ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਚਲਦੀਆਂ ਸਕੂਲ ਬਸਾਂ ਤੇ ਰੋਕ ਲਗਾਏ ਪ੍ਰਸ਼ਾਸ਼ਨ

ਸਾਡੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਵੱਖ ਵੱਖ ਸਕੂਲਾਂ ਦੀਆਂ ਛੋਟੀਆਂ ਬਸਾਂ ਆਮ ਦਿਖ ਜਾਂਦੀਆਂ ਹਨ| ਸ਼ਹਿਰ ਦੇ ਦੇ ਵੱਖ ਵੱਖ ਫੇਜ਼ਾਂ ਵਿੱਚਲੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਣ ਵਾਲੇ ਬੱਚਿਆਂ ਨੂੰ ਘਰ ਤੋਂ ਸਕੂਲ ਲਿਆਉਣ ਅਤੇ ਵਾਪਸ ਉਹਨਾਂ ਦੇ ਘਰ ਤਕ ਛੱਡਣ ਵਾਸਤੇ ਇਹ ਸਕੂਲ ਬਸਾਂ (ਜਿਹਨਾਂ ਵਲੋਂ ਲੋਕਾਂ ਦੇ ਘਰ ਦੇ ਬਾਹਰ ਤੋਂ ਬੱਚੇ ਲਿਜਾਏ ਅਤੇ ਵਾਪਸ ਪਹੁੰਚਾਏ ਜਾਂਦੇ ਹਨ) ਚਲਾਈਆਂ ਜਾਂਦੀਆਂ ਹਨ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਲੋਕਾਂ ਦੇ ਘਰ ਦੇ ਦਰਵਾਜੇ ਤਕ ਜਾ ਕੇ ਸਕੂਲੀ ਬੱਚਿਆਂ ਨੂੰ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਈ ਜਾਂਦੀ ਹੈ ਪਰੰਤੂ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਂਪਿਆਂ ਨੂੰ ਮਿਲਣ ਵਾਲੀ ਇਹ ਸਹੂਲੀਅਤ ਹੋਰਨਾਂ ਲੋਕਾਂ ਵਾਸਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ|
ਸ਼ਹਿਰ ਵਿੱਚ ਚਲਣ ਵਾਲੀਆਂ ਵੱਖ ਵੱਖ ਸਕੂਲਾਂ ਦੀਆਂ ਇਹਨਾਂ ਬਸਾਂ ਦੇ ਚਾਲਕਾਂ ਤੋਂ ਸ਼ਹਿਰ ਵਾਸੀਆਂ ਨੂੰ ਢੇਰਾਂ ਸ਼ਿਕਾਇਤਾਂ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਵੇਖਿਆ ਜਾ ਸਕਦਾ ਹੈ| ਇਹਨਾਂ ਸਕੂਲ ਬਸਾਂ ਵਿੱਚੋਂ ਜਿਆਦਾਤਰ ਦੇ ਡ੍ਰਾਈਵਰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਮਾੜੀ ਜਿਹੀ ਵੀ ਅਣਗਹਿਲੀ ਬਸ ਵਿੱਚ ਬੈਠੇ ਸਕੂਲੀ ਬੱਚਿਆਂ ਲਈ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ| ਇਹਨਾਂ ਸਕੂਲੀ ਬੱਸਾਂ ਵਿੱਚੋਂ ਜਿਆਦਾਤਰ ਦੇ ਚਾਲਕ ਬਹੁਤ ਜਿਆਦਾ ਤੇਜ ਰਫਤਾਰ ਨਾਲ ਬੱਸਾਂ ਚਲਾਉਂਦੇ ਹਨ ਅਤੇ ਸ਼ਹਿਰ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਅਤੇ ਤੰਗ ਗਲੀਆਂ ਤਕ ਵਿੱਚ ਵੀ ਇਹਨਾਂ ਨੂੰ ਇੱਕ ਦੂਜੇ ਨਾਲ ਰੇਸ ਲਗਾਉਂਦਿਆਂ ਆਮ ਵੇਖਿਆ ਜਾ ਸਕਦਾ ਹੈ|
ਇੱਕ ਤਾਂ ਸ਼ਹਿਰ ਦੇ ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ ਪਹਿਲਾਂ ਹੀ ਕਾਫੀ ਤੰਗ ਹਨ ਅਤੇ ਰਹਿੰਦੀ ਕਸਰ ਸੜਕਾਂ ਦੇ ਕਿਨਾਰੇ ਖੜ੍ਹਣ ਵਾਲੇ ਵਾਹਨਾਂ ਨਾਲ ਪੂਰੀ ਹੋ ਜਾਂਦੀ ਹੈ| ਅਜਿਹੀ ਹਾਲਤ ਵਿੱਚ ਜਦੋਂ ਇਹ ਸਕੂਲ ਬਸਾਂ ਰਿਹਾਇਸ਼ੀ ਖੇਤਰ ਦੀਆਂ ਗਲੀਆਂ ਵਿੱਚ ਦਾਖਿਲ ਹੁੰਦੀਆਂ ਹਨ ਤਾਂ ਆਮ ਲੋਕਾਂ ਨੂੰ ਹੋਰ ਵੀ ਜਿਆਦਾ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ| ਪੂਰੀ ਗਲੀ ਨੂੰ ਘੇਰ ਕੇ ਚਲਣ ਵਾਲੀ ਅਜਿਹੀ ਕਿਸੇ ਬਸ ਬਾਰੇ ਉਸਦੇ ਪਿੱਛੇ ਆਉਣ ਵਾਲੇ ਵਾਹਨ ਚਾਲਕ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜਾ ਨਹੀਂ ਹੁੰਦਾ ਕਿ ਉਹ ਅਚਾਨਕ ਕਿੱਥੇ ਰੁਕ ਕੇ ਬੱਚੇ ਚੜ੍ਹਾਉਣ ਜਾਂ ਲਾਹੁਣ ਲੱਗ ਜਾਵੇਗੀ ਅਤੇ ਪਿੱਛੋਂ ਆਊਣ ਵਾਲੇ ਵਾਹਨ ਵੀ ਮਜਬੂਰੀ ਵਿੱਚ ਉੰਨੀ ਦੇਰ ਤਕ ਰੁਕਣ ਵਾਸਤੇ ਮਜਬੂਰ ਹੋ ਜਾਂਦੇ ਹਨ ਜਦੋਂ ਤਕ ਇਹ ਬਸ ਨਹੀਂ ਤੁਰਦੀ|
ਇਸ ਸੰਬੰਧੀ ਸਥਾਨਕ ਪ੍ਰਸ਼ਾਸ਼ਨ ਵਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਆਮ ਲੋਕਾਂ ਦੀ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾਂਦੀ ਹੈ ਅਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ| ਜੇਕਰ ਇਸ ਸੰਬੰਧੀ ਪ੍ਰਸ਼ਾਸ਼ਨ ਦੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸ਼ਨ ਵਲੋਂ ਨਾ ਤਾਂ ਇਹਨਾਂ ਸਕੂਲ ਬਸਾਂ ਦੇ ਅੰਦਰੂਨੀ ਸੜਕਾਂ ਤੇ ਦਾਖਲੇ ਤੇ ਰੋਕ ਲਗਾਉਣ ਲਈ ਕੋਈ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਇਹਨਾਂ ਸਕੂਲ ਬਸਾਂ ਦੇ ਡ੍ਰਾਈਵਰਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ ਅਤੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ (ਗਲੀਆਂ) ਵਿੱਚ ਚਲਦੀਆਂ ਇਹ ਸਕੂਲੀ ਬਸਾਂ ਆਮ ਲੋਕਾਂ ਵਾਸਤੇ ਪਰੇਸ਼ਾਨੀ ਦਾ ਕਾਰਣ ਬਣਦੀਆਂ ਰਹਿੰਦੀਆਂ ਹਨ|
ਹਾਲਾਂਕਿ ਪ੍ਰਸ਼ਾਸ਼ਨ ਵਲੋਂ ਕਦੇ ਕਦਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਅੰਦਰੂਨੀ ਸੜਕਾਂ ਤੇ ਦਾਖਿਲ ਹੋਣ ਵਾਲੀਆਂ ਇਹਨਾਂ ਸਕੂਲੀ ਬਸਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਂਦੀ ਹੈ ਅਤੇ ਇਸ ਸੰਬੰਧੀ ਸਕੂਲੀ ਬਸਾਂ ਦੇ ਚਾਲਕਾਂ ਵਲੋਂ ਕੀਤੀਆਂ ਜਾਣ ਵਾਲੀਆਂ ਆਪਹੁਦਰੀਆਂ ਲਈ ਸਕੂਲਾਂ ਦੇ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਉਣ ਦੀ ਗੱਲ ਕੀਤੀ ਗਈ ਸੀ ਪਰੰਤੂ ਇਹਨਾਂ ਬਸਾਂ ਦੇ ਚਾਲਕਾਂ ਉੱਪਰ ਇਸਦਾ ਕੋਈ ਅਸਰ ਨਹੀਂ ਹੋਇਆ| ਜਿੱਥੋਂ ਤਕ ਸਕੂਲਾਂ ਦੇ ਪ੍ਰਬੰਧਕਾਂ ਦੀ ਗੱਲ ਹੈ ਤਾਂ ਉਹਨਾਂ ਵਿੱਚੋਂ ਜਿਆਦਾਤਰ ਨੇ ਕਿਸੇ ਨਾ ਕਿਸੇ ਵਿਅਕਤੀ ਨੂੰ ਇਹਨਾਂ ਬਸਾਂ ਦੀ ਆਵਾਜਾਈ ਦਾ ਠੇਕਾ ਦਿੱਤਾ ਹੁੰਦਾ ਹੈ ਅਤੇ ਉਹ ਇਹਨਾਂ ਬਸਾਂ ਦੇ ਡ੍ਰਾਈਵਰਾਂ ਉੱਪਰ ਕੋਈ ਸਿੱਧਾ ਕਾਬੂ ਨਾ ਹੋਣ ਦੀ ਗੱਲ ਕਹਿ ਕੇ ਆਪਣੀ ਜਿੰਮੇਵਾਰੀ ਤੋਂ ਹੱਥ ਝਾੜ ਲੈਂਦੇ ਹਨ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰੇ| ਇਸ ਸੰਬੰਧੀ ਅਜਿਹੇ ਤਮਾਮ ਸਕੂਲਾਂ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਪੱਤਰ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ  ਸ਼ਹਿਰ ਦੀਆਂ ਅੰਦਰੂਨੀ ਸੜਕਾਂ ਵਿੱਚ ਇਹਨਾਂ ਸਕੂਲ ਬਸਾਂ ਦੇ ਦਾਖਲੇ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ| ਇਸਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਸ ਚਾਲਕਾਂ ਵਿਰੁੱਧ ਸਖਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ|

Leave a Reply

Your email address will not be published. Required fields are marked *