਚੌੜੇ ਦਾਅਵੇ ਤਾਂ ਕਰਦੀ ਹੈ ਪਰੰਤੂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਦੇ ਹਨ|
ਸ਼ਹਿਰ ਵਿੱਚ ਖਰਮਸਤੀਆਂ ਕਰਨ ਵਾਲੇ ਨੌਜਵਾਨਾਂ ਦੇ ਕੁੱਝ ਟੋਲੋ (ਜਿਹਨਾਂ ਵਿੱਚੋਂ ਜਿਆਦਾਤਰ ਸ਼ਹਿਰ ਵਿੱਚ ਪੀ ਜੀ ਵਜੋਂ ਰਹਿੰਦੇ ਨੌਜਵਾਨ ਹੁੰਦੇ ਹਨ) ਅਜਿਹੇ ਹਨ ਜਿਹੜੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਦਾ ਮਜਾਕ ਉੜਾਉਂਦੇ ਦਿਸਦੇ ਹਨ| ਆਪਣੇ ਘਰ ਪਰਿਵਾਰ ਤੋਂ ਦੂਰ ਆ ਕੇ ਸ਼ਹਿਰ ਵਿੱਚ ਕਿਸੇ ਥਾਂ ਪੀ ਜੀ ਵਜੋਂ ਰਹਿਣ ਵਾਲੇ ਇਹਨਾਂ ਨੌਜਵਾਨਾਂ ਉੱਪਰ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਾ ਹੋਣ ਕਾਰਨ ਇਹ ਪੂਰੀ ਤਰ੍ਹਾਂ ਬੇਲਗਾਮ ਨਜਰ ਆਉਂਦੇ ਹਨ| ਨੌਜਵਾਨਾਂ ਦੇ ਇਹ ਟੋਲੇ ਅਕਸਰ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਮਾਰਕੀਟਾਂ ਵਿੱਚ ਲੱਗਦੀਆਂ ਖਾਣ ਪੀਣ ਦੇ ਸਾਮਾਨ ਦੀਆਂ ਰੇਹੜੀਆਂ ਤੇ ਇਹਨਾਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ ਜਿੱਥੇ ਇਹ ਜਮਘਟ ਜਿਹਾ ਲਗਾ ਲੈਂਦੇ ਹਨ ਅਤੇ ਆਊਣ ਜਾਣ ਵਾਲੇ ਲੋਕਾਂ ਨੂੰ ਟਿਚਰਾਂ ਕਰਦੇ ਹਨ|
ਨੌਜਵਾਨਾਂ ਦੇ ਇਹ ਟੋਲੇ ਜਦੋਂ ਅਚਾਨਕ ਆਪਣੇ ਨੇੜਿਓਂ ਲੰਘਦੇ ਕਿਸੇ ਅਨਜਾਣ ਵਿਅਕਤੀ (ਜਾਂ ਲੜਕੀ) ਨੂੰ ਵੇਖ ਕੇ ਅਚਾਨਕ ਠਹਾਕਾ ਲਗਾ ਕੇ ਹੱਸਣ ਲੱਗ ਜਾਂਦੇ ਹਨ ਜਾਂ ਹੋਰ ਕੋਈ ਸ਼ਰਾਰਤ ਕਰਦੇ ਹਨ ਤਾਂ ਇਸ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ| ਨੌਜਵਾਨਾਂ ਦੇ ਇਹਨਾਂ ਟੋਲਿਆਂ ਦੀਆਂ ਇਹ ਖਰਮਸਤੀਆਂ ਸ਼ਹਿਰ ਦੇ ਮਾਹੌਲ ਨੂੰ ਪ੍ਰਭਾਵਿਤ ਕਰਦੀਆਂ ਹਨ| ਜੇਕਰ ਕੋਈ ਇਹਨਾਂ ਦਾ ਵਿਰੋਧ ਕਰੇ ਤਾਂ ਇਹ ਅੱਗੋ ਲੜਣ ਨੂੰ ਪੈਂਦੇ ਹਨ| ਇਹਨਾਂ ਨੌਜਵਾਨਾਂ ਵਲੋਂ ਮਾਰਕੀਟਾਂ ਵਿੱਚ ਆਉਣ ਵਾਲੀਆਂ ਮਹਿਲਾਵਾਂ ਅਤੇ ਨੌਜਵਾਨ ਕੁੜੀਆਂ ਨਾਲ ਛੇੜਛਾੜ ਕਰਨ ਦੀਆਂ ਸ਼ਿਕਾਇਤਾਂ ਤਾਂ ਆਮ ਹਨ ਹੀ, ਇਹਨਾਂ ਵਿੱਚ ਹੋਣ ਵਾਲੇ ਆਪਸੀ ਝਗੜਿਆਂ ਕਾਰਨ ਵੀ ਸ਼ਹਿਰ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ|
ਨੌਜਵਾਨਾਂ ਦੇ ਇਹਨਾਂ ਟੋਲਿਆਂ ਨੂੰ ਸ਼ਹਿਰ ਦੀਆਂ ਸੜਕਾਂ ਤੇ ਖੁੱਲੀਆਂ ਜੀਪਾਂ ਅਤੇ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਭਲਵਾਨੀ ਗੇੜੀਆਂ ਮਾਰਦੇ ਵੀ ਆਮ ਵੇਖਿਆ ਜਾ ਸਕਦਾ ਹੈ| ਇਹਨਾਂ ਵਲੋਂ ਆਪਣੇ ਵਾਹਨਾਂ ਵਿੱਚ ਪ੍ਰੈਸ਼ਰ ਹਾਰਨ ਲਗਾਏ ਹੁੰਦੇ ਹਨ ਜਿਹੜੇ ਜਦੋਂ ਵੱਜਦੇ ਹਨ ਤਾਂ ਸੜਕ ਤੇ ਚਲਦੇ ਲੋਕਾਂ ਦੀ ਜਾਨ ਕੱਢਣ ਤਕ ਜਾਂਦੇ ਹਨ| ਇਹਨਾਂ ਦੇ ਮੋਟਰ ਸਾਈਕਲਾਂ ਦੇ ਸਾਈਲੈਂਸਰ ਅਜਿਹੇ ਹਨ ਜਿਹੜੇ ਪਟਾਕੇ ਮਾਰਦੇ ਹਨ ਅਤੇ ਗੋਲੀਆਂ ਦੀ ਆਵਾਜ ਦਾ ਭੁਲੇਖਾ ਪਾਉਂਦੇ ਹਨ| ਸੜਕਾਂ ਤੇ ਮੋਟਰਸਾਈਕਲਾਂ ਅਤੇ ਖੁੱਲੀਆਂ ਜੀਪਾਂ ਤੇ ਸਵਾਰ ਹੋ ਕੇ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਮਚਾਉਣ ਵਾਲੇ ਇਹ ਨੌਜਵਾਨ ਸ਼ਹਿਰ ਦੀਆਂ ਗਲੀਆਂ ਵਿੱਚ ਵੀ ਆਪਣੀ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਹਨ ਅਤੇ ਇਸ ਕਾਰਨ ਲੋਕਾਂ ਦਾ ਕਾਨੂੰਨ ਵਿਵਸਥਾ ਤੋਂ ਭਰੋਸਾ ਵੀ ਡੋਲਦਾ ਹੈ|
ਪੁਲੀਸ ਫੋਰਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਅਜਿਹੇ ਬੇਲਗਾਮ ਸ਼ੋਹਦਿਆਂ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਸ਼ਹਿਰ ਵਿੱਚ ਖਰਮਸਤੀਆਂ ਕਰਨ ਵਾਲੇ ਇਹਨਾਂ ਨੌਜਵਾਨਾਂ ਨੂੰ ਇਹ ਗੱਲ ਸਖਤੀ ਨਾਲ ਸਮਝਾਈ ਜਾਣੀ ਚਾਹੀਦੀ ਹੈ ਕਿ ਉਹਨਾਂ ਲਈ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਉਹਨਾਂ ਦੀ ਇਸ ਕਾਰਵਾਈ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਜਿਲ੍ਹੇ ਦੇ ਪੁਲੀਸ ਮੁਖੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਵਿੱਚ ਖਰਮਸਤੀਆਂ ਕਰਨ ਵਾਲੇ ਨੌਜਵਾਨਾਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭਣ| ਸਿਰਫ ਸਖਤ ਕਾਰਵਾਈ ਦਾ ਡਰ ਹੀ ਇਹਨਾਂ ਸ਼ੋਹਦਿਆਂ ਨੂੰ ਕਾਬੂ ਵਿੱਚ ਕਰਨ ਦਾ ਸਮਰਥ ਹੋ ਸਕਦਾ ਹੈ ਅਤੇ ਇਸ ਸੰਬੰਧੀ ਪੁਲੀਸ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ| ਸ਼ਹਿਰ ਵਾਸੀਆਂ ਦਾ ਕਾਨੂੰਨ ਵਿਵਸਥਾ ਵਿੱਚ ਭਰੋਸਾ ਬਹਾਲ ਕਰਨ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਪੁਲੀਸ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *