ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਸ਼ੋਹਦਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਏ ਪੁਲੀਸ

ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿ-ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਸਾਡੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਸਦਾ ਹੀ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਆਈ ਹੈ| ਪਿਛਲੇ ਸਾਲਾਂ ਦੌਰਾਨ ਜਿਵੇਂ ਜਿਵੇਂ ਸਾਡੇ ਸ਼ਹਿਰ ਦਾ ਪਸਾਰ ਹੋਇਆ ਹੈ ਇੱਥੇ ਵਾਪਰਨ ਵਾਲੀਆਂ ਅਪਰਾਧਿਕ ਵਾਰਦਾਤਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਰਹੀ ਹੈ| ਜੇਕਰ ਪੁਲੀਸ ਦੀ ਗੱਲ ਕਰੀਏ ਤਾਂ ਉਹ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਅਤੇ ਸ਼ਹਿਰ ਵਿੱਚ ਅਮਨ ਅਮਾਨ ਹੋਣ ਦੇ ਲੰਬੇ ਚੌੜੇ ਦਾਅਵੇ ਤਾਂ ਕਰਦੀ ਹੈ ਪਰੰਤੂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਅਸਲ ਤਸਵੀਰ ਕੁੱਝ ਹੋਰ ਹੀ ਕਹਾਣੀ ਬਿਆਨ ਕਰਦੀ ਹੈ|
ਸਾਡੇ ਸ਼ਹਿਰ ਵਿੱਚ ਨੌਜਵਾਨਾਂ ਦੇ ਅਜਿਹੇ ਟੋਲੇ ਆਮ ਨਜਰ ਆ ਜਾਂਦੇ ਹਨ ਜਿਹਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਗੁੰਡਾਗਰਦੀ ਦੇ ਪੱਧਰ ਨੂੰ ਪਾਰ ਕਰਨ ਵਾਲੀਆਂ ਹੁੰਦੀਆਂ ਹਨ ਅਤੇ ਇਹਨਾਂ ਕਾਰਨ ਆਮ ਸ਼ਹਿਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਵੱਧਦੀ ਹੈ| ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਖਰਮਸਤੀਆਂ ਕਰਨ ਵਾਲੇ ਨੌਜਵਾਨਾਂ ਦੇ ਇਹ ਟੋਲੇ (ਜਿਹਨਾਂ ਵਿੱਚੋਂ ਜਿਆਦਾਤਰ ਸ਼ਹਿਰ ਵਿੱਚ ਪੀ ਜੀ ਵਜੋਂ ਰਹਿੰਦੇ ਨੌਜਵਾਨ ਹੁੰਦੇ ਹਨ) ਅਕਸਰ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਦਾ ਮਜਾਕ ਉੜਾਉਂਦੇ ਦਿਸਦੇ ਹਨ| ਆਪਣੇ ਘਰ ਪਰਿਵਾਰ ਤੋਂ ਦੂਰ ਆ ਕੇ ਸ਼ਹਿਰ ਵਿੱਚ ਕਿਸੇ ਥਾਂ ਪੀ ਜੀ ਵਜੋਂ ਰਹਿੰਦੇ ਹੋਣ ਕਾਰਨ ਇਹਨਾਂ ਉੱਪਰ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਹੁੰਦੀ ਅਤੇ ਉੱਪਰੋਂ ਸਿਰ ਚੜ੍ਹਿਆ ਜਵਾਨੀ ਦਾ ਜਨੂਨ ਉਹਨਾਂ ਨੂੰ ਹਰ ਵੇਲੇ ਕਿਸੇ ਨਾਲ ਟੱਕਰ ਲੈਣ ਵਾਸਤੇ ਪ੍ਰੇਰਿਤ ਕਰਦਾ ਰਹਿਦਾ ਹੈ ਅਤੇ ਇਹ ਪੂਰੀ ਤਰ੍ਹਾਂ ਬੇਲਗਾਮ ਹੋ ਜਾਂਦੇ ਹਨ|
ਅਜਿਹੇ ਨੌਜਵਾਨਾਂ ਦੇ ਟੋਲਿਆਂ ਨੂੰ ਸ਼ਹਿਰ ਦੀਆਂ ਸੜਕਾਂ ਤੇ ਖੁੱਲੀਆਂ ਜੀਪਾਂ ਅਤੇ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਸ਼ਹਿਰ ਵਿੱਚ ਭਲਵਾਨੀ ਗੇੜੀਆਂ ਮਾਰਦੇ ਆਮ ਵੇਖਿਆ ਜਾ ਸਕਦਾ ਹੈ| ਇਹਨਾਂ ਟੋਲਿਆਂ ਵਲੋਂ ਆਪਣੇ ਵਾਹਨਾਂ ਵਿੱਚ ਪ੍ਰੈਸ਼ਰ ਹਾਰਨ ਲਗਾਏ ਜਾਂਦੇ ਹਨ ਜਿਹੜੇ ਜਦੋਂ ਵੱਜਦੇ ਹਨ ਤਾਂ ਸੜਕ ਤੇ ਚਲਦੇ ਲੋਕਾਂ ਦੀ ਜਾਨ ਕੱਢਣ ਤਕ ਜਾਂਦੇ ਹਨ| ਇਹਨਾਂ ਦੇ ਮੋਟਰ ਸਾਈਕਲਾਂ ਦੇ ਸਾਈਲੈਂਸਰ ਅਜਿਹੇ ਹਨ ਜਿਹੜੇ ਪਟਾਕੇ ਮਾਰਦੇ ਹਨ ਅਤੇ ਗੋਲੀਆਂ ਦੀ ਆਵਾਜ ਦਾ ਭੁਲੇਖਾ ਪਾਉਂਦੇ ਹਨ ਅਤੇ ਇਸ ਕਾਰਨ ਲੋਕਾਂ ਵਿੱਚ ਅਸੁਰਖਿਆ ਦੀ ਭਾਵਨਾ ਵੀ ਵੱਧਦੀ ਹੈ|
ਨੌਜਵਾਨਾਂ ਦੇ ਇਹ ਟੋਲੇ ਅਕਸਰ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਇਕੱਠੇ ਹੋ ਜਾਂਦੇ ਹਨ| ਸ਼ਾਮ ਵੇਲੇ ਮਾਰਕੀਟਾਂ ਵਿੱਚ ਲੱਗਦੀਆਂ ਖਾਣ ਪੀਣ ਦੇ ਸਾਮਾਨ ਦੀਆਂ ਦੁਕਾਨਾਂ ਦੇ ਆਸਪਾਸ ਇਹਨਾਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ ਜਿੱਥੇ ਇਹ ਜਮਘਟ ਲਗਾ ਲੈਂਦੇ ਹਨ ਅਤੇ ਅਕਸਰ ਆਊਣ ਜਾਣ ਵਾਲੇ ਲੋਕਾਂ ਨੂੰ ਟਿਚਰਾਂ ਕਰਦੇ ਹਨ| ਇਹਨਾਂ ਵਲੋਂ ਕਿਸੇ ਅਣਜਾਣ ਵਿਅਕਤੀ (ਜਾਂ ਕੁੜੀ) ਨੂੰ ਵੇਖ ਕੇ ਅਚਾਨਕ ਠਹਾਕਾ ਲਗਾ ਕੇ ਹੱਸ ਪੈਣਾ ਜਾਂ ਅਜਿਹੀਆਂ ਹੋਰ ਸ਼ਰਾਰਤਾਂ ਕੀਤੀਆਂ ਜਾਣੀਆਂ ਆਮ ਹਨ ਅਤੇ ਇਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ| ਜੇਕਰ ਕੋਈ ਇਹਨਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਅੱਗੋ ਲੜਣ ਨੂੰ ਪੈਂਦੇ ਹਨ ਅਤੇ ਇਹਨਾਂ ਦੀਆਂ ਖਰਮਸਤੀਆਂ ਸਾਰੀਆਂ ਹੱਦਾਂ ਟੱਪਣ ਤਕ ਜਾਂਦੀਆਂ ਹਨ| ਇਹਨਾਂ ਨੌਜਵਾਨਾਂ ਵਲੋਂ ਮਾਰਕੀਟਾਂ ਵਿੱਚ ਆਉਣ ਵਾਲੀਆਂ ਮਹਿਲਾਵਾਂ ਅਤੇ ਨੌਜਵਾਨ ਕੁੜੀਆਂ ਨਾਲ ਛੇੜਛਾੜ ਕਰਨ ਦੀਆਂ ਸ਼ਿਕਾਇਤਾਂ ਤਾਂ ਆਮ ਹਨ ਹੀ, ਇਹਨਾਂ ਵਿੱਚ ਹੋਣ ਵਾਲੇ ਆਪਸੀ ਝਗੜਿਆਂ ਕਾਰਨ ਵੀ ਸ਼ਹਿਰ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ| ਇਹਨਾਂ ਸ਼ੋਹਦਿਆਂ ਦੀ ਆੜ ਵਿੱਚ ਕਈ ਅਪਰਾਧਿਕ ਤੱਤ ਵੀ ਸ਼ਾਮਿਲ ਹੋ ਜਾਂਦੇ ਹਨ ਜਿਹੜੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਇਹ ਜਰੂਰੀ ਹੈ ਕਿ ਪੁਲੀਸ ਵਲੋਂ ਅਜਿਹੇ ਬੇਲਗਾਮ ਸ਼ੋਹਦਿਆਂ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ| ਸ਼ਹਿਰ ਵਿੱਚ ਖਰਮਸਤੀਆਂ ਕਰਨ ਵਾਲੇ ਇਹਨਾਂ ਨੌਜਵਾਨਾਂ ਨੂੰ ਇਹ ਗੱਲ ਸਖਤੀ ਨਾਲ ਸਮਝਾਈ ਜਾਣੀ ਚਾਹੀਦੀ ਹੈ ਕਿ ਉਹਨਾਂ ਲਈ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਉਹਨਾਂ ਦੀ ਇਸ ਕਾਰਵਾਈ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਜਿਲ੍ਹੇ ਦੇ ਪੁਲੀਸ ਮੁਖੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਵਿੱਚ ਖਰਮਸਤੀਆਂ ਕਰਨ ਵਾਲੇ ਅਜਿਹੇ ਨੌਜਵਾਨਾਂ ਤੇ ਕਾਬੂ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਆਰੰਭਣ| ਸਿਰਫ ਸਖਤ ਕਾਰਵਾਈ ਦਾ ਡਰ ਹੀ ਇਹਨਾਂ ਸ਼ੋਹਦਿਆਂ ਨੂੰ ਕਾਬੂ ਵਿੱਚ ਕਰਨ ਦਾ ਸਮਰਥ ਹੋ ਸਕਦਾ ਹੈ ਅਤੇ ਇਸ ਸੰਬੰਧੀ ਪੁਲੀਸ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ| ਸ਼ਹਿਰ ਵਾਸੀਆਂ ਦਾ ਕਾਨੂੰਨ ਵਿਵਸਥਾ ਵਿੱਚ ਭਰੋਸਾ ਬਹਾਲ ਕਰਨ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਇਸ ਸੰਬੰਧੀ ਪੁਲੀਸ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *